ਬਰਸਾਤ ਨੇ ਤਿੰਨ ਦਿਨ ਪਹਿਲਾਂ ਲੱਗੀਆਂ ਇੰਟਰਲਾਕ ਟਾਈਲਾਂ ਦੀ ਢਾਲ ਦੀ ਖੋਲ੍ਹੀ ਪੋਲ਼ ਤਿੰਨ ਦਿਨ ਪਹਿਲਾਂ ਲਗਾਈਆਂ ਇੰਟਰਲੋਕ ਟਾਈਲਾਂ ਬਰਸਾਤ ’ਤੇ ਪਾਣੀ ਨੇ ਖੋਲ੍ਹੀ ‘ਢਾਲ’ ਦੀ ਪੋਲ
Publish Date: Wed, 19 Aug 2026 06:39 PM (IST)
Updated Date: Wed, 19 Aug 2026 06:42 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਪੰਜਾਬ ਸਰਕਾਰ ਵੱਲੋਂ ਸੜਕਾਂ ਅਤੇ ਜਨਤਕ ਥਾਵਾਂ ਦੇ ਨਵੀਨੀਕਰਨ ’ਤੇ ਕਰੋੜਾਂ ਰੁਪਏ ਖਰਚ ਕਰਕੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਬੱਸ ਅੱਡਾ ਬੈਂਸ-ਤਖਤਗੜ੍ਹ ਮੋੜ ’ਤੇ ਨਵੀਆਂ ਲਗਾਈਆਂ ਗਈਆਂ ਇੰਟਰਲਾਕਿੰਗ ਟਾਈਲਾਂ ਨੇ ਇਨ੍ਹਾਂ ਦਾਅਵਿਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਕਰੀਬ ਤਿੰਨ ਦਿਨ ਪਹਿਲਾਂ ਲਗਾਈਆਂ ਟਾਈਲਾਂ ਵਾਲੀ ਜਗ੍ਹਾ ’ਤੇ ਹੀ ਬਰਸਾਤ ਮਗਰੋਂ ਪਾਣੀ ਦਾ ਛੱਪੜ ਬਣ ਗਿਆ। ਜਾਣਕਾਰੀ ਅਨੁਸਾਰ ਇਸ ਸਥਾਨ ’ਤੇ ਪੀ.ਡਬਲਿਊ.ਡੀ. ਵਿਭਾਗ ਵੱਲੋਂ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਕਰਵਾਇਆ ਗਿਆ ਸੀ। ਕੰਮ ਮੁਕੰਮਲ ਹੋਣ ਤੋਂ ਕੁਝ ਹੀ ਦਿਨ ਬਾਅਦ ਹੋਈ ਬਰਸਾਤ ਨੇ ਨਿਰਮਾਣ ਕਾਰਜ ਦੀ ਗੁਣਵੱਤਾ ਅਤੇ ਪਾਣੀ ਦੀ ਨਿਕਾਸੀ ਲਈ ਦਿੱਤੀ ਗਈ ਢਾਲ ’ਤੇ ਸਵਾਲ ਖੜ੍ਹੇ ਕਰ ਦਿੱਤੇ। ਟਾਈਲਾਂ ਵਾਲੀ ਜਗ੍ਹਾ ’ਤੇ ਬਰਸਾਤੀ ਪਾਣੀ ਇਕੱਠਾ ਹੋਣ ਕਾਰਨ ਰਾਹਗੀਰਾਂ, ਦੁਕਾਨਦਾਰਾਂ ਅਤੇ ਬੱਸ ਅੱਡੇ ’ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਦੁਕਾਨਦਾਰਾਂ ਨੇ ਦੱਸਿਆ ਕਿ ਟਾਈਲਾਂ ਲਗਾਉਣ ਸਮੇਂ ਪਾਣੀ ਦੀ ਨਿਕਾਸੀ ਨੂੰ ਧਿਆਨ ਵਿੱਚ ਰੱਖਦਿਆਂ ਲੋੜੀਂਦੀ ਢਾਲ ਨਹੀਂ ਦਿੱਤੀ ਗਈ, ਜਿਸ ਕਾਰਨ ਪਾਣੀ ਇੱਕ ਥਾਂ ’ਤੇ ਇਕੱਠਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵਾਂ ਕੰਮ ਹੋਣ ਦੇ ਬਾਵਜੂਦ ਪਹਿਲੀ ਹੀ ਬਰਸਾਤ ਵਿੱਚ ਪਾਣੀ ਖੜ੍ਹਾ ਹੋ ਜਾਣਾ ਸਬੰਧਿਤ ਵਿਭਾਗ ਦੀ ਨਿਗਰਾਨੀ ਅਤੇ ਕੰਮ ਦੀ ਗੁਣਵੱਤਾ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਨਿਰਮਾਣ ਕਾਰਜ ਦੌਰਾਨ ਹੀ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਕਰ ਦਿੱਤਾ ਜਾਂਦਾ ਤਾਂ ਇਹ ਸਮੱਸਿਆ ਪੈਦਾ ਨਾ ਹੁੰਦੀ। ਲੋਕਾਂ ਨੇ ਮੰਗ ਕੀਤੀ ਕਿ ਵਿਭਾਗ ਦੇ ਅਧਿਕਾਰੀ ਮੌਕੇ ਦਾ ਜਾਇਜ਼ਾ ਲੈ ਕੇ ਖਾਮੀ ਨੂੰ ਤੁਰੰਤ ਦੂਰ ਕਰਵਾਉਣ ਅਤੇ ਕੰਮ ਦੀ ਗੁਣਵੱਤਾ ਦੀ ਜਾਂਚ ਕਰਵਾਉਣ। ਇਲਾਕਾ ਵਾਸੀਆਂ ਨੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਤੋਂ ਵੀ ਮੰਗ ਕੀਤੀ ਹੈ ਕਿ ਮਾਮਲੇ ਦਾ ਨੋਟਿਸ ਲੈਂਦਿਆਂ ਸਬੰਧਿਤ ਵਿਭਾਗ ਨੂੰ ਨਵੀਆਂ ਟਾਈਲਾਂ ਵਾਲੀ ਜਗ੍ਹਾ ਦੀ ਢਾਲ ਅਤੇ ਪਾਣੀ ਦੀ ਨਿਕਾਸੀ ਦਰੁਸਤ ਕਰਨ ਲਈ ਹਦਾਇਤਾਂ ਦਿੱਤੀਆਂ ਜਾਣ, ਤਾਂ ਜੋ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਰੋਜ਼ਾਨਾ ਦੀ ਮੁਸ਼ਕਲ ਤੋਂ ਰਾਹਤ ਮਿਲ ਸਕੇ।