17 ਅਗਸਤ ਤੋਂ ਲਾਪਤਾ ਪਿੰਡ ਡਾਢੀ ਦਾ ਨੌਜਵਾਨ ਪਿੰਡ ਡਾਢੀ ਦਾ 30 ਸਾਲਾ ਨੌਜਵਾਨ 17 ਅਗਸਤ ਤੋਂ ਲਾਪਤਾ
Publish Date: Fri, 21 Aug 2026 04:00 PM (IST)
Updated Date: Fri, 21 Aug 2026 04:03 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਡਾਢੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਦਾ 30 ਸਾਲਾ ਨੌਜਵਾਨ ਅਮਨਦੀਪ ਸਿੰਘ ਪੁੱਤਰ ਨਾਨਕ ਚੰਦ ਬੀਤੀ 17 ਅਗਸਤ ਤੋਂ ਲਾਪਤਾ ਹੈ, ਪਰਿਵਾਰਿਕ ਮੈਂਬਰਾਂ ਵੱਲੋਂ ਯਾਰਾਂ ਦੋਸਤਾਂ ਅਤੇ ਰਿਸ਼ਤੇਦਾਰੀ ਵਿੱਚ ਭਾਲ ਕੀਤੀ ਜਾ ਰਹੀ ਹੈ, ਪਰ ਹੁਣ ਤੱਕ ਉਕਤ ਨੌਜਵਾਨ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ ਜਿਸ ਕਾਰਨ ਪਰਿਵਾਰਿਕ ਮੈਂਬਰ ਚਿੰਤਾ ਵਿੱਚ ਹਨ। ਅਮਨਦੀਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਅਨੁਸਾਰ ਇਹ ਨੌਜਵਾਨ ਬੀਤੀ 17 ਅਗਸਤ ਨੂੰ ਕਰੀਬ ਰਾਤੀ 9 ਵਜੇ ਆਪਣੇ ਘਰ ਤੋਂ ਸ੍ਰੀ ਕੀਰਤਪੁਰ ਸਾਹਿਬ ਸਾਈਡ ਗਿਆ ਸੀ ਪਰ ਉਸ ਤੋਂ ਬਾਅਦ ਵਾਪਸ ਘਰ ਨਹੀਂ ਪਰਤਿਆ। ਅਮਨਦੀਪ ਸਿੰਘ ਦੇ ਭਰਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸੀ ਰਾਤ ਕਰੀਬ 11 ਵਜੇ ਅਮਨਦੀਪ ਸਿੰਘ ਨੇ ਆਪਣੀ ਮਾਂ ਨੂੰ ਫੋਨ ਕਰਕੇ ਕਿਹਾ ਸੀ ਕਿ ਦਰਵਾਜ਼ਾ ਖੁੱਲਾ ਰੱਖਣਾ ਮੈਂ ਘਰ ਵਾਪਸ ਆ ਰਿਹਾ ਹਾਂ ਪਰ ਉਸ ਤੋਂ ਬਾਅਦ ਹੁਣ ਤੱਕ ਉਹ ਘਰ ਵਾਪਸ ਨਹੀਂ ਆਇਆ ਅਤੇ ਪਰਿਵਾਰਿਕ ਮੈਂਬਰ ਇੰਤਜ਼ਾਰ ਕਰ ਰਹੇ ਹਨ। ਪਰਿਵਾਰਕ ਮੈਂਬਰਾਂ ਵੱਲੋਂ ਨੌਜਵਾਨ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਨੌਜਵਾਨ ਨੇ ਫੋਨ ਨਹੀਂ ਚੱਕਿਆ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਉਕਤ ਨੌਜਵਾਨ ਅਮਨਦੀਪ ਸਿੰਘ ਅਪਾਹਜ ਹੈ ਅਤੇ ਉਹਨਾਂ ਦੇ ਪਿਤਾ ਜੀ ਟਰੱਕ ਡਰਾਈਵਰ ਹਨ ਇਹ ਨੌਜਵਾਨ ਆਪਣੇ ਪਿਤਾ ਜੀ ਦੀ ਗੱਡੀ ਨੂੰ ਰਾਤ ਸਮੇਂ ਨਿਗਾਹ ਮਾਰਨ ਲਈ ਸ੍ਰੀ ਕੀਰਤਪੁਰ ਸਾਹਿਬ ਗਿਆ ਸੀ ਉਸ ਤੋਂ ਬਾਅਦ ਨੌਜਵਾਨ ਦਾ ਕੋਈ ਸੁਰਾਗ਼ ਨਹੀਂ ਲੱਗ ਸਕਿਆ। ਪਰਿਵਾਰਿਕ ਮੈਂਬਰਾਂ ਨੇ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਸੂਚਨਾ ਦੇ ਦਿੱਤੀ ਹੈ, ਅਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੇ ਪੁੱਤਰ ਨੂੰ ਲੱਭਣ ਵਿੱਚ ਮਦਦ ਕੀਤੀ ਜਾਵੇ। ਪਰਿਵਾਰਿਕ ਮੈਂਬਰਾਂ ਵੱਲੋਂ ਜਾਣਕਾਰ ਯਾਰਾਂ ਦੋਸਤਾਂ ਅਤੇ ਰਿਸ਼ਤੇਦਾਰੀ ਵਿੱਚ ਉਕਤ ਨੌਜਵਾਨ ਦਾ ਪਤਾ ਕੀਤਾ ਗਿਆ ਪਰ ਹੁਣ ਤੱਕ ਕਾਮਯਾਬੀ ਨਹੀਂ ਮਿਲੀ ਅਤੇ ਨਾ ਹੀ ਨੌਜਵਾਨ ਦਾ ਕੋਈ ਪਤਾ ਚੱਲਿਆ ਹੈ। ਪਰਿਵਾਰਿਕ ਮੈਂਬਰਾਂ ਵੱਲੋਂ ਉਕਤ ਨੌਜਵਾਨ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਕਤ ਨੌਜਵਾਨ ਕਿਤੇ ਵੀ ਹੈ ਤਾਂ ਪਰਿਵਾਰ ਨਾਲ ਸੰਪਰਕ ਕਰੇ ਪਰਿਵਾਰ ਚਿੰਤਾ ਵਿੱਚ ਹੈ।