ਸਾਬਕਾ ਮੰਡਲ ਪ੍ਰਧਾਨ ਦੀ ਚੁੱਪੀ ਬਣੀ ਚਰਚਾ ਦਾ ਵਿਸ਼ਾ ਸਾਬਕਾ ਮੰਡਲ ਪ੍ਰਧਾਨ ਦੀ ਚੁੱਪੀ ਬਣੀ ਚਰਚਾ ਦਾ ਵਿਸ਼ਾ
Publish Date: Tue, 25 Aug 2026 07:06 PM (IST)
Updated Date: Tue, 25 Aug 2026 07:06 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਆਨੰਦਪੁਰ ਸਾਹਿਬ: ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ’ਤੇ ਇਕੱਲਿਆਂ ਚੋਣ ਲੜਨ ਅਤੇ ਸਰਕਾਰ ਬਣਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਦਰਮਿਆਨ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਪਾਰਟੀ ਦੀ ਅੰਦਰੂਨੀ ਸਿਆਸਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਦੇ ਭਾਜਪਾ ਦਾ ਮਜ਼ਬੂਤ ਗੜ੍ਹ ਮੰਨੇ ਜਾਂਦੇ ਇਸ ਹਲਕੇ ਵਿੱਚ ਪਾਰਟੀ ਆਗੂਆਂ ਵਿਚਾਲੇ ਕਥਿਤ ਧੜੇਬੰਦੀ ਅਤੇ ਕੁਝ ਪੁਰਾਣੇ ਆਗੂਆਂ ਦੀਆਂ ਗਤੀਵਿਧੀਆਂ ਤੋਂ ਦੂਰੀ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਭਾਜਪਾ ਦੇ ਸੀਨੀਅਰ ਸੂਬਾਈ ਆਗੂਆਂ ਵੱਲੋਂ ਹਲਕੇ ਵਿੱਚ ਆਪਣੀਆਂ ਸਿਆਸੀ ਅਤੇ ਜਥੇਬੰਦਕ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਹਨ। ਹਾਲਾਂਕਿ ਇਨ੍ਹਾਂ ਸਰਗਰਮੀਆਂ ਦੌਰਾਨ ਸਾਬਕਾ ਮੰਡਲ ਪ੍ਰਧਾਨ ਐਡਵੋਕੇਟ ਸਤਬੀਰ ਚੰਦੇਲ ਦੀ ਗੈਰਹਾਜ਼ਰੀ ਸਥਾਨਕ ਪੱਧਰ ’ਤੇ ਖਾਸ ਤੌਰ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲ ਹੀ ਵਿੱਚ ਭਾਜਪਾ ਵੱਲੋਂ ਜ਼ਿਲਾ ਰੂਪਨਗਰ ਦੀ ਕਾਰਜਕਾਰਨੀ ਦੀ ਲਿਸਟ ਵੀ ਜਾਰੀ ਕੀਤੀ ਗਈ ਪ੍ਰੰਤੂ ਇਸ ਲਿਸਟ ਵਿੱਚ ਐਡਵੋਕੇਟ ਸਤਬੀਰ ਚੰਦੇਲ ਦਾ ਨਾਂ ਦੇਖਣ ਨੂੰ ਨਹੀਂ ਮਿਲਿਆ। ਐਡਵੋਕੇਟ ਸਤਬੀਰ ਚੰਦੇਲ ਨੂੰ ਹਲਕੇ ਵਿੱਚ ਭਾਜਪਾ ਦੇ ਪੁਰਾਣੇ ਅਤੇ ਸਰਗਰਮ ਆਗੂਆਂ ਵਿੱਚ ਗਿਣਿਆ ਜਾਂਦਾ ਰਿਹਾ ਹੈ। ਉਨ੍ਹਾਂ ਦੀ ਪਤਨੀ ਮੌਜੂਦਾ ਸਮੇਂ ਪਿੰਡ ਅਗੰਮਪੁਰ ਦੀ ਸਰਪੰਚ ਹੈ, ਜਦਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਵੱਲੋਂ ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਦੀ ਚੋਣ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਈ ਗਈ ਸੀ। ਉਨ੍ਹਾਂ ਵੱਲੋਂ ਆਪਣੇ ਪਿੰਡ ਵਿੱਚ ਪਾਰਟੀ ਦੇ ਹੱਕ ਵਿੱਚ ਕਈ ਵੱਡੇ ਪ੍ਰੋਗਰਾਮ ਵੀ ਕਰਵਾਏ ਗਏ ਸਨ । ਇਸ ਦੇ ਉਲਟ ਮੌਜੂਦਾ ਸਮੇਂ ਐਡਵੋਕੇਟ ਸਤਬੀਰ ਚੰਦੇਲ ਅਤੇ ਉਨ੍ਹਾਂ ਨਾਲ ਜੁੜੇ ਕਈ ਸਾਥੀ ਭਾਜਪਾ ਦੀਆਂ ਸਰਗਰਮੀਆਂ ਵਿੱਚ ਨਜ਼ਰ ਨਾ ਆਉਣ ਕਾਰਨ ਸਥਾਨਕ ਸਿਆਸੀ ਹਲਕਿਆਂ ਵਿੱਚ ਚਰਚਾ ਛਿੜੀ ਹੋਈ ਹੈ। ਹਾਲਾਂਕਿ ਚੰਦੇਲ ਵੱਲੋਂ ਇਸ ਸਬੰਧੀ ਹਾਲੇ ਤੱਕ ਕੋਈ ਜਨਤਕ ਬਿਆਨ ਸਾਹਮਣੇ ਨਹੀਂ ਆਇਆ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕੇ ਅੰਦਰ ਆਪਣੀ ਪੁਰਾਣੀ ਸਿਆਸੀ ਪਕੜ ਮੁੜ ਮਜ਼ਬੂਤ ਕਰਨ ਲਈ ਭਾਜਪਾ ਨੂੰ ਪਾਰਟੀ ਦੇ ਸਾਰੇ ਧੜਿਆਂ ਅਤੇ ਪੁਰਾਣੇ ਆਗੂਆਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ। ਫਿਲਹਾਲ ਐਡਵੋਕੇਟ ਸਤਬੀਰ ਚੰਦੇਲ ਦੀ ਚੁੱਪੀ ਆਉਣ ਵਾਲੇ ਸਮੇਂ ਵਿੱਚ ਕੀ ਸਿਆਸੀ ਰੁਖ਼ ਅਖ਼ਤਿਆਰ ਕਰਦੀ ਹੈ, ਇਹ ਦੇਖਣਾ ਦਿਲਚਸਪ ਹੋਵੇਗਾ।