ਰੈਂਪਨੁਮਾ ਪੌੜੀ ਤੋੜਨ ਨੂੰ ਲੈ ਕੇ ਕੀਰਤਪੁਰ ਸਾਹਿਬ ’ਚ ਮਸਲਾ ਗਰਮਾਇਆ ਰੈਂਪਨੁਮਾ ਪੌੜੀ ਤੋੜਨ ਨੂੰ ਲੈ ਕੇ ਕੀਰਤਪੁਰ ਸਾਹਿਬ ’ਚ ਮਸਲਾ ਗਰਮਾਇਆ
Publish Date: Tue, 18 Aug 2026 06:41 PM (IST)
Updated Date: Tue, 18 Aug 2026 06:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਕੀਰਤਪੁਰ ਸਾਹਿਬ ਦੇ ਵਾਰਡ ਨੰਬਰ 9 ਵਿੱਚ ਇੱਕ ਘਰ ਦੇ ਬਾਹਰ ਬਣੀ ਰੈਂਪਨੁਮਾ ਪੌੜੀ ਨੂੰ ਹਟਾਉਣ ਲਈ ਨਗਰ ਪੰਚਾਇਤ ਦੀ ਟੀਮ ਦੇ ਪਹੁੰਚਣ ਤੋਂ ਬਾਅਦ ਮਾਮਲਾ ਸਿਆਸੀ ਰੂਪ ਧਾਰ ਗਿਆ। ਨਗਰ ਪੰਚਾਇਤ ਦੀ ਜੇਈ ਪ੍ਰਿਅੰਕਾ ਕੁਮਾਰੀ ਦੀ ਅਗਵਾਈ ਹੇਠ ਟੀਮ ਜਦੋਂ ਰੈਂਪ ਹਟਾਉਣ ਲਈ ਮੌਕੇ ’ਤੇ ਪਹੁੰਚੀ ਤਾਂ ਘਰ ਦੇ ਮਾਲਕ ਦਰਸ਼ਨ ਸਿੰਘ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਮਾਮਲੇ ਦੀ ਜਾਣਕਾਰੀ ਮਿਲਣ ’ਤੇ ਕਾਂਗਰਸ ਸਮੇਤ ਹੋਰ ਰਾਜਸੀ ਪਾਰਟੀਆਂ ਦੇ ਆਗੂ ਵੀ ਮੌਕੇ ’ਤੇ ਪਹੁੰਚ ਗਏ, ਜਿਸ ਕਾਰਨ ਉੱਥੇ ਕਾਫ਼ੀ ਦੇਰ ਤੱਕ ਬਹਿਸ ਅਤੇ ਵਿਰੋਧ ਦਾ ਮਾਹੌਲ ਬਣਿਆ ਰਿਹਾ। ਜਾਣਕਾਰੀ ਅਨੁਸਾਰ ਸਬੰਧਤ ਰੈਂਪ ਸਬੰਧੀ ਇੱਕ ਸ਼ਿਕਾਇਤ ਨਗਰ ਪੰਚਾਇਤ ਦਫ਼ਤਰ ਵਿੱਚ ਕੀਤੀ ਗਈ ਸੀ। ਇਸ ਦੇ ਆਧਾਰ ’ਤੇ ਨਗਰ ਪੰਚਾਇਤ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ। ਨਗਰ ਪੰਚਾਇਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਬੰਧਤ ਵਿਅਕਤੀ ਵੱਲੋਂ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਤੌਰ ’ਤੇ ਰੈਂਪ ਬਣਾਇਆ ਗਿਆ ਹੈ ਅਤੇ ਇਸ ਨੂੰ ਹਟਾਉਣ ਲਈ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਇਸ ਮੌਕੇ ’ਤੇ ਪਹੁੰਚਣ ਵਾਲਿਆਂ ਵਿੱਚ ਬਲਾਕ ਕਾਂਗਰਸ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਅਤੇ ਸਾਬਕਾ ਐਮਸੀ ਹਿਮਾਂਸ਼ੂ ਟੰਡਨ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਰਿੰਦਰ ਪਾਲ ਕੌੜਾ, ਮੌਜੂਦਾ ਐਮਸੀ ਰਜਨੀਸ਼ ਜੋਸ਼ੀ, ਕਾਂਗਰਸੀ ਆਗੂ ਮਨਿੰਦਰ ਸਿੰਘ ਸਾਹਿਬ ਤੋਂ ਇਲਾਵਾ ਹੋਰ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਵੀ ਸ਼ਾਮਲ ਸਨ। ਮੌਕੇ ’ਤੇ ਇਹਨਾਂ ਵੱਲੋਂ ਨਗਰ ਪੰਚਾਇਤ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਇਹ ਰੈਂਪ ਨਿਯਮਾਂ ਦੇ ਉਲਟ ਹੈ ਤਾਂ ਕਾਰਵਾਈ ਸਿਰਫ਼ ਇੱਕ ਘਰ ਤੱਕ ਹੀ ਕਿਉਂ ਸੀਮਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੀਰਤਪੁਰ ਸਾਹਿਬ ਸ਼ਹਿਰ ਦੀਆਂ ਕਈ ਗਲੀਆਂ ਵਿੱਚ ਲੋਕਾਂ ਵੱਲੋਂ ਵੱਡੇ-ਵੱਡੇ ਰੈਂਪ ਜਾਂ ਰੈਂਪਨੁਮਾ ਪੌੜੀਆਂ ਬਣਾਈਆਂ ਹੋਈਆਂ ਹਨ, ਜੋ ਕਈ ਥਾਵਾਂ ’ਤੇ ਆਵਾਜਾਈ ਵਿੱਚ ਰੁਕਾਵਟ ਵੀ ਪੈਦਾ ਕਰ ਰਹੀਆਂ ਹਨ। ਕਾਂਗਰਸੀ ਆਗੂਆਂ ਨੇ ਕਿਹਾ ਕਿ ਜੇਕਰ ਨਗਰ ਪੰਚਾਇਤ ਵੱਲੋਂ ਸਰਕਾਰੀ ਜ਼ਮੀਨ ਜਾਂ ਗਲੀਆਂ ਵਿੱਚ ਹੋਈਆਂ ਨਾਜਾਇਜ਼ ਰੈਂਪਾਂ ਦੀਆਂ ਉਸਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਪੂਰੇ ਸ਼ਹਿਰ ਵਿੱਚ ਇੱਕੋ ਜਿਹੀ ਕਾਰਵਾਈ ਹੋਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਕਿਸੇ ਇੱਕ ਵਿਅਕਤੀ ਦੇ ਰੈਂਪ ਨੂੰ ਤੋੜਨ ਦੀ ਬਜਾਏ ਸ਼ਹਿਰ ਵਿੱਚ ਅਜਿਹੀਆਂ ਸਾਰੀਆਂ ਉਸਾਰੀਆਂ ਦੀ ਪਛਾਣ ਕਰਕੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇੱਕ ਪਰਿਵਾਰ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਇਹ ਕਾਰਵਾਈ ਸਿਆਸੀ ਰੰਜਿਸ਼ ਦਾ ਨਤੀਜਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਰੈਂਪ ਹਟਾਉਣੇ ਹਨ ਤਾਂ ਪਹਿਲਾਂ ਪੂਰੇ ਸ਼ਹਿਰ ਵਿੱਚ ਬਣੇ ਰੈਂਪਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਘਰ ਦੇ ਮਾਲਕ ਦਰਸ਼ਨ ਸਿੰਘ ਨੇ ਵੀ ਇਸ ਕਾਰਵਾਈ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਉਸ ਨੂੰ ਨਗਰ ਪੰਚਾਇਤ ਦੀਆਂ ਚੋਣਾਂ ਦੀ ਰੰਜਿਸ਼ ਦੇ ਚੱਲਦਿਆਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸ਼ਹਿਰ ਦੇ ਹੋਰ ਲੋਕਾਂ ਵੱਲੋਂ ਬਣਾਏ ਗਏ ਰੈਂਪਾਂ ’ਤੇ ਵੀ ਉਸੇ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਸਬੰਧੀ ਜਦੋਂ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਨਵੇਂ ਪ੍ਰਧਾਨ ਗੁਰਮੀਤ ਸਿੰਘ ਟੀਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਕਿਸੇ ਵੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਬੰਧਤ ਰੈਂਪ ਸਬੰਧੀ ਉਸ ਦੇ ਗੁਆਂਢੀ ਵੱਲੋਂ ਨਗਰ ਪੰਚਾਇਤ ਦਫ਼ਤਰ ਵਿੱਚ ਸ਼ਿਕਾਇਤ ਕੀਤੀ ਗਈ ਸੀ ਅਤੇ ਨਗਰ ਪੰਚਾਇਤ ਵੱਲੋਂ ਉਸ ਸ਼ਿਕਾਇਤ ਦੇ ਆਧਾਰ ’ਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਰੈਂਪ ਹਟਾਉਣ ਲਈ ਮੌਕੇ ’ਤੇ ਪਹੁੰਚੀ ਨਗਰ ਪੰਚਾਇਤ ਦੀ ਜੇਈ ਪ੍ਰਿਅੰਕਾ ਕੁਮਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਬੰਧਤ ਵਿਅਕਤੀ ਵੱਲੋਂ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਤੌਰ ’ਤੇ ਰੈਂਪ ਦੀ ਉਸਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਅਕਤੀ ਨੂੰ ਤਿੰਨ ਵਾਰ ਨੋਟਿਸ ਦਿੱਤੇ ਜਾ ਚੁੱਕੇ ਹਨ, ਪਰ ਇਸ ਦੇ ਬਾਵਜੂਦ ਰੈਂਪ ਨਹੀਂ ਹਟਾਇਆ ਗਿਆ। ਇਸੇ ਕਾਰਨ ਨਗਰ ਪੰਚਾਇਤ ਦੀ ਟੀਮ ਰੈਂਪ ਹਟਾਉਣ ਲਈ ਮੌਕੇ ’ਤੇ ਪਹੁੰਚੀ ਹੈ। ਸ਼ਹਿਰ ਵਿੱਚ ਛਿੜੀ ਚਰਚਾ ਇਸ ਪੂਰੇ ਮਾਮਲੇ ਤੋਂ ਬਾਅਦ ਹੁਣ ਕੀਰਤਪੁਰ ਸਾਹਿਬ ਸ਼ਹਿਰ ਵਿੱਚ ਵੀ ਚਰਚਾ ਛਿੜ ਗਈ ਹੈ ਕਿ ਕੀ ਪੂਰੇ ਸ਼ਹਿਰ ਵਿੱਚੋਂ ਨਗਰ ਪੰਚਾਇਤ ਨੂੰ ਸਿਰਫ਼ ਇੱਕ ਵਿਅਕਤੀ ਦਾ ਹੀ ਰੈਂਪ ਨਜ਼ਰ ਆਇਆ ਹੈ ਜਾਂ ਫਿਰ ਹੋਰ ਨਾਜਾਇਜ਼ ਉਸਾਰੀਆਂ ਵੀ ਨਜ਼ਰ ਆ ਰਹੀਆਂ ਹਨ? ਅਤੇ ਇਹ ਵੀ ਚਰਚਾ ਛਿੜੀ ਹੋਈ ਹੈ ਕਿ ਨਗਰ ਪੰਚਾਇਤ ਨੂੰ ਇਸ ਰੈਪ ਨੂੰ ਤੜਾਉਣ ਦੇ ਲਈ ਪੁਲਿਸ ਦੀ ਮਦਦ ਕਿਉਂ ਲੈਣੀ ਪਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਮੇਨ ਗਲੀਆਂ ਸਮੇਤ ਕਈ ਥਾਵਾਂ ’ਤੇ ਲੋਕਾਂ ਵੱਲੋਂ ਘਰਾਂ ਅਤੇ ਦੁਕਾਨਾਂ ਦੇ ਬਾਹਰ ਵੱਡੇ-ਵੱਡੇ ਰੈਂਪ ਕੱਢੇ ਹੋਏ ਹਨ। ਕਈ ਥਾਵਾਂ ’ਤੇ ਇਹ ਰੈਂਪ ਗਲੀ ਦਾ ਕਾਫ਼ੀ ਹਿੱਸਾ ਘੇਰ ਲੈਂਦੇ ਹਨ ਅਤੇ ਲੋਕਾਂ ਦੀ ਆਵਾਜਾਈ ਵਿੱਚ ਰੁਕਾਵਟ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਗਲੀਆਂ ਵਿੱਚ ਖੋਖੇ ਅਤੇ ਹੋਰ ਸਮਾਨ ਰੱਖੇ ਜਾਣ ਕਾਰਨ ਵੀ ਰਸਤੇ ਪ੍ਰਭਾਵਿਤ ਹੁੰਦੇ ਹਨ ਇਸੇ ਕਾਰਨ ਸ਼ਹਿਰ ਵਾਸੀਆਂ ਵਿੱਚ ਇਹ ਚਰਚਾ ਵੀ ਜ਼ੋਰ ਫੜ ਰਹੀ ਹੈ ਕਿ ਜੇਕਰ ਨਗਰ ਪੰਚਾਇਤ ਨੇ ਸਰਕਾਰੀ ਜ਼ਮੀਨ ਅਤੇ ਗਲੀਆਂ ਵਿੱਚ ਹੋਈਆਂ ਨਾਜਾਇਜ਼ ਉਸਾਰੀਆਂ ਹਟਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਇਹ ਕਾਰਵਾਈ ਸਿਰਫ਼ ਇੱਕ ਰੈਂਪ ਤੱਕ ਸੀਮਤ ਨਾ ਰਹੇ, ਬਲਕਿ ਪੂਰੇ ਸ਼ਹਿਰ ਵਿੱਚ ਨਾਜਾਇਜ਼ ਰੈਂਪਾਂ ਦੀਆਂ ਉਸਾਰੀਆਂ ਦੀ ਜਾਂਚ ਕਰਕੇ ਬਿਨਾਂ ਕਿਸੇ ਪੱਖਪਾਤ ਦੇ ਸਾਰਿਆਂ ਖ਼ਿਲਾਫ਼ ਇਕਸਾਰ ਕਾਰਵਾਈ ਕੀਤੀ ਜਾਵੇ।