ਕੌਂਸਲ ਪ੍ਰਧਾਨ ਦੀ ਪੋਸਟ ਨੇ ਵਧਾਈ ਸਿਆਸੀ ਹਲਚਲ ਕੌਂਸਲ ਪ੍ਰਧਾਨ ਦੀ ਪੋਸਟ ਨੇ ਵਧਾਈ ਸਿਆਸੀ ਹਲਚਲ
Publish Date: Mon, 24 Aug 2026 05:53 PM (IST)
Updated Date: Mon, 24 Aug 2026 05:54 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਵੱਲੋਂ ਸ਼ੋਸ਼ਲ ਮੀਡੀਆ ’ਤੇ ਪਾਈ ਗਈ ਇੱਕ ਪੋਸਟ ਨੇ ਪੂਰੇ ਇਲਾਕੇ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਕਰੀਬੀ ਮੰਨੇ ਜਾਂਦੇ ਹਰਜੀਤ ਸਿੰਘ ਜੀਤਾ ਲਗਾਤਾਰ ਤੀਜੀ ਵਾਰ ਨਗਰ ਕੌਂਸਲ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਬੀਤੀ ਰਾਤ ਕਰੀਬ 10 ਵਜੇ ਉਨ੍ਹਾਂ ਵੱਲੋਂ ਆਪਣੇ ਫੇਸਬੁੱਕ ਅਕਾਊਂਟ ’ਤੇ ਪਾਈ ਗਈ ਪੋਸਟ ਤੋਂ ਬਾਅਦ ਸ਼ਹਿਰ ਵਿੱਚ ਚਰਚਾਵਾਂ ਦਾ ਦੌਰ ਤੇਜ਼ ਹੋ ਗਿਆ ਅਤੇ ਦੇਰ ਰਾਤ ਤੱਕ ਲੋਕਾਂ ਵਿੱਚ ਇਸ ਪੋਸਟ ਨੂੰ ਲੈ ਕੇ ਵਿਚਾਰ-ਵਟਾਂਦਰਾ ਹੁੰਦਾ ਰਿਹਾ। ਪੋਸਟ ਸਾਹਮਣੇ ਆਉਂਦਿਆਂ ਹੀ ਸ਼ਹਿਰ ਵਿੱਚ ਫੋਨ ਖੜਕਣੇ ਸ਼ੁਰੂ ਹੋ ਗਏ ਅਤੇ ਲੋਕਾਂ ਵੱਲੋਂ ਇਸ ਦੇ ਵੱਖ-ਵੱਖ ਸਿਆਸੀ ਅਰਥ ਕੱਢੇ ਜਾਣ ਲੱਗੇ। ਸਭ ਤੋਂ ਵੱਧ ਚਰਚਾ ਇਸ ਗੱਲ ਨੂੰ ਲੈ ਕੇ ਰਹੀ ਕਿ ਨਗਰ ਕੌਂਸਲ ਪ੍ਰਧਾਨ ਵੱਲੋਂ ਆਪਣੀ ਹੀ ਸਰਕਾਰ ਨਾਲ ਜੁੜੇ ਮੁੱਦੇ ’ਤੇ ਇਸ ਤਰ੍ਹਾਂ ਖੁੱਲ੍ਹ ਕੇ ਆਪਣੀ ਗੱਲ ਰੱਖਣ ਦੇ ਕੀ ਸਿਆਸੀ ਮਾਇਨੇ ਹੋ ਸਕਦੇ ਹਨ। ਇਸ ਦੌਰਾਨ ਪ੍ਰਧਾਨ ਦੀ ਪੋਸਟ ’ਤੇ ਲਗਾਤਾਰ ਕਮੈਂਟਾਂ ਦੀ ਝੜੀ ਲੱਗੀ ਹੋਈ ਹੈ। ਕਈ ਲੋਕਾਂ ਨੇ ਹਰਜੀਤ ਸਿੰਘ ਜੀਤਾ ਦੇ ਇਸ ਸਟੈਂਡ ਦੀ ਸ਼ਲਾਘਾ ਕਰਦਿਆਂ ਇਸ ਨੂੰ ਸ਼ਹਿਰ ਦੇ ਹਿੱਤ ਵਿੱਚ ਚੁੱਕਿਆ ਗਿਆ ਕਦਮ ਦੱਸਿਆ ਹੈ। ਕੁਝ ਲੋਕਾਂ ਨੇ ਕਮੈਂਟ ਕਰਦਿਆਂ ਕਿਹਾ ਕਿ ਅਸਲ ਜਨਤਕ ਨੁਮਾਇੰਦਾ ਉਹੀ ਹੁੰਦਾ ਹੈ ਜੋ ਆਪਣੇ ਸ਼ਹਿਰ ਅਤੇ ਲੋਕਾਂ ਦੇ ਮੁੱਦਿਆਂ ’ਤੇ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕਰੇ। ਹਾਲਾਂਕਿ ਪੋਸਟ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਸਿਆਸੀ ਚਰਚਾਵਾਂ ਵੀ ਜਾਰੀ ਹਨ। ਇਸ ਸਮੇਂ 13 ਮੈਂਬਰੀ ਨਗਰ ਕੌਂਸਲ ਦੇ 12 ਕੌਂਸਲਰ ਜੀਤਾ ਦੇ ਨਾਲ ਚਟਾਨ ਵਾਂਗ ਖੜ੍ਹੇ ਹੋਣ ਦੀ ਗੱਲ ਵੀ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 13 ਵਿੱਚੋਂ 12 ਕੌਂਸਲਰਾਂ ਦਾ ਸਮਰਥਨ ਮਿਲਣਾ ਉਨ੍ਹਾਂ ਦੀ ਸਿਆਸੀ ਸੂਝ-ਬੂਝ, ਕੌਂਸਲਰਾਂ ਨਾਲ ਤਾਲਮੇਲ ਅਤੇ ਨਗਰ ਕੌਂਸਲ ਦੀ ਸਿਆਸਤ ’ਤੇ ਉਨ੍ਹਾਂ ਦੀ ਮਜ਼ਬੂਤ ਪਕੜ ਨੂੰ ਦਰਸਾਉਂਦਾ ਹੈ। ਇਹੀ ਕਾਰਨ ਹੈ ਕਿ ਜੀਤਾ ਵੱਲੋਂ ਸ਼ੋਸ਼ਲ ਮੀਡੀਆ ’ਤੇ ਲਿਖੀ ਗਈ ਇੱਕ ਪੋਸਟ ਨੂੰ ਵੀ ਸਿਆਸੀ ਤੌਰ ’ਤੇ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹਰਜੀਤ ਸਿੰਘ ਜੀਤਾ ਪਿਛਲੇ ਸਮੇਂ ਦੌਰਾਨ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਰਹੇ ਹਨ ਅਤੇ ਪਹਿਲੀ ਵਾਰ ਉਨ੍ਹਾਂ ਨੂੰ ਨਗਰ ਕੌਂਸਲ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਰਾਣਾ ਕੇ.ਪੀ. ਸਿੰਘ ਦੀ ਅਗਵਾਈ ਹੇਠ ਹੀ ਮਿਲੀ ਸੀ। ਹੁਣ ਤਾਜ਼ਾ ਪੋਸਟ ਤੋਂ ਬਾਅਦ ਕੁਝ ਲੋਕਾਂ ਵੱਲੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਕੀ ਹਰਜੀਤ ਸਿੰਘ ਜੀਤਾ ਮੁੜ ਰਾਣਾ ਕੇ.ਪੀ. ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦਾ ਰੁੱਖ ਕਰ ਸਕਦੇ ਹਨ। ਹਾਲਾਂਕਿ ਇਸ ਸਬੰਧੀ ਨਾ ਤਾਂ ਹਰਜੀਤ ਸਿੰਘ ਜੀਤਾ ਵੱਲੋਂ ਕੋਈ ਸਪੱਸ਼ਟ ਬਿਆਨ ਸਾਹਮਣੇ ਆਇਆ ਹੈ ਅਤੇ ਨਾ ਹੀ ਕਾਂਗਰਸ ਵਿੱਚ ਸ਼ਾਮਲ ਹੋਣ ਬਾਰੇ ਕੋਈ ਅਧਿਕਾਰਤ ਪੁਸ਼ਟੀ ਹੋਈ ਹੈ। ਇਸ ਲਈ ਫਿਲਹਾਲ ਇਹ ਸਿਰਫ਼ ਸਿਆਸੀ ਚਰਚਾ ਅਤੇ ਕਿਆਸਅਰਾਈਆਂ ਤੱਕ ਹੀ ਸੀਮਤ ਹੈ। ਰਾਜਨੀਤੀ ਵਿੱਚ ਸਮੇਂ ਦੇ ਨਾਲ ਸਮੀਕਰਨ ਬਦਲਦੇ ਰਹਿੰਦੇ ਹਨ ਅਤੇ ਅੱਗੇ ਕੀ ਰੁੱਖ ਬਣਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਲਹਾਲ ਇੰਨਾ ਜ਼ਰੂਰ ਹੈ ਕਿ ਹਰਜੀਤ ਸਿੰਘ ਜੀਤਾ ਦੀ ਇਸ ਪੋਸਟ ਨੇ ਸਿਰਫ਼ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਹੀ ਨਹੀਂ, ਸਗੋਂ ਪੂਰੇ ਵਿਧਾਨ ਸਭਾ ਹਲਕੇ ਦੇ ਸਿਆਸੀ ਮਾਹੌਲ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹਨ ਕਿ ਇਸ ਪੋਸਟ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਸਿਆਸੀ ਤੌਰ ’ਤੇ ਕੀ ਨਵਾਂ ਮੋੜ ਸਾਹਮਣੇ ਆਉਂਦਾ ਹੈ। ਬਾਕਸ ਪ੍ਰਧਾਨ ਹਰਜੀਤ ਸਿੰਘ ਜੀਤਾ ਵੱਲੋਂ ਪਾਈ ਗਈ ਪੋਸਟ ਸ੍ਰੀ ਅਨੰਦਪੁਰ ਸਾਹਿਬ ਵਿਖੇ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਉਣ ਲਈ, ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਲਗਾਉਣ ਲਈ ’ਤੇ ਹੋਰ ਫਾਲਤੂ ਖ਼ਰਚੇ ਕਰਨ ਲਈ 550 ਕਰੋੜ ਖਰਚ ਦਿੱਤੇ, ਪਰ ਸ਼ਹਿਰ ਨੂੰ ਕੀ ਮਿਲਿਆ? ਗੁਰੂ ਨਗਰੀ ਵੀ ਆਪਣੀ ਤਾਕਤ ਦਿਖਾਵੇਗੀ , ਕੀ ਲੋੜ ਸੀ ਵਿਧਾਨ ਸਭਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਗਾਉਣ ਦੀ, ਜਦ ਕਿ ਕੁਜ ਦੇਣਾ ਨਹੀਂ ਸੀ ਸ਼ਹਿਰ ਨੂੰ, ਮੈਂ ਆਪਣੀ ਕੁਰਸੀ ਬਚਾਉਣ ਲਈ ਗੁਰੂ ਨਗਰੀ ਨਾਲ ਧੋਖਾ ਨਹੀਂ ਕਰ ਸਕਦਾ, ਕੁਰਸੀ ਜਾਂਦੀ ਜਾਵੇ, ਕੁਰਸੀ ਛੌਟੀ ਚੀਜ਼ ਏ, ਪਰ ਗੁਰੂ ਨਗਰੀ ਦੇ ਲੋਕਾਂ ਨੇ ਸਾਨੂੰ ਸੇਵਾ ਦਿੱਤੀ, ਅਸੀਂ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੇ। ਬਾਕਸ ਚੋਣਾਂ ’ਚ ਮਜ਼ਬੂਤ ਪਕੜ ਨੇ ਦੱਸਿਆ ਜੀਤਾ ਦਾ ਸਿਆਸੀ ਕੱਦ ਹਰਜੀਤ ਸਿੰਘ ਜੀਤਾ ਦੀ ਸਿਆਸੀ ਪਕੜ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਇੱਕ ਖਾਸ ਗੱਲ ਇਹ ਵੀ ਰਹੀ ਹੈ ਕਿ ਪਿਛਲੀਆਂ ਨਗਰ ਕੌਂਸਲ ਚੋਣਾਂ ਦੌਰਾਨ 13 ਵਾਰਡਾਂ ਵਾਲੀ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਵਿੱਚ ਉਨ੍ਹਾਂ ਨੇ ਆਪਣੇ ਸਮਰਥਕ ਉਮੀਦਵਾਰਾਂ ਨੂੰ 13 ਵਿੱਚੋਂ 11 ਵਾਰਡਾਂ ਵਿੱਚ ਜਿੱਤ ਦਿਵਾਈ ਸੀ। ਇਸ ਵਾਰ ਵੀ ਉਨ੍ਹਾਂ ਦੀ ਸਿਆਸੀ ਪਕੜ ਹੋਰ ਮਜ਼ਬੂਤ ਹੋਈ ਅਤੇ 13 ਵਿੱਚੋਂ 12 ਵਾਰਡਾਂ ਵਿੱਚ ਉਨ੍ਹਾਂ ਦੇ ਸਮਰਥਕ ਉਮੀਦਵਾਰ ਜਿੱਤ ਕੇ ਕੌਂਸਲ ਵਿੱਚ ਪਹੁੰਚੇ।