ਬਰਿੰਦਰ ਢਿੱਲੋਂ ਦੇ ਹੱਕ ’ਚ ਡਟੇ ਨੂਰਪੁਰ ਬੇਦੀ ਦੇ ਕਾਂਗਰਸੀ ਆਗੂ ਲੋਕਲਵਾਦ ਦਾ ਮੁੱਦਾ ਚੁੱਕਣ ਵਾਲੇ ਦੱਸਣ ਕਿ ਉਨ੍ਹਾਂ ਨੇ ਕਦੇ ਡਾ. ਰਮੇਸ਼ ਦੱਤ ਸ਼ਰਮਾ ਜਾਂ
Publish Date: Tue, 25 Aug 2026 04:13 PM (IST)
Updated Date: Tue, 25 Aug 2026 04:15 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਪੰਜਾਬ ਕਾਂਗਰਸ ਅੰਦਰ ਚੱਲ ਰਹੀ ਸਿਆਸੀ ਹਲਚਲ ਦਰਮਿਆਨ ਨੰਗਲ ਵਿਖੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਹਲਕਾ ਰੂਪਨਗਰ ਦੀ ਟਿਕਟ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਨੂਰਪੁਰ ਬੇਦੀ ਇਲਾਕੇ ਦੀ ਕਾਂਗਰਸ ਸਿਆਸਤ ਵੀ ਭਖ ਗਈ ਹੈ। ਇਸੇ ਮਾਮਲੇ ਨੂੰ ਲੈ ਕੇ ਵੱਖ-ਵੱਖ ਪਿੰਡਾਂ ਦੇ ਕਾਂਗਰਸੀ ਆਗੂਆਂ ਦੀ ਮੀਟਿੰਗ ਹੋਈ, ਜਿਸ ਵਿੱਚ ਬਰਿੰਦਰ ਸਿੰਘ ਢਿੱਲੋਂ ਦੇ ਹੱਕ ਵਿੱਚ ਡਟਦਿਆਂ ਪਾਰਟੀ ਅੰਦਰ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ’ਤੇ ਸਵਾਲ ਚੁੱਕੇ ਗਏ।ਇਸ ਮੌਕੇ ਸਾਬਕਾ ਸੰਮਤੀ ਮੈਂਬਰ ਤੇ ਸਾਬਕਾ ਬਲਾਕ ਯੂਥ ਪ੍ਰਧਾਨ ਨਰਿੰਦਰ ਬੱਗਾ ਨੇ ਕਿਹਾ ਕਿ ਜਿਹੜੇ ਆਗੂ ਲੋਕਲਵਾਦ ਦਾ ਮੁੱਦਾ ਚੁੱਕ ਰਹੇ ਹਨ, ਉਹ ਪਹਿਲਾਂ ਇਹ ਦੱਸਣ ਕਿ ਜਦੋਂ ਉਨ੍ਹਾਂ ਦੇ ਇਲਾਕੇ ਦੇ ਲੋਕਲ ਉਮੀਦਵਾਰ ਡਾ. ਰਮੇਸ਼ ਦੱਤ ਸ਼ਰਮਾ ਚੋਣ ਲੜਦੇ ਸਨ ਤਾਂ ਉਹ ਕਿੱਥੇ ਸਨ। ਉਨ੍ਹਾਂ ਸਵਾਲ ਕੀਤਾ ਕਿ ਕੀ ਇਨ੍ਹਾਂ ਆਗੂਆਂ ਨੇ ਕਦੇ ਡਾ. ਰਮੇਸ਼ ਦੱਤ ਸ਼ਰਮਾ ਜਾਂ ਕਾਂਗਰਸ ਪਾਰਟੀ ਨੂੰ ਵੋਟ ਪਾਈ ਹੈ।ਬੱਗਾ ਨੇ ਦੋਸ਼ ਲਾਇਆ ਕਿ ਕੁਝ ਆਗੂਆਂ ਵੱਲੋਂ ਪਿਛਲੀਆਂ ਚੋਣਾਂ ਦੌਰਾਨ ਕਾਂਗਰਸ ਦੇ ਹੱਕ ਵਿੱਚ ਕੰਮ ਕਰਨ ਦੀ ਬਜਾਏ ਵਿਰੋਧੀ ਉਮੀਦਵਾਰਾਂ ਜਾਂ ਆਜ਼ਾਦ ਉਮੀਦਵਾਰਾਂ ਦੀ ਮਦਦ ਕੀਤੀ ਜਾਂਦੀ ਰਹੀ, ਜਿਸ ਕਾਰਨ ਪਾਰਟੀ ਨੂੰ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਅੱਜ ਬਰਿੰਦਰ ਸਿੰਘ ਢਿੱਲੋਂ ਦੀਆਂ ਦੋ ਚੋਣਾਂ ਵਿੱਚ ਹੋਈਆਂ ਹਾਰਾਂ ਦੀ ਗੱਲ ਕੀਤੀ ਜਾ ਰਹੀ ਹੈ, ਪਰ ਇਹ ਵੀ ਦੇਖਣਾ ਚਾਹੀਦਾ ਹੈ ਕਿ ਹਲਕਾ ਰੂਪਨਗਰ ਵਿੱਚ ਕਾਂਗਰਸ ਲਗਾਤਾਰ ਚਾਰ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਚਾਇਤੀ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਵੀ ਕੁਝ ਆਗੂਆਂ ਵੱਲੋਂ ਕਥਿਤ ਤੌਰ ’ਤੇ ਵਿਰੋਧੀ ਧਿਰਾਂ ਨਾਲ ਅੰਦਰਖਾਤੇ ਸਾਂਝ ਰੱਖ ਕੇ ਕਾਂਗਰਸ ਨੂੰ ਨੁਕਸਾਨ ਪਹੁੰਚਾਇਆ ਗਿਆ। ਰਾਜਾ ਵੜਿੰਗ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਬੱਗਾ ਨੇ ਕਿਹਾ ਕਿ ਉਹ ਪੰਜਾਬ ਕਾਂਗਰਸ ਪ੍ਰਧਾਨ ਦਾ ਸਤਿਕਾਰ ਕਰਦੇ ਹਨ, ਪਰ ਪਾਰਟੀ ਲਈ ਲੰਮੇ ਸਮੇਂ ਤੋਂ ਕੰਮ ਕਰ ਰਹੇ ਵਰਕਰਾਂ ਸਬੰਧੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਉਚਿਤ ਨਹੀਂ। ਉਨ੍ਹਾਂ ਕਿਹਾ ਕਿ ਬਰਿੰਦਰ ਸਿੰਘ ਢਿੱਲੋਂ ਦੀ ਟਿਕਟ ਨੂੰ ਲੈ ਕੇ ਪਹਿਲਾਂ ਵੀ ਕਈ ਕੋਸ਼ਿਸ਼ਾਂ ਹੋਈਆਂ ਹਨ, ਪਰ ਉਹ ਕਾਮਯਾਬ ਨਹੀਂ ਹੋਈਆਂ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਰਿੰਦਰ ਸਿੰਘ ਢਿੱਲੋਂ ਹੀ ਕਾਂਗਰਸ ਨੂੰ ਹਲਕਾ ਰੂਪਨਗਰ ਵਿੱਚ ਮਜ਼ਬੂਤ ਮੁਕਾਬਲਾ ਦੇ ਕੇ ਜਿੱਤ ਵੱਲ ਲਿਜਾ ਸਕਦੇ ਹਨ। ਬੱਗਾ ਨੇ ਪਾਰਟੀ ਹਾਈਕਮਾਂਡ ਤੋਂ ਮੰਗ ਕੀਤੀ ਕਿ ਕਾਂਗਰਸ ਨੂੰ ਕਥਿਤ ਤੌਰ ’ਤੇ ਨੁਕਸਾਨ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਦੀ ਜਾਂਚ ਕਰਕੇ ਜ਼ਿੰਮੇਵਾਰ ਆਗੂਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਤਾਂ ਜੋ ਪਾਰਟੀ 2027 ਦੀਆਂ ਚੋਣਾਂ ਲਈ ਇਕਜੁੱਟ ਹੋ ਕੇ ਮੈਦਾਨ ਵਿੱਚ ਉਤਰ ਸਕੇ। ਇਸ ਮੌਕੇ ਡਾ. ਪ੍ਰੇਮ ਦਾਸ, ਡਾ. ਦੇਸ ਰਾਜ, ਪ੍ਰੀਤਮ ਸਿੰਘ ਮਵਾ, ਵਿਜੇ ਕੁਮਾਰ ਪਿੰਕਾ, ਨੰਦ ਚੌਧਰੀ, ਡਾ. ਮੱਖਣ ਖਾਨ ਭੱਟੋ, ਸ਼ਿੰਗਾਰਾ ਸਿੰਘ ਲਸਾੜੀ, ਰਣਜੀਤ ਸਿੰਘ ਜੀਤੀ ਮੁਕਾਰੀ, ਜਸਵੀਰ ਸਿੰਘ ਸਸਕੋਰ, ਡਾ. ਕਮਲਜੀਤ ਚਨੋਲੀ, ਕੇਸਰ ਸਿੰਘ ਜਟਵਾਹੜ੍ਹ, ਪਰਮਜੀਤ ਸਿੰਘ ਮਵਾ, ਸਰਬਜੀਤ ਸਿੰਘ ਸੈਣੀ ਮਾਜਰਾ, ਹੇਮਰਾਜ ਟਿੱਬਾ ਟੱਪਰੀਆਂ, ਨਰਿੰਦਰ ਪਾਲ, ਗੁਰਦਿਆਲ ਸਿੰਘ ਖਟੜਾ, ਵਿਜੇ ਸਰਪੰਚ ਸਰਥਲੀ, ਗੁਰਚਰਨ ਸਿੰਘ ਕਾਕਾ, ਲੰਬੜਦਾਰ ਬਲਿੰਦਰ ਰਾਣਾ, ਅਵਤਾਰ ਚੌਧਰੀ, ਰਾਮ ਭੱਜ ਬਜਰੂੜ, ਡਾ. ਸੁਨੀਲ ਕੁਮਾਰ, ਸ਼ਸ਼ੀ ਪੰਡਿਤ ਸਿੰਘਪੁਰ, ਸੁਰਿੰਦਰ ਕੁਮਾਰ ਬਜਰੂੜ, ਪ੍ਰੇਮ ਸਾਖਪੁਰ, ਮੰਗਤ ਰਾਮ ਰੋੜੂਆਣਾ ਸਮੇਤ ਹੋਰ ਆਗੂ ਹਾਜ਼ਰ ਸਨ।