ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜ਼ਿਲ੍ਹਾ ਤੇ ਨੰਗਲ ਮੰਡਲ ’ਚ ਵੱਡਾ ਫੇਰਬਦਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜ਼ਿਲ੍ਹਾਂ ’ਤੇ ਨੰਗਲ ਮੰਡਲ ’ਚ ਵੱਡਾ ਫੇਰਬਦਲ
Publish Date: Tue, 25 Aug 2026 06:06 PM (IST)
Updated Date: Tue, 25 Aug 2026 06:09 PM (IST)
ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ ਨੰਗਲ : ਪੰਜਾਬ ਭਾਜਪਾ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਗਠਨਾਤਮਕ ਪੱਧਰ ’ਤੇ ਕੀਤੇ ਵੱਡੇ ਫੇਰਬਦਲ ਦੌਰਾਨ ਤੇਜ ਤਰਾਰ ਭਾਜਪਾ ਆਗੂ ਅਤੇ ਸਾਬਕਾ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਰਾਜੇਸ਼ ਚੌਧਰੀ ਨੂੰ ਜ਼ਿਲਾ ਉੱਪ ਪ੍ਰਧਾਨ ਅਤੇ ਰਣਜੀਤ ਸਿੰਘ ਲੱਕੀ ਨੂੰ ਨੰਗਲ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਪੱਧਰ ’ਤੇ ਕੀਤੀਆਂ ਗਈਆਂ ਇਨ੍ਹਾਂ ਨਿਯੁਕਤੀਆਂ ਨੂੰ ਲੈ ਕੇ ਜਿਥੇ ਵੱਖ ਵੱਖ ਧੜਿਆਂ ਵਿੱਚ ਵੰਡੀ ਭਾਜਪਾ ਵਿੱਚ ਲਾਲਪੁਰਾ ਧੜਾ ਹਾਵੀ ਹੁੰਦਾ ਨਜ਼ਰ ਆ ਰਿਹਾ ਹੈ, ਉਥੇ ਸਥਾਨਕ ਭਾਜਪਾ ਦੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ।ਜ਼ਿਕਰਯੋਗ ਹੈ ਕਿ ਪੰਜਾਬ ਭਾਜਪਾ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਨਵੇਂ-ਨਿਯੁਕਤ ਦੋਵੇਂ ਆਗੂ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੇ ਕਰੀਬੀ ਮੰਨੇ ਜਾਂਦੇ ਹਨ। ਦੂਜੇ ਪਾਸੇ, ਨੰਗਲ ਮੰਡਲ ਦੀ ਪਿਛਲੀ ਟੀਮ ਵਿੱਚ ਰਹੇ ਆਗੂਆਂ ਨੂੰ ਅਹੁਦਿਆਂ ਤੋਂ ਹਟਾਏ ਜਾਣ ਕਾਰਨ ਭਾਜਪਾ ਦੀ ਸਥਾਨਕ ਸਿਆਸਤ ਵਿੱਚ ਇਸ ਤਬਦੀਲੀ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਇਨ੍ਹਾਂ ਨਿਯੁਕਤੀਆਂ ਦੀ ਖੁਸ਼ੀ ਵਿੱਚ ਜਿਥੇ ਭਾਜਪਾ ਆਗੂਆਂ ਨੇ ਲੱਡੂ ਵੰਡ ਕੇ ਜਸ਼ਨ ਮਨਾਇਆਂ ਗਿਆ,ਉਥੇ ਇਸ ਮੌਕੇ ਡਾ.ਸੁਭਾਸ਼ ਸ਼ਰਮਾ ਦਾ ਧੜਾ ਇਸ ਲੱਡੂ ਵੰਡ ਸਮਾਗਮ ਵਿੱਚ ਸ਼ਾਮਿਲ ਨਹੀ ਹੋਇਆਂ। ਬਾਕਸ: ਡਾ.ਸੁਭਾਸ਼ ਸ਼ਰਮਾ ਨੇ ਚੁੱਕੇ ਸਵਾਲ: ਭਾਜਪਾ ਜ਼ਿਲਾ ਪ੍ਰਧਾਨ ਅਜੇ ਵੀਰ ਸਿੰਘ ਲਾਲਪੁਰਾ ਵੱਲੋਂ ਜ਼ਿਲ੍ਹਾਂ ਇਕਾਈ ਵਿੱਚ ਕੀਤੀਆਂ ਜਥੇਬੰਦਕ ਨਿਯੁਕਤੀਆਂ ਨੂੰ ਲੈ ਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਜ਼ਿਲਾ ਭਾਜਪਾ ਦੇ ਅਹੁਦੇਦਾਰਾਂ ਦੀ ਐਲਾਨੀ ਗਈ ਸੂਚੀ ਅਤੇ ਨੰਗਲ ਮੰਡਲ ਭਾਜਪਾ ਪ੍ਰਧਾਨ ਦੀ ਨਿਯੁਕਤੀ ਦੀ ਪ੍ਰਕਿਰਿਆ ’ਤੇ ਸਵਾਲ ਚੁੱਕਦਿਆਂ ਇਸ ਨੂੰ ਪਾਰਟੀ ਪਲੇਟਫਾਰਮ ਦੇ ਉਲਟ ਕਰਾਰ ਦਿੱਤਾ ਹੈ।ਇਸ ਮਾਮਲੇ ਵਿੱਚ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਭਾਜਪਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਜ਼ਿਲਾ ਪੱਧਰੀ ਇਕਾਈ ਦੇ ਗਠਨ ਸਮੇਂ ਇਸ ਤਰ੍ਹਾਂ ਨਾਮਜ਼ਦਗੀਆਂ ਕਰਨ ਵਾਲੇ ਆਗੂ ਅਤੇ ਜ਼ਿਲ੍ਹਾਂ ਪ੍ਰਭਾਰੀ ਨੇ ਅਹੁਦੇਦਾਰਾਂ ਦੀ ਚੋਣ ਸਬੰਧੀ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਿਯੁਕਤੀਆਂ ਸਬੰਧੀ ਪ੍ਰਕਿਰਿਆ ਨੂੰ ਪਾਰਟੀ ਦੀਆਂ ਹਦਾਇਤਾਂ ਅਨੁਸਾਰ ਹੀ ਕੀਤਾ ਜਾਣਾ ਚਾਹੀਦਾ ਹੈ। ਡਾ. ਸ਼ਰਮਾ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਜ਼ਿਲਾ ਪ੍ਰਭਾਰੀ ਰਣਜੀਤ ਸਿੰਘ ਗਿੱਲ ਨਾਲ ਵਿਚਾਰ-ਵਟਾਂਦਰਾ ਕਰਕੇ ਆਪਣਾ ਇਤਰਾਜ਼ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਸ ਬਿਆਨ ਨਾਲ ਜ਼ਿਲਾ ਭਾਜਪਾ ਦੀ ਅੰਦਰੂਨੀ ਸਿਆਸਤ ਵਿੱਚ ਚਰਚਾ ਤੇਜ਼ ਹੋ ਗਈ ਹੈ ਅਤੇ ਨੰਗਲ ਮੰਡਲ ਪ੍ਰਧਾਨ ਬਦਲਣ ਦੀ ਪ੍ਰਕਿਰਿਆ ਵੀ ਸਿਆਸੀ ਚਰਚਾ ਦਾ ਕੇਂਦਰ ਬਣ ਗਈ ਹੈ।ਦੂਜੇ ਪਾਸੇ ਜ਼ਿਲਾ ਭਾਜਪਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ ਨੇ ਡਾ. ਸੁਭਾਸ਼ ਸ਼ਰਮਾ ਦੇ ਇਤਰਾਜ਼ਾਂ ਦੇ ਉਲਟ ਕਿਹਾ ਕਿ ਜ਼ਿਲਾ ਭਾਜਪਾ ਦੇ ਅਹੁਦੇਦਾਰਾਂ ਦੀਆਂ ਸਾਰੀਆਂ ਨਿਯੁਕਤੀਆਂ ਪਾਰਟੀ ਹਾਈਕਮਾਂਡ ਦੀ ਸਹਿਮਤੀ ਨਾਲ ਹੀ ਕੀਤੀਆਂ ਗਈਆਂ ਹਨ। ਇਸ ਤਰ੍ਹਾਂ ਦੋਵੇਂ ਪੱਖਾਂ ਵੱਲੋਂ ਵੱਖ-ਵੱਖ ਪੱਖ ਸਾਹਮਣੇ ਆਉਣ ਨਾਲ ਭਾਜਪਾ ਦੀ ਸਥਾਨਕ ਸਿਆਸਤ ਆਉਣ ਵਾਲੇ ਦਿਨਾ ਵਿੱਚ ਵਿਵਾਦ ਵਧਣ ਦੀ ਸੰਭਾਵਨਾ ਹੈ। ਕੈਪਸ਼ਨ: ਰਣਜੀਤ ਸਿੰਘ ਲੱਕੀ ਨੂੰ ਨੰਗਲ ਮੰਡਲ ਦਾ ਨਵਾਂ ਪ੍ਰਧਾਨ ਬਣਾਏ ਜਾਣ ਦੀ ਖੁਸ਼ੀ ਵਿੱਚ ਲੱਡੂ ਵੰਡਦੇ ਹੋਏ ਭਾਜਪਾ ਆਗੂ।