ਸ਼੍ਰੋਮਣੀ ਕਮੇਟੀ ਦੀਆਂ ਬੱਸਾਂ ’ਤੇ ਹਮਲਾ ਸਰਕਾਰ ਦੀ ਨਾਕਾਮੀ ਦਾ ਸਬੂਤ : ਚਾਵਲਾ ਸ਼੍ਰੋਮਣੀ ਕਮੇਟੀ ਦੀਆਂ ਬੱਸਾਂ ’ਤੇ ਹਮਲਾ ਸਰਕਾਰ ਦੀ ਅਮਨ ਕਾਨੂੰਨ ਲਾਗੂ ਕਰਨ ਵਿੱਚ ਨਾਕਾਮੀ ਦਾ ਸਬੂਤ: ਚਾਵਲਾ
Publish Date: Fri, 21 Aug 2026 03:59 PM (IST)
Updated Date: Fri, 21 Aug 2026 04:00 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਆਨੰਦਪੁਰ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ ਨੇ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਬੱਸਾਂ ਦੀ ਭੰਨ-ਤੋੜ ਦੀ ਘਟਨਾ ਨੂੰ ਪੰਜਾਬ ਸਰਕਾਰ ਦੀ ਵੱਡੀ ਨਾਕਾਮੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਮਲਾ ਸਿਰਫ਼ ਬੱਸਾਂ ਨੂੰ ਨੁਕਸਾਨ ਪਹੁੰਚਾਉਣ ਦਾ ਨਹੀਂ, ਸਗੋਂ ਸ੍ਰੀ ਹਰਿਮੰਦਰ ਸਾਹਿਬ ਵਰਗੇ ਵਿਸ਼ਵ ਪ੍ਰਸਿੱਧ ਧਾਰਮਿਕ ਅਸਥਾਨ ਦੇ ਆਸ-ਪਾਸ ਸੁਰੱਖਿਆ ਪ੍ਰਬੰਧਾਂ ’ਤੇ ਵੀ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਭਾਈ ਚਾਵਲਾ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਹੈ ਅਤੇ ਸਾਰਾਗੜ੍ਹੀ ਸਰਾਂ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਠਹਿਰਦੇ ਹਨ। ਅਜਿਹੇ ਸੰਵੇਦਨਸ਼ੀਲ ਇਲਾਕੇ ਵਿੱਚ ਰਾਤ ਸਮੇਂ ਬੱਸਾਂ ਦੀ ਭੰਨ-ਤੋੜ ਦੀ ਘਟਨਾ ਵਾਪਰਨਾ ਪੁਲੀਸ ਦੀ ਗਸ਼ਤ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਵਿੱਚ ਰਾਤ ਸਮੇਂ ਪੁਲੀਸ ਦੀ ਪੈਟਰੋਲਿੰਗ ਅਤੇ ਗਸ਼ਤ ਹੁੰਦੀ ਤਾਂ ਅਜਿਹੀ ਘਟਨਾ ਨੂੰ ਅੰਜਾਮ ਦੇਣਾ ਸੌਖਾ ਨਹੀਂ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਲਗਾਤਾਰ ਚਿੰਤਾਜਨਕ ਬਣਦੀ ਜਾ ਰਹੀ ਹੈ ਅਤੇ ਸਰਕਾਰ ਅਪਰਾਧਾਂ ਨੂੰ ਰੋਕਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਭਾਈ ਚਾਵਲਾ ਨੇ ਦੱਸਿਆ ਕਿ ਇਹ ਬੱਸਾਂ ਬਾਹਰੋਂ ਆਉਣ ਵਾਲੀ ਸੰਗਤ ਨੂੰ ਵੱਖ-ਵੱਖ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਲਈ ਵਰਤੀਆਂ ਜਾਂਦੀਆਂ ਹਨ। ਜਬਲਪੁਰ ਤੋਂ ਆਈ ਸੰਗਤ ਨੂੰ ਵੀ ਇਨ੍ਹਾਂ ਬੱਸਾਂ ਰਾਹੀਂ ਗੁਰਧਾਮਾਂ ਦੀ ਯਾਤਰਾ ਕਰਵਾਈ ਜਾਣੀ ਸੀ, ਜੋ ਘਟਨਾ ਕਾਰਨ ਪ੍ਰਭਾਵਿਤ ਹੋਈ। ਉਨ੍ਹਾਂ ਕਿਹਾ ਕਿ ਘਟਨਾ ਦੌਰਾਨ ਗੋਲੀਆਂ ਚੱਲਣ ਦੀ ਵੀ ਸ਼ੰਕਾ ਹੈ, ਜਿਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਸਰਕਾਰ ਤੋਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕਰਨ ਅਤੇ ਅੰਮ੍ਰਿਤਸਰ ਵਿੱਚ ਰਾਤ ਸਮੇਂ ਸੁਰੱਖਿਆ ’ਤੇ ਗਸ਼ਤ ਦੇ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ।