ਓਵਰਲੋਡ ਟਿੱਪਰਾਂ ਦੀ ਆਵਾਜਾਈ ਸੜਕਾਂ ਦਾ ਕਰ ਰਹੀ ਨੁਕਸਾਨ ਨਵੀਂ ਬਣੀ ਸੜਕ ’ਤੇ ਓਵਰਲੋਡ ਟਿੱਪਰਾਂ ਦੀ ਆਵਾਜਾਈ
Publish Date: Tue, 25 Aug 2026 06:00 PM (IST)
Updated Date: Tue, 25 Aug 2026 06:00 PM (IST)
ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਪੀਡਬਲਯੂਡੀ ਵਿਭਾਗ ਵੱਲੋਂ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਨਜ਼ਦੀਕ ਰਾਸ਼ਟਰੀ ਮਾਰਗ ਦੇ ਪੁਲ ਤੋਂ ਲੈ ਕੇ ਬਰੋਟੇ ਵਾਲੇ ਪੁਲ ਤੱਕ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੀ ਪਟੜੀ ’ਤੇ ਨਵੀਂ ਸੜਕ ਦੀ ਲੇਅਰ ਵਿਛਾਉਣ ਦਾ ਕੰਮ ਕਰਵਾਇਆ ਗਿਆ ਹੈ, ਪਰ ਇਸ ਨਵੀਂ ਬਣੀ ਸੜਕ ਉੱਤੇ ਲੰਘ ਰਹੇ ਓਵਰਲੋਡ ਟਿੱਪਰਾਂ ਕਾਰਨ ਸੜਕ ਅਤੇ ਇਸ ਨਾਲ ਲੱਗੀਆਂ ਸੇਫਟੀ ਵਾਲਾਂ ਨੂੰ ਨੁਕਸਾਨ ਪਹੁੰਚਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਕਰ ਯੋਗ ਹੈ ਕਿ ਕੁਝ ਥਾਵਾਂ ’ਤੇ ਨਵੀਂ ਬਣੀ ਸੜਕ ਅਤੇ ਨਹਿਰ ਦੇ ਪਾਸੇ ਵੱਲ ਬਣੀ ਹੋਈ ਸੇਫਟੀ ਵਾਲ ਵੀ ਇਨ੍ਹਾਂ ਓਵਰਲੋਡ ਵਾਹਨਾ ਦੇ ਲੰਘਣ ਕਾਰਨ ਟੁੱਟ ਰਹੀ ਅਤੇ ਬੈਠ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਸੜਕ ਅਤੇ ਪੁਲੀਆਂ ਭਾਰੀ ਅਤੇ ਓਵਰਲੋਡ ਵਾਹਨਾਂ ਦੀ ਆਵਾਜਾਈ ਲਈ ਨਹੀਂ ਬਣੀਆਂ, ਇਸ ਦੇ ਬਾਵਜੂਦ ਇੱਥੋਂ ਲਗਾਤਾਰ ਓਵਰ ਲੋਡ ਟਿੱਪਰ ਲੰਘ ਰਹੇ ਹਨ। ਇਹ ਸੜਕ ਕਈ ਪਿੰਡਾਂ ਨੂੰ ਆਪਸ ਵਿੱਚ ਜੋੜਦੀ ਹੈ ਅਤੇ ਇਸੇ ਰਸਤੇ ’ਤੇ ਰਾਧਾਸੁਆਮੀ ਸਤਿਸੰਗ ਘਰ ਵੀ ਸਥਿਤ ਹੈ, ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਸੜਕ ਦੀ ਚੌੜਾਈ ਘੱਟ ਹੋਣ ਕਾਰਨ ਜਦੋਂ ਓਵਰਲੋਡ ਟਿੱਪਰ ਲੰਘਦੇ ਹਨ ਤਾਂ ਸਾਹਮਣੇ ਤੋਂ ਆਉਣ ਵਾਲੇ ਦੋ-ਪਹੀਆ ਵਾਹਨਾਂ ਅਤੇ ਛੋਟੀਆਂ ਗੱਡੀਆਂ ਲਈ ਲੰਘਣ ਵਾਸਤੇ ਜਗ੍ਹਾ ਹੀ ਨਹੀਂ ਬਚਦੀ ਹੈ। ਇਸ ਕਾਰਨ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਰੋਕ ਲਗਾਈ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਲੱਖਾਂ ਰੁਪਏ ਖਰਚ ਕਰਕੇ ਸੜਕ ਬਣਾਈ ਜਾਵੇ ਅਤੇ ਕੁਝ ਹੀ ਦਿਨਾਂ ਬਾਅਦ ਭਾਰੀ ਵਾਹਨਾਂ ਕਾਰਨ ਇਸ ਨੂੰ ਨੁਕਸਾਨ ਪਹੁੰਚ ਜਾਵੇ ਤਾਂ ਸਰਕਾਰੀ ਪੈਸਾ ਖਰਚਣ ਦਾ ਕੀ ਲਾਭ ਹੈ। ਇਸ ਸਬੰਧੀ ਜਦੋਂ ਪੀਡਬਲਯੂਡੀ ਵਿਭਾਗ ਦੇ ਐਸਡੀਓ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕੰਮ ਪੂਰਾ ਹੋਣ ਤੋਂ ਬਾਅਦ ਇਸ ਪਟੜੀ ਉੱਤੇ ਭਾਰੀ ਵਾਹਨਾਂ ਨੂੰ ਰੋਕਣ ਦੇ ਲਈ ਗਾਡਰ ਲਗਾਏ ਜਾਣਗੇ ,ਸਬੰਧੀ ਜਦੋਂ ਥਾਣਾ ਮੁੱਖੀ ਕੀਰਤਪੁਰ ਸਾਹਿਬ ਨਾਲ ਗੱਲ ਕੀਤੀ ਗਈ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਆ ਗਿਆ ਹੈ ’ਤੇ ਹੁਣ ਬਣਦੀ ਕਾਰਵਾਈ ਜਲਦ ਹੀ ਕੀਤੀ ਜਾਵੇਗੀ।