ਵਾਰਡ ਨੰਬਰ 9 ’ਚ ਸੀਵਰੇਜ ਸਕਸ਼ਨ ਮਸ਼ੀਨ ਮੁਹੱਈਆ ਕਰਵਾਉਣ ਦੀ ਮੰਗ ਵਾਰਡ ਨੰਬਰ 9 ਵਿੱਚ ਸੀਵਰੇਜ ਸਕਸ਼ਨ ਮਸ਼ੀਨ ਮੁਹੱਈਆ ਕਰਵਾਉਣ ਦੀ ਮੰਗ
Publish Date: Wed, 26 Aug 2026 07:00 PM (IST)
Updated Date: Wed, 26 Aug 2026 07:04 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ :ਵਾਰਡ ਨੰਬਰ 9 ਵਿੱਚ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਚੱਲ ਰਹੀ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਨਗਰ ਕੌਂਸਲ ਨੰਗਲ ਦੀ ਹੋਈ ਮੀਟਿੰਗ ਦੌਰਾਨ ਮਿਊਂਸਪਲ ਕੌਂਸਲਰ ਇੰਦੂ ਬਾਲਾ ਨੇ ਜ਼ੋਰਦਾਰ ਆਵਾਜ਼ ਉਠਾਈ। ਉਨ੍ਹਾਂ ਕਿਹਾ ਕਿ ਵਾਰਡ ਅਧੀਨ ਆਉਂਦੇ ਬੀਬੀਐਮਬੀ ਦੇ ਜੀ ਬਲਾਕ, ਐਚ ਬਲਾਕ, ਡਬਲ ਏਏ ਬਲਾਕ ਆਦਿ ਖੇਤਰਾਂ ਵਿੱਚ ਸੀਵਰੇਜ ਅਤੇ ਸਫ਼ਾਈ ਲਈ ਸਕਸ਼ਨ ਮਸ਼ੀਨ/ਟੈਂਕਰ ਅਤੇ ਹੋਰ ਲੋੜੀਂਦੀ ਮਸ਼ੀਨਰੀ ਨਿਯਮਤ ਤੌਰ ’ਤੇ ਉਪਲਬਧ ਨਾ ਹੋਣ ਕਾਰਨ ਵਾਰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਦੂ ਬਾਲਾ ਨੇ ਦੱਸਿਆ ਕਿ ਸੀਵਰੇਜ ਓਵਰਫਲੋ ਹੋਣ ਅਤੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਵਾਰਡ ਨੰਬਰ 9 ਵਿੱਚ ਘੱਟੋ-ਘੱਟ ਹਫ਼ਤੇ ਵਿੱਚ ਇੱਕ ਵਾਰ ਸੀਵਰੇਜ ਸਕਸ਼ਨ ਮਸ਼ੀਨ/ਟੈਂਕਰ ਨਿਯਮਤ ਤੌਰ ’ਤੇ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਸੀਵਰੇਜ ਪ੍ਰਬੰਧ ਸੁਚਾਰੂ ਬਣਿਆ ਰਹੇ ਅਤੇ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਸਬੰਧੀ ਇੰਦੂ ਬਾਲਾ ਨੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਮੰਗ-ਪੱਤਰ ਸੌਂਪਦਿਆਂ ਸਮੱਸਿਆ ਦਾ ਜਲਦ ਹੱਲ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਦੀਆਂ ਬੁਨਿਆਦੀ ਸਹੂਲਤਾਂ ਨਾਲ ਜੁੜੇ ਇਸ ਗੰਭੀਰ ਮਸਲੇ ’ਤੇ ਨਗਰ ਕੌਂਸਲ ਨੂੰ ਪਹਿਲ ਦੇ ਆਧਾਰ ’ਤੇ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਉਮੀਦ ਜਤਾਈ ਕਿ ਨਗਰ ਕੌਂਸਲ ਵੱਲੋਂ ਜਲਦ ਹੀ ਲੋੜੀਂਦੀ ਮਸ਼ੀਨਰੀ ਉਪਲਬਧ ਕਰਵਾ ਕੇ ਵਾਰਡ ਨੰਬਰ 9 ਦੇ ਵਸਨੀਕਾਂ ਨੂੰ ਸੀਵਰੇਜ ਦੀ ਸਮੱਸਿਆ ਤੋਂ ਰਾਹਤ ਦਿਵਾਈ ਜਾਵੇਗੀ।