ਐੱਚਪੀ ਗੈਸ ਵੱਲੋਂ 10 ਕਿਲੋ ਦਾ ਫਾਈਬਰ ਸਿਲੰਡਰ ਜਾਰੀ
ਉਪਭੋਗਤਾਵਾਂ ਦੀ ਸਹੂਲਤ ਲਈ ਐਚਪੀ ਗੈਸ ਵੱਲੋਂ 10 ਕਿਲੋ ਦਾ ਫਾਈਬਰ ਸਿਲੰਡਰ ਜਾਰੀ
Publish Date: Wed, 26 Aug 2026 04:26 PM (IST)
Updated Date: Wed, 26 Aug 2026 04:28 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ: ਉਪਭੋਗਤਾਵਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਐਚਪੀ ਗੈਸ ਏਜੰਸੀ ਵੱਲੋਂ 10 ਕਿਲੋ ਸਮਰੱਥਾ ਵਾਲਾ ਫਾਈਬਰ ਗੈਸ ਸਿਲੰਡਰ ਜਾਰੀ ਕੀਤਾ ਗਿਆ ਹੈ। ਇਹ ਸਿਲੰਡਰ ਆਮ ਘਰੇਲੂ ਗੈਸ ਸਿਲੰਡਰ ਦੇ ਮੁਕਾਬਲੇ ਹਲਕਾ ਹੋਣ ਦੇ ਨਾਲ-ਨਾਲ ਰੱਖ-ਰਖਾਅ ਪੱਖੋਂ ਵੀ ਵਧੇਰੇ ਸੁਵਿਧਾਜਨਕ ਦੱਸਿਆ ਜਾ ਰਿਹਾ ਹੈ। ਇਸ ਸਿਲੰਡਰ ਵਿੱਚ 10 ਕਿਲੋ ਗੈਸ ਹੁੰਦੀ ਹੈ, ਜਦਕਿ ਗੈਸ ਸਮੇਤ ਇਸ ਦਾ ਕੁੱਲ ਭਾਰ ਕਰੀਬ 16 ਕਿਲੋ ਦੇ ਆਸ-ਪਾਸ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਨੰਦਪੁਰ ਸਾਹਿਬ ਗੈਸ ਏਜੰਸੀ ਦੇ ਮਾਲਕ ਜਸਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਫਾਈਬਰ ਦਾ ਇਹ ਸਿਲੰਡਰ ਉਪਭੋਗਤਾਵਾਂ ਲਈ ਆਸਾਨੀ ਨਾਲ ਚੁੱਕਣ ਅਤੇ ਵਰਤਣ ਯੋਗ ਹੈ। ਉਨ੍ਹਾਂ ਕਿਹਾ ਕਿ ਇਸ ਦੀ ਬਣਤਰ ਅਤੇ ਹਲਕੇ ਭਾਰ ਕਾਰਨ ਖਾਸ ਕਰਕੇ ਘਰਾਂ ਵਿੱਚ ਇਸ ਨੂੰ ਰੱਖਣਾ ਅਤੇ ਇੱਕ ਥਾਂ ਤੋਂ ਦੂਜੀ ਥਾਂ ਲਿਜਾਣਾ ਸੌਖਾ ਰਹੇਗਾ। ਜਸਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਭਾਵੇਂ ਇਸ ਸਿਲੰਡਰ ਦੀ ਕੀਮਤ ਵਪਾਰਕ ਗੈਸ ਸਿਲੰਡਰ ਦੇ ਅਨੁਪਾਤ ਅਨੁਸਾਰ ਹੈ, ਪਰ ਇਸ ਦੇ ਬਾਵਜੂਦ ਇਹ ਉਪਭੋਗਤਾਵਾਂ ਲਈ ਕਿਫਾਇਤੀ ਅਤੇ ਸਹੂਲਤਮੰਦ ਵਿਕਲਪ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਐਚਪੀ ਗੈਸ ਵੱਲੋਂ ਸਮੇਂ-ਸਮੇਂ ’ਤੇ ਉਪਭੋਗਤਾਵਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਨਵੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।