ਪੰਜਾਬ-ਹਿਮਾਚਲ ਸਰਹੱਦ ’ਤੇ ਬਣ ਰਹੇ ਪੁੱਲ ਦਾ ਹਰਜੋਤ ਬੈਂਸ ਨੇ ਲਿਆ ਜਾਇਜ਼ਾ 2.92 ਕਰੋੜ ਦੀ ਲਾਗਤ ਨਾਲ ਪੰਜਾਬ-ਹਿਮਾਚਲ ਸਰਹੱਦ ’ਤੇ ਬਣ ਰਹੇ ਪੁੱਲ ਦਾ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਲਿਆ ਜਾਇਜ਼ਾ
Publish Date: Mon, 24 Aug 2026 06:59 PM (IST)
Updated Date: Mon, 24 Aug 2026 07:00 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਪਿਛਲੇ ਹੜ੍ਹਾਂ ਦੌਰਾਨ ਪੰਜਾਬ-ਹਿਮਾਚਲ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਹੜ੍ਹਾਂ ਕਾਰਨ ਕਈ ਦਿਨਾਂ ਤੱਕ ਆਵਾਜਾਈ ਅਤੇ ਆਮ ਜਨਜੀਵਨ ਪ੍ਰਭਾਵਿਤ ਰਿਹਾ। ਪੰਜਾਬ ਸਰਕਾਰ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਆਪਸੀ ਤਾਲਮੇਲ ਨਾਲ ਨੁਕਸਾਨੇ ਗਏ ਢਾਂਚੇ ਨੂੰ ਮੁੜ ਬਹਾਲ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਗਿਆ, ਜਿਸ ਤਹਿਤ ਹੁਣ ਤੱਕ ਲਗਭਗ 98 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਨਾਲ ਸਰਹੱਦੀ ਖੇਤਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਆਵਾਜਾਈ ਵੀ ਕਾਫ਼ੀ ਹੱਦ ਤੱਕ ਸੁਚਾਰੂ ਹੋ ਗਈ ਹੈ। ਹੜ੍ਹਾਂ ਤੋਂ ਬਾਅਦ ਪੰਜਾਬ-ਹਿਮਾਚਲ ਸਰਹੱਦ ’ਤੇ ਸਥਿਤੀ ਨੂੰ ਆਮ ਬਣਾਉਣ ਲਈ ਵੱਖ-ਵੱਖ ਥਾਵਾਂ ’ਤੇ ਸੁਰੱਖਿਆ ਅਤੇ ਬੁਨਿਆਦੀ ਢਾਂਚੇ ਨਾਲ ਸਬੰਧਤ ਕੰਮ ਕੀਤੇ ਗਏ ਹਨ। ਖਾਸ ਤੌਰ ’ਤੇ ਹਿਮਾਚਲ ਦੇ ਬਿਲਕੁਲ ਨਾਲ ਲੱਗਦੇ ਖੇਤਰ ਵਿੱਚ ਪ੍ਰੋਟੈਕਸ਼ਨ ਵਾਲ ਦਾ ਨਿਰਮਾਣ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਇਸ ਕੰਮ ਦਾ ਵੱਡਾ ਹਿੱਸਾ ਮੁਕੰਮਲ ਹੋਣ ਤੋਂ ਬਾਅਦ ਛੋਟੀਆਂ ਗੱਡੀਆਂ ਦੀ ਆਵਾਜਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਬਾਕੀ ਰਹਿੰਦੇ ਕੰਮ ਨੂੰ ਵੀ ਜਲਦ ਪੂਰਾ ਕਰਨ ਲਈ ਸਬੰਧਤ ਵਿਭਾਗਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ, ਤਾਂ ਜੋ ਲੋਕਾਂ ਨੂੰ ਆਵਾਜਾਈ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਤਰ੍ਹਾਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਦੇ ਸਾਂਝੇ ਸਹਿਯੋਗ ਨਾਲ ਕਕਰਾਲਾ ਅਤੇ ਦੁਬੇਟਾ ਵਿਚਕਾਰ ਬਣਾਇਆ ਜਾ ਰਿਹਾ ਪੁਲ ਵੀ ਲਗਭਗ ਤਿਆਰ ਹੋ ਚੁੱਕਾ ਹੈ। ਇਸ ਪੁਲ ਦੀ ਕੁੱਲ ਲਾਗਤ ਕਰੀਬ 2 ਕਰੋੜ 92 ਲੱਖ ਰੁਪਏ ਹੈ, ਜਿਸ ਵਿੱਚ ਪੰਜਾਬ ਸਰਕਾਰ ਅਤੇ ਹਿਮਾਚਲ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ। ਪੁਲ ਦਾ ਮੁੱਖ ਨਿਰਮਾਣ ਕਾਰਜ ਮੁਕੰਮਲ ਹੋ ਗਿਆ ਹੈ ਅਤੇ ਹੁਣ ਥੋੜ੍ਹਾ ਜਿਹਾ ਕੰਮ ਬਾਕੀ ਰਹਿੰਦਾ ਹੈ। ਇਸ ਦੇ ਪੂਰੀ ਤਰ੍ਹਾਂ ਚਾਲੂ ਹੋਣ ਨਾਲ ਦੋਵਾਂ ਸੂਬਿਆਂ ਦੇ ਸਰਹੱਦੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਵਾਜਾਈ ਦੀ ਬਿਹਤਰ ਸਹੂਲਤ ਮਿਲੇਗੀ ਅਤੇ ਆਪਸੀ ਸੰਪਰਕ ਹੋਰ ਮਜ਼ਬੂਤ ਹੋਵੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਬਾਕੀ ਰਹਿੰਦੇ ਕੰਮਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੇ ਪ੍ਰਾਜੈਕਟ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰਕੇ ਲੋਕਾਂ ਲਈ ਪੂਰੀ ਤਰ੍ਹਾਂ ਖੋਲ੍ਹ ਦਿੱਤੇ ਜਾਣ। ਪੰਜਾਬ ਅਤੇ ਹਿਮਾਚਲ ਦੀ ਸਾਂਝੀ ਕੋਸ਼ਿਸ਼ ਨਾਲ ਨਾ ਸਿਰਫ਼ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਹੋ ਰਹੀ ਹੈ, ਸਗੋਂ ਸਰਹੱਦੀ ਖੇਤਰ ਵਿੱਚ ਭਵਿੱਖ ਵਿੱਚ ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਬੁਨਿਆਦੀ ਢਾਂਚੇ ਨੂੰ ਵੀ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਮੌਕੇ ਸਰਪੰਚ ਪੂਨਮ ਦੇਵੀ ਕਕਰਾਲਾ, ਪਰਮਜੀਤ ਸਿੰਘ ਬੱਬੀ, ਹਰਦੀਪ ਸਿੰਘ ਢੇਲਾਬੜ, ਸਰਪੰਚ ਪਰਦੀਪ ਭੱਲਾ ਭਰਤਗੜ੍ਹ, ਹਰਮਿੰਦਰ ਸਿੰਘ ਸੈਣੀ ਬੜਾ ਪਿੰਡ, ਸੁਖਜਿੰਦਰ ਸਿੰਘ ਭਾਓਵਾਲ, ਫੌਜੀ ਨਰਿੰਦਰ ਸਿੰਘ ਮੰਗੂਵਾਲ ਦੀਵਾੜੀ ਹਾਜ਼ਰ ਸਨ।