ਸ੍ਰੀ ਕੀਰਤਪੁਰ– ਅਨੰਦਪੁਰ ਸਾਹਿਬ ਫੋਰਲੇਨ ਸੜਕ ’ਤੇ ਖੱਡਿਆਂ ਦੀ ਭਰਮਾਰ ਕੀਰਤਪੁਰ ਸਾਹਿਬ–ਅਨੰਦਪੁਰ ਸਾਹਿਬ ਚਾਰ ਮਾਰਗੀ ਸੜਕ ’ਤੇ ਖੱਡਿਆਂ ਦੀ ਭਰਮਾਰ
Publish Date: Sat, 22 Aug 2026 06:31 PM (IST)
Updated Date: Sat, 22 Aug 2026 06:33 PM (IST)
ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜੋੜਨ ਵਾਲੀ ਚਾਰ ਮਾਰਗੀ ਸੜਕ ’ਤੇ ਪਏ ਵੱਡੇ-ਵੱਡੇ ਖੱਡਿਆਂ ਕਾਰਨ ਇਲਾਕੇ ਦੇ ਲੋਕਾਂ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਦੀ ਮੌਜੂਦਾ ਹਾਲਤ ਨੂੰ ਲੈ ਕੇ ਲੋਕਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ, ਕਿਉਂਕਿ ਕਈ ਥਾਵਾਂ ’ਤੇ ਸੜਕ ਵਿੱਚ ਪਏ ਡੂੰਘੇ ਖੱਡੇ ਹਾਦਸਿਆਂ ਨੂੰ ਸਿੱਧਾ ਸੱਦਾ ਦੇ ਰਹੇ ਹਨ। ਖਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਲਈ ਇਹ ਸਥਿਤੀ ਹੋਰ ਵੀ ਖਤਰਨਾਕ ਬਣੀ ਹੋਈ ਹੈ। ਕੀਰਤਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਨੂੰ ਇਸ ਸੜਕ ਉੱਤੇ ਨਜ਼ਦੀਕੀ ਪਿੰਡਾਂ ਦੇ ਸਕੂਲ ਅਤੇ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਅਤੇ ਰੋਜ਼ਾਨਾ ਕੰਮ ਕਾਜ ਨੂੰ ਜਾਣ ਵਾਲੇ ਵਾਲੇ ਰੋਜ਼ ਆਪਣੇ ਦੋ ਪਹੀਆ ਵਾਹਨਾਂ ਉੱਤੇ ਸਫਰ ਕਰਦੇ ਹਨ ਜਿਨਾਂ ਲਈ ਇਹ ਖੱਡੇ ਮੁਸੀਬਤਾਂ ਬਣੇ ਹੋਏ ਹਨ। ਜ਼ਿਕਰ ਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਦੇ ਸਾਬਕਾ ਐਮਸੀ ਗੁਰਿੰਦਰ ਸਿੰਘ ਬੰਟੀ ਵਾਲੀਆ ਨੇ ਅੱਜ ਨੱਕੀਆਂ ਨਜ਼ਦੀਕ ਟੋਲ ਪਲਾਜ਼ੇ ਵਾਲੀ ਥਾਂ ਤੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਲਾਈਵ ਹੋ ਕੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਜਿਸ ਸੜਕ ਤੋਂ ਰੋਜ਼ਾਨਾ ਹਜ਼ਾਰਾਂ ਵਾਹਨ ਲੰਘਦੇ ਹਨ ਅਤੇ ਜੋ ਧਾਰਮਿਕ ਤੇ ਸੈਰ-ਸਪਾਟਾ ਪੱਖੋਂ ਵੀ ਬੇਹੱਦ ਮਹੱਤਵਪੂਰਨ ਹੈ, ਉਸ ਦੀ ਅਜਿਹੀ ਹਾਲਤ ਲੋਕਾਂ ਦੀ ਸੁਰੱਖਿਆ ਨਾਲ ਸਿੱਧਾ ਜੁੜਿਆ ਮਾਮਲਾ ਹੈ। ਉਨ੍ਹਾਂ ਕਿਹਾ ਕਿ ਦੋ ਪਹੀਆ ਵਾਹਨਾ ਵਾਲਿਆਂ ਨਾਲ ਇਸ ਸੜਕ ਉੱਤੇ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ, ਅੱਜ ਉਨ੍ਹਾ ਦੇ ਦੇਖਦੇ ਦੇਖਦੇ ਹੀ ਇੱਕ ਮੋਟਰਸਾਈਕਲ ਵਾਲੇ ਨਾਲ ਹਾਦਸਾ ਵਾਪਰਿਆ ਅਤੇ ਇੱਕ ਔਰਤ ਵੀ ਜ਼ਖਮੀ ਹੋ ਗਈ,ਉਨ੍ਹਾਂ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਸੜਕ ਦੀ ਤੁਰੰਤ ਮੁਰੰਮਤ ਕਰਵਾ ਕੇ ਖੱਡਿਆਂ ਨੂੰ ਭਰਿਆ ਜਾਵੇ, ਤਾਂ ਜੋ ਕਿਸੇ ਵੱਡੇ ਹਾਦਸੇ ਦੀ ਸੰਭਾਵਨਾ ਨੂੰ ਟਾਲਿਆ ਜਾ ਸਕੇ। ਸਾਬਕਾ ਐਮਸੀ ਨੇ ਸੜਕ ’ਤੇ ਪਹਿਲਾਂ ਲੱਗੇ ਟੋਲ ਪਲਾਜ਼ੇ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਇਸ ਸੜਕ ’ਤੇ ਪਹਿਲਾਂ ਰੋਹਨ ਰਾਜਦੀਪ ਦਾ ਟੋਲ ਪਲਾਜ਼ਾ ਲੱਗਿਆ ਹੋਇਆ ਸੀ, ਜਿਸ ਦੀ ਮਿਆਦ ਪੂਰੀ ਹੋ ਚੁੱਕੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਟੋਲ ਦੀ ਮਿਆਦ ਪੂਰੀ ਹੋਣ ਦੇ ਬਾਵਜੂਦ ਇਸ ਮਾਮਲੇ ਨੂੰ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਪ੍ਰਚਾਰ ਕਰਦਿਆਂ ਇਸ ਤਰ੍ਹਾਂ ਪੇਸ਼ ਕੀਤਾ ਗਿਆ ਜਿਵੇਂ ਸਰਕਾਰ ਨੇ ਟੋਲ ਪਲਾਜ਼ਾ ਜਬਰਦਸਤੀ ਚੁਕਵਾ ਦਿੱਤਾ ਹੋਵੇ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਿਰਫ਼ ਖੱਡਿਆਂ ’ਤੇ ਮਿੱਟੀ ਜਾਂ ਥੋੜ੍ਹਾ-ਬਹੁਤ ਮਟੀਰੀਅਲ ਪਾ ਕੇ ਖਾਨਾਪੂਰਤੀ ਨਾ ਕੀਤੀ ਜਾਵੇ, ਸਗੋਂ ਸੜਕ ਦੀ ਤਕਨੀਕੀ ਜਾਂਚ ਕਰਵਾ ਕੇ ਜਿੱਥੇ ਲੋੜ ਹੈ, ਉੱਥੇ ਮਿਆਰੀ ਢੰਗ ਨਾਲ ਮੁਰੰਮਤ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੋਵੇਂ ਹੀ ਧਾਰਮਿਕ ਨਗਰੀਆਂ ਹਨ ਅਤੇ ਇੱਥੇ ਦੁਨੀਆ ਭਰ ਤੋਂ ਸੰਗਤਾਂ ਧਾਰਮਿਕ ਸਥਾਨਾਂ ਅਤੇ ਗੁਰੂ ਘਰਾਂ ਵਿੱਚ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ ਇਸ ਲਈ ਇਨ੍ਹਾਂ ਨੂੰ ਜੋੜਨ ਵਾਲੀ ਮੁੱਖ ਸੜਕ ਦੀ ਹਾਲਤ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਜਦੋਂ ਇਸ ਸਬੰਧ ਦੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਜੇਈ ਹਰਪ੍ਰੀਤ ਸਿੰਘ ਜੀ ਨਾਲ ਗੱਲ ਕੀਤੀ ਗਈ ’ਤੇ ਉਨ੍ਹਾਂ ਨੇ ਕਿਹਾ ਕੀ ਬਾਰਿਸ਼ਾਂ ਹੱਟਣ ਤੋਂ ਬਾਅਦ ਜੋ ਸੜਕ ’ਤੇ ਬਹੁਤ ਬੜੇ ਖੱਡੇ ਹਨ ਉਨ੍ਹਾਂ ’ਤੇ ਪੈਚ ਵਰਕ ਛੇਤੀ ਕਰ ਦਿੱਤਾ ਜਾਵੇਗਾ ਬਾਕੀ ਕੀਰਤਪੁਰ ਸਾਹਿਬ ਤੋਂ ਨੰਗਲ ਤੱਕ ਜੋ ਰੋਡ ਹੈ, ਉਸਦੀ ਅਸੀਂ ਲੁੱਕ ਦੀ ਲੇਅਰ ਪਾਉਣ ਲਈ ਪ੍ਰਪੋਜਲ ਬਣਾ ਕੇ ਨੈਸ਼ਨਲ ਹਾਈਵੇ ਅਥਾਰਟੀ ਦਿੱਲੀ ਨੂੰ ਭੇਜੀ ਹੈ, ਜਦੋਂ ਵੀ ਮਨਜ਼ੂਰੀ ਆਉਂਦੀ ਹੈ ਸੜਕ ’ਤੇ ਲੁਕ ਦੀ ਲੇਅਰ ਪਾ ਦਿੱਤੀ ਜਾਵੇਗੀ।