ਬੰਦੀ ਸਿੰਘਾਂ ਦੀ ਰਿਹਾਈ ਲਈ ਕਿਸਾਨ ਜਥੇਬੰਦੀਆਂ ਵੱਲੋਂ ਕੱਲ੍ਹ ਪੰਜਾਬ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ 21 ਅਗਸਤ ਨੂੰ ਪੰਜਾਬ ਬੰਦਕਿਸਾਨ ਜਥੇਬੰਦੀਆਂ ਨੇ ਬਾਜ਼ਾਰਾਂ ਵਿੱਚ ਉਤਾਰਿਆ ਮੋਰਚਾ
Publish Date: Wed, 19 Aug 2026 04:18 PM (IST)
Updated Date: Wed, 19 Aug 2026 04:21 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨੂਰਪੁਰ ਬੇਦੀ : ਬੰਦੀ ਸਿੰਘਾਂ ਦੀ ਰਿਹਾਈ ਲਈ 21 ਅਗਸਤ ਨੂੰ ਦਿੱਤੀ ਪੰਜਾਬ ਬੰਦ ਦੀ ਕਾਲ ਨੂੰ ਸਫਲ ਬਣਾਉਣ ਲਈ ਕਿਸਾਨ ਜਥੇਬੰਦੀਆਂ ਨੇ ਹੁਣ ਸੜਕਾਂ ਅਤੇ ਬਾਜ਼ਾਰਾਂ ਵਿੱਚ ਮੋਰਚਾ ਸੰਭਾਲ ਲਿਆ ਹੈ। ਕਿਰਤੀ ਕਿਸਾਨ ਮੋਰਚਾ ਸਮੇਤ ਵੱਖ-ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਨੇ ਨੂਰਪੁਰ ਬੇਦੀ ਬੱਸ ਸਟੈਂਡ, ਬੈਂਸਾਂ ਅੱਡਾ ਅਤੇ ਇਲਾਕੇ ਦੇ ਹੋਰ ਬਾਜ਼ਾਰਾਂ ਵਿੱਚ ਪਹੁੰਚ ਕੇ ਦੁਕਾਨਦਾਰਾਂ ਨੂੰ ਬੰਦ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਕਿਰਤੀ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਵੀਰ ਸਿੰਘ ਬੜਵਾ ਦੀ ਅਗਵਾਈ ਹੇਠ ਕੀਤੀ ਗਈ ਇਸ ਮੁਹਿੰਮ ਦੌਰਾਨ ਆਗੂਆਂ ਨੇ ਕਿਹਾ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਦੀ ਰਿਹਾਈ ਦਾ ਮਾਮਲਾ ਦਹਾਕਿਆਂ ਤੋਂ ਲਟਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 21 ਅਗਸਤ ਦਾ ਬੰਦ ਕਿਸੇ ਇੱਕ ਧਰਮ ਜਾਂ ਭਾਈਚਾਰੇ ਦਾ ਨਹੀਂ, ਸਗੋਂ ਇਨਸਾਫ਼, ਮਨੁੱਖੀ ਅਧਿਕਾਰਾਂ ਅਤੇ ਸੰਵਿਧਾਨਕ ਹੱਕਾਂ ਨਾਲ ਜੁੜੀ ਆਵਾਜ਼ ਹੈ। ਵੀਰ ਸਿੰਘ ਬੜਵਾ ਅਤੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਕਿਸੇ ਵਿਅਕਤੀ ਨੂੰ ਲੰਬੇ ਸਮੇਂ ਤੱਕ ਜੇਲ੍ਹ ਵਿੱਚ ਰੱਖਣਾ ਇਨਸਾਫ਼ ਦੇ ਸਿਧਾਂਤਾਂ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਮਾਮਲੇ ’ਤੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅਤੇ 21 ਅਗਸਤ ਦੇ ਬੰਦ ਨੂੰ ਸਫਲ ਬਣਾਉਣਾ ਚਾਹੀਦਾ ਹੈ। ਆਗੂਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਭਾਈਚਾਰਿਆਂ ਵਿਚਕਾਰ ਤਰੇੜਾਂ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਲੋਕਾਂ ਨੂੰ ਇਕਜੁੱਟ ਹੋ ਕੇ ਨਾਕਾਮ ਕਰਨਾ ਚਾਹੀਦਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਪੰਜਾਬ ਨਾਲ ਸਬੰਧਤ ਅਹਿਮ ਮਸਲਿਆਂ ’ਤੇ ਸਰਕਾਰ ਦੀ ਚੁੱਪ ਲੋਕਾਂ ਵਿੱਚ ਰੋਸ ਪੈਦਾ ਕਰ ਰਹੀ ਹੈ। ਆਗੂਆਂ ਨੇ ਮੋਹਾਲੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਵਾਲੀ ਥਾਂ ’ਤੇ ਅੱਥਰੂ ਗੈਸ ਦੇ ਗੋਲੇ ਚਲਾਏ ਜਾਣ ਦੇ ਮਾਮਲੇ ਦਾ ਹਵਾਲਾ ਦਿੰਦਿਆਂ ਪੰਜਾਬ ਸਰਕਾਰ ਤੋਂ ਜ਼ਿੰਮੇਵਾਰੀ ਤੈਅ ਕਰਨ ਅਤੇ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਕਿਰਤੀ ਕਿਸਾਨ ਮੋਰਚਾ ਦੇ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਭੱਟੋ, ਟੈਕਸੀ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ, ਆਜ਼ਾਦ ਟੈਕਸੀ ਯੂਨੀਅਨ ਦੇ ਸੂਬਾ ਆਗੂ ਕਮਲਜੀਤ ਸਿੰਘ, ਮਨੋਜ ਜੋਸ਼ੀ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ 21 ਅਗਸਤ ਨੂੰ ਪੰਜਾਬ ਬੰਦ ਪੂਰਨ ਤੌਰ ’ਤੇ ਸਫਲ ਬਣਾਉਣ ਲਈ ਘਰ-ਘਰ ਅਤੇ ਦੁਕਾਨ-ਦੁਕਾਨ ਤੱਕ ਪਹੁੰਚ ਕੀਤੀ ਜਾ ਰਹੀ ਹੈ। ਮੌਕੇ ’ਤੇ ਮੌਜੂਦ ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਨੇ ਬੰਦ ਦੇ ਸੱਦੇ ਨੂੰ ਸਮਰਥਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਉੱਥੇਪ੍ਰੀਤਮ ਸਿੰਘ ਰਾਏਪੁਰ, ਅਵਤਾਰ ਸਿੰਘ ਅਸਾਲਤਪੁਰ ਹਰਪ੍ਰੀਤ ਭੱਟੋ, ਮੰਗਲ ਸਿੰਘ ਹਰੀਪੁਰ, ਅਮਰਜੀਤ ਸਿੰਘ ਬੈਂਸਾਂ, ਬਲਵੀਰ ਸਿੰਘ ਮੁੰਨੇ, ਸੋਮ ਸਿੰਘ ਮੁੰਨੇ, ਕੇਵਲ ਸਿੰਘ ਬ੍ਰਾਹਮਣ ਮਾਜਰਾ, ਸੁੱਚਾ ਸਿੰਘ ਕਲਮਾ ਤੋਂ ਇਲਾਵਾ ਹੋਰ ਵੀ ਕਿਸਾਨ ਆਗੂ ਸ਼ਾਮਿਲ ਸਨ