ਗੁਰੂ ਨਗਰੀ ਦੀ ਸਫਾਈ ਲਈ ਕੌਂਸਲ ਪ੍ਰਧਾਨ ਹੋਏ ਸਖ਼ਤ ਗੁਰੂ ਨਗਰੀ ਦੀ ਸਫਾਈ ਲਈ ਕੌਂਸਲ ਪ੍ਰਧਾਨ ਹੋਏ ਸਖ਼ਤ
Publish Date: Sat, 22 Aug 2026 04:51 PM (IST)
Updated Date: Sat, 22 Aug 2026 04:54 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਨਗਰ ਕੌਂਸਲ ਵੱਲੋਂ ਸਫਾਈ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਬੁੱਧਵਾਰ ਤੋਂ ਬਾਅਦ ਜੇਕਰ ਕੋਈ ਵਿਅਕਤੀ ਸੜਕਾਂ, ਗਲੀਆਂ ਜਾਂ ਕਿਸੇ ਹੋਰ ਜਨਤਕ ਸਥਾਨ ’ਤੇ ਖੁੱਲ੍ਹੇ ਵਿੱਚ ਕੂੜਾ ਸੁੱਟਦਾ ਪਾਇਆ ਗਿਆ ਤਾਂ ਉਸ ਨੂੰ ਭਾਰੀ ਜੁਰਮਾਨਾ ਕੀਤਾ ਜਾਵੇਗਾ। ਨਗਰ ਕੌਂਸਲ ਪ੍ਰਧਾਨ ਨੇ ਕਿਹਾ ਕਿ ਸ਼ਹਿਰ ਵਿੱਚ ਲੋਕਾਂ ਦੀ ਸਹੂਲਤ ਲਈ ਕੌਂਸਲ ਦੀਆਂ ਕੂੜਾ ਇਕੱਠਾ ਕਰਨ ਵਾਲੀਆਂ ਗੱਡੀਆਂ ਨਿਯਮਤ ਤੌਰ ’ਤੇ ਵੱਖ-ਵੱਖ ਇਲਾਕਿਆਂ ਵਿੱਚ ਜਾ ਰਹੀਆਂ ਹਨ। ਇਸ ਲਈ ਸ਼ਹਿਰ ਵਾਸੀ ਆਪਣਾ ਕੂੜਾ ਸੜਕਾਂ ਜਾਂ ਗਲੀਆਂ ਵਿੱਚ ਸੁੱਟਣ ਦੀ ਬਜਾਏ ਕੌਂਸਲ ਦੀਆਂ ਗੱਡੀਆਂ ਵਿੱਚ ਹੀ ਪਾਉਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਘਰ ਵਿੱਚ ਦੋ ਡਸਟਬਿਨ ਰੱਖੇ ਜਾਣ। ਇੱਕ ਡਸਟਬਿਨ ਵਿੱਚ ਸੁੱਕਾ ਕੂੜਾ ਅਤੇ ਦੂਜੇ ਵਿੱਚ ਗਿੱਲਾ ਕੂੜਾ ਪਾਇਆ ਜਾਵੇ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੀਆਂ ਕੂੜਾ ਇਕੱਠਾ ਕਰਨ ਵਾਲੀਆਂ ਗੱਡੀਆਂ ਵਿੱਚ ਵੀ ਸੁੱਕੇ ਅਤੇ ਗਿੱਲੇ ਕੂੜੇ ਲਈ ਵੱਖ-ਵੱਖ ਕੈਬਿਨ ਬਣੇ ਹੋਏ ਹਨ। ਇਸ ਲਈ ਘਰਾਂ ਵਿੱਚੋਂ ਹੀ ਕੂੜੇ ਨੂੰ ਅਲੱਗ ਕਰਕੇ ਗੱਡੀਆਂ ਵਿੱਚ ਪਾਉਣ ਨਾਲ ਸ਼ਹਿਰ ਨੂੰ ਸਾਫ਼ ਰੱਖਣ ਦੇ ਨਾਲ-ਨਾਲ ਕੂੜੇ ਦੀ ਸਹੀ ਢੰਗ ਨਾਲ ਸੰਭਾਲ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜਿਹੜੀਆਂ ਛੋਟੀਆਂ ਗਲੀਆਂ ਵਿੱਚ ਕੂੜਾ ਇਕੱਠਾ ਕਰਨ ਵਾਲੀਆਂ ਗੱਡੀਆਂ ਨਹੀਂ ਪਹੁੰਚ ਸਕਦੀਆਂ, ਉੱਥੇ ਨਗਰ ਕੌਂਸਲ ਦੇ ਸਫਾਈ ਸੇਵਕ ਹੱਥ ਰੇਹੜੀਆਂ ਰਾਹੀਂ ਘਰਾਂ ਅਤੇ ਗਲੀਆਂ ਵਿੱਚੋਂ ਕੂੜਾ ਇਕੱਠਾ ਕਰਨਗੇ। ਇਸ ਲਈ ਕਿਸੇ ਵੀ ਇਲਾਕਾ ਵਾਸੀ ਨੂੰ ਕੂੜਾ ਚੁੱਕਣ ਸਬੰਧੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਪ੍ਰਧਾਨ ਨੇ ਕਿਹਾ ਕਿ ਜੇਕਰ ਕਿਸੇ ਸ਼ਹਿਰ ਵਾਸੀ ਨੂੰ ਸਫਾਈ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਆਪਣੇ ਵਾਰਡ ਦੇ ਸਬੰਧਤ ਐਮਸੀ ਜਾਂ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਸੰਪਰਕ ਕਰਕੇ ਆਪਣੀ ਸਮੱਸਿਆ ਦਾ ਹੱਲ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਨੂੰ ਸਾਫ਼-ਸੁਥਰਾ ਰੱਖਣਾ ਕੇਵਲ ਨਗਰ ਕੌਂਸਲ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਸ਼ਹਿਰ ਵਾਸੀ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਆਓ ਸਾਰੇ ਰਲ-ਮਿਲ ਕੇ ਆਪਣੇ ਸ਼ਹਿਰ ਨੂੰ ਸਾਫ਼, ਸੁੰਦਰ ਅਤੇ ਸਵੱਛ ਬਣਾਈਏ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਹਿਰ ਵਾਸੀ ਨੂੰ ਕੋਈ ਦਿੱਕਤ ਜਾਂ ਸੁਝਾਅ ਹੋਵੇ ਤਾਂ ਉਹ ਮੋਬਾਈਲ ਨੰਬਰ 9815864039 ’ਤੇ ਵੀ ਸੰਪਰਕ ਕਰ ਸਕਦਾ ਹੈ।