ਮੋਜੋਵਾਲ 'ਚ ਐੱਨਆਰਆਈ ਦੀ ਖਾਲੀ ਕੋਠੀ 'ਚ ਚੋਰੀ ਦੀ ਕੋਸ਼ਿਸ਼ ਨੰਗਲ ਦੇ ਮੋਜੋਵਾਲ ਇਲਾਕੇ 'ਚ ਐਨ.ਆਰ.ਆਈ. ਦੀ ਖਾਲੀ ਕੋਠੀ 'ਚ ਚੋਰੀ ਦੀ ਕੋਸ਼ਿਸ਼
Publish Date: Mon, 24 Aug 2026 05:18 PM (IST)
Updated Date: Mon, 24 Aug 2026 05:21 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਨੰਗਲ ਦੇ ਮੋਜੋਵਾਲ ਇਲਾਕੇ (ਵਾਰਡ ਨੰਬਰ 15) ਵਿੱਚ ਬੀਤੀ ਰਾਤ ਤਿੰਨ ਨਕਾਬਪੋਸ਼ ਲੁਟੇਰਿਆਂ ਵੱਲੋਂ ਇੱਕ ਐਨ.ਆਰ.ਆਈ. ਪਰਿਵਾਰ ਦੀ ਖਾਲੀ ਪਈ ਕੋਠੀ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕੋਠੀ ਦੇ ਮਾਲਕ ਕੈਨੇਡਾ ਗਏ ਹੋਏ ਹਨ। ਹਾਲਾਂਕਿ, ਗੁਆਂਢੀਆਂ ਦੇ ਜਾਗਣ ਅਤੇ ਰੌਲਾ ਪਾਉਣ ਕਾਰਨ ਚੋਰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਸਕੇ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਇਲਾਕੇ ਦੇ ਐਮ.ਸੀ. ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 12:10 ਵਜੇ ਇੱਕ ਐਕਸ.ਯੂ.ਵੀ. ਗੱਡੀ ਨੰਗਲ ਤੋਂ ਭਲਾਣ ਵਾਲੇ ਪਾਸੇ ਜਾ ਰਹੀ ਸੀ, ਜਿਸ ਵਿੱਚ ਕੁਝ ਅਣਪਛਾਤੇ ਚੋਰ-ਲੁਟੇਰੇ ਸਵਾਰ ਸਨ। ਗੱਡੀ ਪਾਰਕ ਕਰਨ ਤੋਂ ਬਾਅਦ ਇਨ੍ਹਾਂ ਚੋਰਾਂ ਨੇ ਪਹਿਲਾਂ ਪਰਮਵੀਰ ਸਿੰਘ ਦੇ ਘਰ ਦਾ ਗੇਟ ਤੋੜਨ ਦੀ ਕੋਸ਼ਿਸ਼ ਕੀਤੀ। ਅਸਫਲ ਰਹਿਣ ਤੇ ਉਹ ਖੇਤਾਂ ਵਿੱਚ ਲੁਕ ਗਏ ਅਤੇ ਬਾਅਦ ਵਿੱਚ ਦੂਜੇ ਗੇਟ ਰਾਹੀਂ ਅੰਦਰ ਦਾਖਲ ਹੋਏ। ਉਨ੍ਹਾਂ ਦੱਸਿਆ ਕਿ ਜਦੋਂ ਚੋਰ ਜਾਲੀ ਵਾਲਾ ਦਰਵਾਜ਼ਾ ਖੋਲ੍ਹ ਕੇ ਤਾਲਾ ਤੋੜ ਰਹੇ ਸਨ ਤਾਂ ਸਾਹਮਣੇ ਵਾਲੇ ਘਰ ਦੀਆਂ ਔਰਤਾਂ, ਜੋ ਰਾਤ ਸਮੇਂ ਉੱਠੀਆਂ ਸਨ, ਨੇ ਉਨ੍ਹਾਂ ਨੂੰ ਦੇਖ ਲਿਆ। ਜਦੋਂ ਗੁਆਂਢੀਆਂ ਨੇ ਰੌਲਾ ਪਾਇਆ ਤਾਂ ਮੁਹੱਲਾ ਵਾਸੀ ਇਕੱਠੇ ਹੋ ਗਏ, ਜਿਸਨੂੰ ਦੇਖਦਿਆਂ ਚੋਰ ਭੱਜਣ ਵਿੱਚ ਕਾਮਯਾਬ ਹੋ ਗਏ। ਘਟਨਾ ਦੀ ਸੂਚਨਾ ਤੁਰੰਤ ਨਵਾਂ ਨੰਗਲ ਪੁਲਿਸ ਚੌਂਕੀ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਛਾਣਬੀਣ ਕੀਤੀ। ਮੌਕੇ ਤੇ ਦੇਖਿਆ ਗਿਆ ਕਿ ਚੋਰਾਂ ਨੇ ਪੇਚਕਸ ਵਗੈਰਾ ਨਾਲ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ ਸੀ, ਪਰ ਅੰਦਰੋਂ ਕੋਈ ਸਾਮਾਨ ਚੋਰੀ ਨਹੀਂ ਹੋ ਸਕਿਆ। ਐਮ.ਸੀ. ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਇਸ ਏਰੀਏ ਵਿੱਚ ਖਾਲੀ ਘਰਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਿਛਲੇ ਦੋ-ਤਿੰਨ ਮਹੀਨਿਆਂ ਵਿੱਚ ਹੀ ਇਲਾਕੇ ਦੇ ਚਰਨਜੀਤ, ਮੋਹਣ ਸਿੰਘ ਅਤੇ ਵਰਿੰਦਰ ਕੁਮਾਰ ਦੇ ਘਰਾਂ ਵਿੱਚ ਚੋਰੀਆਂ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਪੁਲਿਸ ਅਜੇ ਤੱਕ ਟ੍ਰੇਸ ਨਹੀਂ ਕਰ ਸਕੀ ਹੈ। ਉਨ੍ਹਾਂ ਖਦਸ਼ਾ ਜਤਾਇਆ ਕਿ ਇਨ੍ਹਾਂ ਲੁਟੇਰਿਆਂ ਕੋਲ ਹਥਿਆਰ ਵੀ ਹੋ ਸਕਦੇ ਹਨ ਅਤੇ ਜੇਕਰ ਕਿਸੇ ਨਾਲ ਸਾਹਮਣਾ ਹੋ ਜਾਵੇ ਤਾਂ ਇਹ ਜਾਨੀ ਨੁਕਸਾਨ ਵੀ ਪਹੁੰਚਾ ਸਕਦੇ ਹਨ। ਇਲਾਕਾ ਵਾਸੀਆਂ ਅਤੇ ਐਮ.ਸੀ. ਡਾ. ਰਜਿੰਦਰ ਕੁਮਾਰ ਨੇ ਐਸ.ਐਸ.ਪੀ. ਰੂਪਨਗਰ, ਡੀ.ਐਸ.ਪੀ. ਨੰਗਲ ਅਤੇ ਐਸ.ਐਚ.ਓ. ਨਵਾਂ ਨੰਗਲ ਨੂੰ ਅਪੀਲ ਕੀਤੀ ਹੈ ਕਿ ਇਲਾਕੇ ਵਿੱਚ ਪੁਲਿਸ ਦੀ ਗਸ਼ਤ ਵਧਾਈ ਜਾਵੇ। ਉਨ੍ਹਾਂ ਦੱਸਿਆ ਕਿ ਫਲਾਈਓਵਰ ਤੋਂ ਲੈ ਕੇ ਸ਼ਿਵਾਲਿਕ ਕਾਲਜ ਤੱਕ ਦਾ ਇਲਾਕਾ ਕਾਫੀ ਸੁੰਨਸਾਨ ਰਹਿੰਦਾ ਹੈ, ਜਿੱਥੇ ਅਕਸਰ ਲੁੱਟ-ਖੋਹ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਇਸ ਦੇ ਨਾਲ ਹੀ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਥਾਵਾਂ ਤੇ ਹਨੇਰਾ ਰਹਿੰਦਾ ਹੈ, ਉੱਥੇ ਤੁਰੰਤ ਸਟਰੀਟ ਲਾਈਟਾਂ ਲਗਾਈਆਂ ਜਾਣ ਅਤੇ ਇਲਾਕੇ ਵਿੱਚ ਲੱਗੇ ਖਰਾਬ ਸੀਸੀਟੀਵੀ ਕੈਮਰਿਆਂ ਨੂੰ ਠੀਕ ਕਰਵਾ ਕੇ ਚਾਲੂ ਹਾਲਤ ਵਿੱਚ ਲਿਆਂਦਾ ਜਾਵੇ ਤਾਂ ਜੋ ਲੋਕਾਂ ਦੇ ਮਨਾਂ ਵਿੱਚੋਂ ਡਰ ਖਤਮ ਹੋਵੇ ਅਤੇ ਉਹ ਸੁੱਖ ਦੀ ਨੀਂਦ ਸੌਂ ਸਕਣ।