ਦਲਜੀਤ ਨੇ ਜੈਵਲਿਨ ਥਰੋ ਤੇ ਸ਼ਾਟ ਪੁੱਟ ’ਚ ਜਿੱਤੇ ਸੋਨੇ ਦੇ ਤਮਗੇ ਗੁਰੂ ਨਗਰੀ ਦੇ ਲਾਲ ਨੇ ਕੀਤਾ ਹਲਕੇ ਦਾ ਨਾਮ ਰੌਸ਼ਨ
Publish Date: Fri, 21 Aug 2026 04:02 PM (IST)
Updated Date: Fri, 21 Aug 2026 04:03 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਸਮਲਾਹ ਨਾਲ ਸਬੰਧਤ ਚੰਨਣ ਸੈਕਟਰੀ ਦੇ 14 ਸਾਲਾ ਫਰਜ਼ੰਦ ਦਲਜੀਤ ਸਿੰਘ ਨੇ ਲੁਧਿਆਣਾ ਦੇ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ 16 ਤੋਂ 18 ਅਗਸਤ ਤੱਕ ਹੋਈਆਂ 101ਵੀਆਂ ਪੰਜਾਬ ਸਟੇਟ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ-2026 ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਭਾਰ ਵਰਗ ਵਿੱਚ ਜੈਵਲਿਨ ਥਰੋ ਅਤੇ ਸ਼ਾਟ ਪੁੱਟ ਵਿੱਚ ਸੋਨੇ ਦੇ ਤਮਗੇ ਹਾਸਲ ਕੀਤੇ ਹਨ। ਇਸ ਪ੍ਰਾਪਤੀ ਨਾਲ ਦਲਜੀਤ ਸਿੰਘ ਨੇ ਪੰਜਾਬ ਵਿੱਚ ਆਪਣਾ ਨਾਮ ਪਹਿਲੇ ਨੰਬਰ ਦੇ ਖਿਡਾਰੀਆਂ ਵਿੱਚ ਦਰਜ ਕਰਵਾਉਂਦਿਆਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦਾ ਨਾਮ ਰੌਸ਼ਨ ਕੀਤਾ ਹੈ। ਦਲਜੀਤ ਸਿੰਘ ਦੀ ਇਸ ਸ਼ਾਨਦਾਰ ਕਾਰਗੁਜ਼ਾਰੀ ਦੇ ਚੱਲਦਿਆਂ ਉਸ ਦੀ ਚੋਣ ਰਾਸ਼ਟਰੀ ਟੀਮ ਲਈ ਵੀ ਹੋਈ ਹੈ। ਆਪਣੀ ਇਸ ਮਾਣਮੱਤੀ ਪ੍ਰਾਪਤੀ ਦਾ ਸਿਹਰਾ ਦਲਜੀਤ ਸਿੰਘ ਨੇ ਆਪਣੇ ਕੋਚ ਜਗਜੀਵਨ ਸਿੰਘ ਜੱਗਾ, ਆਪਣੇ ਮਾਤਾ-ਪਿਤਾ ਅਤੇ ਪਰਮਾਤਮਾ ਨੂੰ ਦਿੱਤਾ ਹੈ। ਉਹ ਸਪੋਰਟਸ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਦਾ ਸਿਖਿਆਰਥੀ ਹੈ ਅਤੇ ਲਗਾਤਾਰ ਮਿਹਨਤ ਕਰਕੇ ਖੇਡਾਂ ਦੇ ਖੇਤਰ ਵਿੱਚ ਅੱਗੇ ਵੱਧ ਰਿਹਾ ਹੈ। ਦਲਜੀਤ ਸਿੰਘ ਦੀ ਇਸ ਪ੍ਰਾਪਤੀ ’ਤੇ ਹਲਕਾ ਵਿਧਾਇਕ ਹਰਜੋਤ ਬੈਂਸ, ਘੱਟ ਗਿਣਤੀਆਂ ਕਮਿਸ਼ਨ ਦੇ ਮੈਂਬਰ ਕਮਿਕਰ ਸਿੰਘ ਡਾਢੀ, ਗੁੱਜਰ ਵੈਲਫੇਅਰ ਬੋਰਡ ਪੰਜਾਬ ਸਰਕਾਰ ਦੇ ਚੇਅਰਮੈਨ ਸ਼ਮਸ਼ੇਰ ਸਿੰਘ ਲਖੇੜ, ਬਲਾਕ ਸੰਮਤੀ ਮੈਂਬਰ ਰਾਮ ਪਾਲ, ਭਾਜਪਾ ਮੰਡਲ ਪ੍ਰਧਾਨ ਰਤਨ ਧਨੇੜਾ, ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਮੁਲਾਜ਼ਮ ਆਗੂ ਪੰਜਾਬ ਕਪਿਲ ਮਹਿੰਦਲੀ, ਮੱਖਣ ਕਾਲਸ, ਜੈਵਲਿਨ ਖਿਡਾਰੀ ਅਤੇ ਸਾਬਕਾ ਡੀਆਈਜੀ ਸਰਦਾਰ ਦਲਜੀਤ ਸਿੰਘ ਰਾਣਾ, ਜੁਗਰਾਜ ਸਿੰਘ ਬਿੱਲੂ, ਬਲਵੀਰ ਸਿੰਘ ਭੀਰੀ, ਟਕਸਾਲੀ ਕਾਂਗਰਸ ਆਗੂ, ਪੰਜਾਬ ਖੇਡ ਪ੍ਰਮੋਟਰ ਅਤੇ ਵਾਤਾਵਰਨ ਪ੍ਰੇਮੀ ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ, ਕਾਂਗਰਸ ਆਗੂ ਸੁਰਜੀਤ ਸਿੰਘ ਮਹਿਰੋਲੀ, ਡਾ. ਅੱਛਰ ਸ਼ਰਮਾ, ਜ਼ਿਲ੍ਹਾ ਭਾਜਪਾ ਬੁਲਾਰੇ ਬਲਰਾਮ ਪਰਾਸ਼ਰ, ਬਲਾਕ ਕਾਂਗਰਸ ਪ੍ਰਧਾਨ ਹਿਮਾਂਸ਼ੂ ਟੰਡਨ, ਸੁੱਚਾ ਸਰਪੰਚ ਸਮਲਾਹ, ਸਰਵਣ ਸੈਕਟਰੀ ਸਮਲਾਹ, ਲੱਕੀ ਡਾਕਟਰ, ਲਾਡੀ ਜੇਈ, ਸ਼ੁਭਮ ਭਰਤਗੜ੍ਹ ਸਮੇਤ ਇਲਾਕੇ ਦੀਆਂ ਹੋਰ ਨਾਮਵਰ ਸ਼ਖ਼ਸੀਅਤਾਂ ਨੇ ਦਲਜੀਤ ਦੇ ਪਰਿਵਾਰ ਨਾਲ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਲਾਕਾ ਨਿਵਾਸੀਆਂ ਨੇ ਆਸ ਪ੍ਰਗਟਾਈ ਕਿ ਦਲਜੀਤ ਸਿੰਘ ਆਉਣ ਵਾਲੇ ਸਮੇਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਪਰਿਵਾਰ, ਸ੍ਰੀ ਅਨੰਦਪੁਰ ਸਾਹਿਬ ਅਤੇ ਪੰਜਾਬ ਦਾ ਨਾਮ ਹੋਰ ਉੱਚਾ ਕਰੇਗਾ।