ਕਰਾਟੇ ਚੈਂਪੀਅਨਸ਼ਿਪ 'ਚ ਖਿਡਾਰੀਆਂ ਜਿੱਤੇ 10 ਮੈਡਲ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ 'ਚ ਰੂਪਨਗਰ ਦੇ ਖਿਡਾਰੀਆਂ ਦਾ ਧਮਾਲ
Publish Date: Mon, 24 Aug 2026 06:14 PM (IST)
Updated Date: Mon, 24 Aug 2026 06:15 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ, ਨਸ਼ਿਆਂ ਤੋਂ ਦੂਰ ਰੱਖਣ ਅਤੇ ਅੰਤਰਰਾਸ਼ਟਰੀ ਪੱਧਰ ਤੇ ਖਿਡਾਰੀਆਂ ਵਿੱਚ ਆਪਸੀ ਸਾਂਝ ’ਤੇ ਭਾਈਚਾਰਾ ਵਧਾਉਣ ਦੇ ਮਕਸਦ ਨਾਲ ਇੰਡੀਆ ਵਾਡੋ ਰਿਊ ਕਰਾਟੇ ਡੂ ਐਸ਼ੋਸ਼ੀਏਸ਼ਨ ਵੱਲੋਂ ਐਸ.ਐਨ. ਕਾਲਜ, ਬੰਗਾ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵਿਖੇ 22 ਅਤੇ 23 ਅਗਸਤ 2026 ਨੂੰ 9ਵੀਂ ਇੰਡੋ-ਨੇਪਾਲ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 2026 ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਚੈਂਪੀਅਨਸ਼ਿਪ ਵਿੱਚ ਰੂਪਨਗਰ ਜ਼ਿਲ੍ਹੇ ਦੇ 10 ਖਿਡਾਰੀਆਂ ਨੇ ਭਾਗ ਲੈਂਦੇ ਹੋਏ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 5 ਸਿਲਵਰ (ਚਾਂਦੀ) ਅਤੇ 5 ਬ੍ਰੋਂਜ਼ (ਕਾਂਸੀ) ਮੈਡਲ ਹਾਸਿਲ ਕਰਕੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ। ਸਰਕਾਰੀ ਆਦਰਸ਼ ਸਕੂਲ (ਸ੍ਰੀ ਅਨੰਦਪੁਰ ਸਾਹਿਬ) ਦੀਆਂ ਸੱਤਵੀਂ ਜਮਾਤ ਦੀਆਂ ਵਿਦਿਆਰਥਣਾਂ ਲਾਵਨਿਆ, ਰੋਣੀਕਾ ਸਿੰਘ ਅਤੇ ਦਸਵੀਂ ਜਮਾਤ ਦੀ ਜਸਮੀਤ ਕੌਰ ਨੇ ਦੂਜਾ ਸਥਾਨ ਹਾਸਿਲ ਕਰਕੇ ਸਿਲਵਰ ਮੈਡਲ ਜਿੱਤੇ। ਇਸ ਤੋਂ ਇਲਾਵਾ ਦਸ਼ਮੇਸ਼ ਅਕੈਡਮੀ ਦੇ ਰਾਜਵੀਰ ਸਿੰਘ ਅਤੇ ਲਵ ਡੇ ਸਕੂਲ (ਕੀਰਤਪੁਰ ਸਾਹਿਬ) ਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਰਕਸ਼ਨ ਗੌਤਮ ਨੇ ਵੀ ਸਿਲਵਰ ਮੈਡਲ ਤੇ ਕਬਜ਼ਾ ਕੀਤਾ। ਦੂਜੇ ਪਾਸੇ ਭਾਈ ਨੰਦ ਲਾਲ ਪਬਲਿਕ ਸਕੂਲ (ਸ੍ਰੀ ਅਨੰਦਪੁਰ ਸਾਹਿਬ) ਦੇ ਦੂਜੀ ਜਮਾਤ ਦੇ ਸਰਬਾਜ਼ ਸਿੰਘ ਅਤੇ ਪੰਜਵੀਂ ਜਮਾਤ ਦੇ ਸਰਬਜੋਤ ਸਿੰਘ ਨੇ ਤੀਜਾ ਸਥਾਨ ਹਾਸਿਲ ਕਰਦੇ ਹੋਏ ਬ੍ਰੋਂਜ਼ ਮੈਡਲ ਜਿੱਤਿਆ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ (ਸ੍ਰੀ ਅਨੰਦਪੁਰ ਸਾਹਿਬ) ਦੀ ਦਸਵੀਂ ਜਮਾਤ ਦੀ ਦਿਵੀਆ ਗੌਤਮ, ਗਿਆਰ੍ਹਵੀਂ ਜਮਾਤ ਦੀ ਸਿਮਰਨ ਕੌਰ ਅਤੇ ਸਰਕਾਰੀ ਆਦਰਸ਼ ਸਕੂਲ ਦੀ ਵਿਦਿਆਰਥਣ ਮਨਿੰਦਰ ਕੌਰ ਨੇ ਵੀ ਤੀਜਾ ਸਥਾਨ ਹਾਸਿਲ ਕਰਕੇ ਬ੍ਰੋਂਜ਼ ਮੈਡਲ ਹਾਸਲ ਕੀਤਾ। ਇਨ੍ਹਾਂ ਉਭਰਦੇ ਹੋਏ ਖਿਡਾਰੀਆਂ ਦੀ ਰਹਿਨੁਮਾਈ ਕੋਚ ਰਵਿੰਦਰ ਸਿੰਘ (ਅਗਮਪੁਰ) ਨੇ ਕੀਤੀ। ਕੋਚ ਰਵਿੰਦਰ ਸਿੰਘ ਨੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਤੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਮਨੁੱਖ ਦੇ ਸਰਬ-ਪੱਖੀ ਵਿਕਾਸ ਲਈ ਸਰੀਰਕ ਅਤੇ ਮਾਨਸਿਕ ਦੋਹਾਂ ਪੱਖਾਂ ਤੋਂ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਖਿਡਾਰੀਆਂ ਦੀ ਇਸ ਸ਼ਾਨਦਾਰ ਜਿੱਤ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ।