
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ੍ਰੀ ਅਨੰਦਪੁਰ ਸਾਹਿਬ ਨੂੰ ਸਾਫ਼-ਸੁਥਰਾ ਬਣਾਉਣ ਲਈ ਨਗਰ ਕੌਂਸਲ ਦਾ ਵੱਡਾ ਫੈਸਲਾ

ਸ੍ਰੀ ਅਨੰਦਪੁਰ ਸਾਹਿਬ ਨੂੰ ਸਾਫ਼-ਸੁਥਰਾ ਬਣਾਉਣ ਲਈ ਨਗਰ ਕੌਂਸਲ ਦਾ ਵੱਡਾ ਫੈਸਲਾ ਕੂੜੇ ਦੇ ਖੁੱਲ੍ਹੇ ਡੰਪ ਬੰਦ ਹੋਣਗੇ, ਗਿੱਲਾ ’ਤੇ ਸੁੱਕਾ ਕੂੜਾ ਵੱਖਰਾ ਰੱਖਣਾ ਲਾਜ਼ਮੀ
ਸਰਕਾਰ ਤੋਂ ਜੀਐਸਟੀ ਦੀ ਰਾਸ਼ੀ ਵਧਾਉਣ ਦੀ ਮੰਗ
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ,
ਸ੍ਰੀ ਅਨੰਦਪੁਰ ਸਾਹਿਬ: ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਨਗਰ ਕੌਂਸਲ ਵੱਲੋਂ ਅਹਿਮ ਫੈਸਲੇ ਲਏ ਗਏ ਹਨ। ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਦੌਰਾਨ ਸ਼ਹਿਰ ਦੀ ਸਫਾਈ ਵਿਵਸਥਾ, ਸਫਾਈ ਕਰਮਚਾਰੀਆਂ ਨੂੰ ਰੈਗੂਲਰ ਕਰਨ ਅਤੇ ਕੂੜੇ ਦੇ ਸੁਚੱਜੇ ਪ੍ਰਬੰਧਨ ਸਬੰਧੀ ਵੱਖ-ਵੱਖ ਮਤਿਆਂ ਨੂੰ ਕੌਂਸਲਰਾਂ ਵੱਲੋਂ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।
ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਦੱਸਿਆ ਕਿ ਸਰਕਾਰ ਵੱਲੋਂ ਸਫਾਈ ਕਰਮਚਾਰੀਆਂ ਨੂੰ ਰੈਗੂਲਰ ਕਰਨ ਅਤੇ ਕੰਟਰੈਕਟ ’ਤੇ ਰੱਖਣ ਸਬੰਧੀ ਪ੍ਰਾਪਤ ਹਦਾਇਤਾਂ ਨੂੰ ਨਗਰ ਕੌਂਸਲ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੇ ਰੈਗੂਲਰ ਹੋਣ ਨਾਲ ਉਨ੍ਹਾਂ ਨੂੰ ਰਾਹਤ ਮਿਲੇਗੀ, ਪਰ ਇਸ ਨਾਲ ਕੌਂਸਲ ’ਤੇ ਵਿੱਤੀ ਬੋਝ ਵੀ ਵਧੇਗਾ। ਉਨ੍ਹਾਂ ਦੱਸਿਆ ਕਿ ਤਨਖਾਹ ਲਗਭਗ 20,500 ਰੁਪਏ ਪ੍ਰਤੀ ਮਹੀਨਾ ਹੋਣ ਕਾਰਨ ਕੌਂਸਲ ਦੇ ਖਰਚਿਆਂ ਵਿੱਚ ਵਾਧਾ ਹੋਵੇਗਾ।
ਹਰਜੀਤ ਸਿੰਘ ਜੀਤਾ ਨੇ ਕਿਹਾ ਕਿ ਨਗਰ ਕੌਂਸਲ ਦੇ ਆਮਦਨ ਦੇ ਸਾਧਨ ਬਹੁਤ ਸੀਮਤ ਹਨ। ਮੌਜੂਦਾ ਆਮਦਨ ਨਾਲ ਮੁੱਖ ਤੌਰ ’ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਹੋਰ ਜ਼ਰੂਰੀ ਖਰਚੇ ਹੀ ਪੂਰੇ ਹੁੰਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਨੂੰ ਦੇਖਦਿਆਂ ਕੌਂਸਲ ਨੂੰ ਮਿਲਣ ਵਾਲੀ ਜੀਐਸਟੀ ਦੀ ਰਾਸ਼ੀ ਵਿੱਚ ਲਗਭਗ ਤਿੰਨ ਗੁਣਾ ਵਾਧਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਕੌਂਸਲ ਨੂੰ ਜੀਐਸਟੀ ਵਜੋਂ ਕਰੀਬ 14 ਲੱਖ ਰੁਪਏ ਮਿਲਦੇ ਹਨ, ਜੋ ਜ਼ਿਆਦਾਤਰ ਤਨਖਾਹਾਂ ਅਤੇ ਹੋਰ ਖਰਚਿਆਂ ਵਿੱਚ ਹੀ ਚਲੇ ਜਾਂਦੇ ਹਨ। ਇਸ ਕਾਰਨ ਵਿਕਾਸ ਕਾਰਜਾਂ ਲਈ ਲੋੜੀਂਦੇ ਫੰਡ ਬਚਾਉਣਾ ਮੁਸ਼ਕਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦੇ ਠੇਕੇ ਸ਼ਹਿਰ ਤੋਂ ਬਾਹਰ ਹੋਣ ਕਾਰਨ ਐਕਸਾਈਜ਼ ਡਿਊਟੀ ਆਦਿ ਤੋਂ ਮਿਲਣ ਵਾਲੀ ਆਮਦਨ ਵੀ ਕੌਂਸਲ ਨੂੰ ਨਹੀਂ ਮਿਲਦੀ।
ਨਗਰ ਕੌਂਸਲ ਪ੍ਰਧਾਨ ਨੇ ਕਿਹਾ ਕਿ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਖੁੱਲ੍ਹੇ ਕੂੜੇ ਦੇ ਡੰਪ ਬੰਦ ਕੀਤੇ ਜਾਣਗੇ। ਆਉਣ ਵਾਲੀ ਇੱਕ ਤਰੀਕ ਤੋਂ ਜੇਕਰ ਕੋਈ ਵਿਅਕਤੀ ਖੁੱਲ੍ਹੇ ਵਿੱਚ ਕੂੜਾ ਸੁੱਟਦਾ ਪਾਇਆ ਗਿਆ ਤਾਂ ਨਿਯਮਾਂ ਅਨੁਸਾਰ ਜੁਰਮਾਨਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਮੁਨਿਆਦੀ ਅਤੇ ਅਨਾਊਂਸਮੈਂਟਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਹਰ ਘਰ ਵਿੱਚ ਦੋ ਡਸਟਬਿਨ ਰੱਖੇ ਜਾਣ—ਇੱਕ ਗਿੱਲੇ ਕੂੜੇ ਲਈ ਅਤੇ ਦੂਜਾ ਸੁੱਕੇ ਕੂੜੇ ਲਈ। ਲੋਕ ਕੂੜੇ ਨੂੰ ਘਰ ਤੋਂ ਹੀ ਵੱਖਰਾ ਕਰਕੇ ਰੱਖਣ ਅਤੇ ਨਗਰ ਕੌਂਸਲ ਦੀਆਂ ਗੱਡੀਆਂ ਨੂੰ ਸੌਂਪਣ। ਜਿਹੜੇ ਲੋਕ ਗਿੱਲਾ ਅਤੇ ਸੁੱਕਾ ਕੂੜਾ ਵੱਖਰਾ ਨਹੀਂ ਕਰਨਗੇ, ਉਨ੍ਹਾਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਦੇ ਨਾਲ ਜੁਰਮਾਨਾ ਵੀ ਕੀਤਾ ਜਾਵੇਗਾ।
ਹਰਜੀਤ ਸਿੰਘ ਜੀਤਾ ਨੇ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੂੜਾ ਸੜਕਾਂ, ਗਲੀਆਂ ਜਾਂ ਜਨਤਕ ਥਾਵਾਂ ’ਤੇ ਨਾ ਸੁੱਟਿਆ ਜਾਵੇ। ਉਨ੍ਹਾਂ ਕਿਹਾ ਕਿ ਖੁੱਲ੍ਹੇ ਵਿੱਚ ਪਿਆ ਕੂੜਾ ਅਵਾਰਾ ਪਸ਼ੂਆਂ ਵੱਲੋਂ ਖਿਲਾਰ ਦਿੱਤਾ ਜਾਂਦਾ ਹੈ, ਜਿਸ ਨਾਲ ਗੰਦਗੀ ਵਧਦੀ ਹੈ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਧਾਰਮਿਕ ਨਗਰੀ ਵਿੱਚ ਆਉਣ ਵਾਲੀ ਸੰਗਤ ’ਤੇ ਵੀ ਸ਼ਹਿਰ ਦੀ ਗੰਦਗੀ ਦਾ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣਾ ਨਗਰ ਕੌਂਸਲ ਦੇ ਨਾਲ-ਨਾਲ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਫਾਈ ਪ੍ਰਬੰਧ ਸੁਧਾਰ ਲਈ ਕੌਂਸਲ ਦੇ ਯਤਨ ਲਗਾਤਾਰ ਜਾਰੀ ਰਹਿਣਗੇ।
ਇਸ ਮੌਕੇ ਕੌਂਸਲਰ ਇੰਦਰਜੀਤ ਸਿੰਘ ਅਰੋੜਾ, ਸੀਨੀਅਰ ਵਾਈਸ ਪ੍ਰਧਾਨ ਜਤਿਨ ਕੌਸ਼ਲ, ਮੀਤ ਪ੍ਰਧਾਨ ਹਰਪਾਲ ਕੌਰ, ਅਮਨਦੀਪ ਕੌਰ, ਕੁਲਵੰਤ ਕੌਰ, ਕਮਲਜੀਤ ਸਿੰਘ, ਸੁਨੀਲ ਅਡਵਾਲ, ਕੁਲਵਿੰਦਰ ਕੌਰ ਵਾਲੀਆ, ਜਸਵੀਰ ਕੌਰ ਗਰਚਾ, ਸੁਖਦੇਵ ਸਿੰਘ, ਦੀਪਕ ਆਂਗਰਾ ਅਤੇ ਅਰਸ਼ਵਿੰਦਰ ਕੌਰ ਸਮੇਤ ਹੋਰ ਕੌਂਸਲਰ ਹਾਜ਼ਰ ਸਨ।
ਕੈਪਸ਼ਨ: ਜਾਣਕਾਰੀ ਦਿੰਦੇ ਹੋਏ ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੌਂਸਲ ਅਤੇ ਜਾਗਰੂਕਤਾ ਰੈਲੀ ਕੱਢਦੇ ਹੋਏ ਕੌਂਸਲਰ ਅਤੇ ਸਫਾਈ ਸੇਵਕ ।