ਮਾਈਨਿੰਗ ਤੋਂ ਪੰਜਾਬ ਸਰਕਾਰ ਨੇ 825 ਕਰੋੜ ਰੁਪਏ ਸਾਲਾਨਾ ਆਮਦਨ ਪੈਦਾ ਕੀਤੀ : ਬਰਿੰਦਰ ਗੋਇਲ ਮਾਈਨਿੰਗ ਤੋਂ ਪੰਜਾਬ ਸਰਕਾਰ ਨੇ 825 ਕਰੋੜ ਰੁਪਏ ਸਾਲਾਨਾ ਆਮਦਨ ਪੈਦਾ ਕੀਤੀ: ਬਰਿੰਦਰ ਗੋਇਲ
Publish Date: Tue, 18 Aug 2026 05:09 PM (IST)
Updated Date: Tue, 18 Aug 2026 05:12 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਆਨੰਦਪੁਰ ਸਾਹਿਬ : ਪੰਜਾਬ ਦੇ ਮਾਈਨਿੰਗ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮਾਈਨਿੰਗ ਦੇ ਖੇਤਰ ਵਿੱਚ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਸਾਲਾਨਾ ਆਮਦਨ ਵਿੱਚ ਵੱਡਾ ਵਾਧਾ ਕਰਦਿਆਂ 825 ਕਰੋੜ ਰੁਪਏ ਦੀ ਆਮਦਨ ਪੈਦਾ ਕੀਤੀ ਹੈ, ਜਦਕਿ ਪਹਿਲਾਂ ਮਾਈਨਿੰਗ ਤੋਂ ਸਿਰਫ਼ 125 ਕਰੋੜ ਰੁਪਏ ਸਾਲਾਨਾ ਆਮਦਨ ਹੁੰਦੀ ਸੀ। ਉਨ੍ਹਾਂ ਕਿਹਾ ਕਿ ਮਾਈਨਿੰਗ ਤੋਂ ਆਮਦਨ ਵਿੱਚ ਹੋਇਆ ਇਹ ਵਾਧਾ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਅਕਾਲੀ-ਭਾਜਪਾ ਗੱਠਜੋੜ ਦੀਆਂ ਚੱਲ ਰਹੀਆਂ ਚਰਚਾਵਾਂ ਸਬੰਧੀ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਦਾਅਵਾ ਕੀਤਾ ਕਿ ਜੇਕਰ ਦੋਵਾਂ ਪਾਰਟੀਆਂ ਦਾ ਗੱਠਜੋੜ ਹੋ ਵੀ ਜਾਂਦਾ ਹੈ ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਣਾ। ਭਾਜਪਾ ਦੀਆਂ ਨਵੀਆਂ ਨਿਯੁਕਤੀਆਂ ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਜਿਸ ਮਰਜ਼ੀ ਵਿਅਕਤੀ ਨੂੰ ਕੋਈ ਵੀ ਅਹੁਦਾ ਦੇਵੇ, ਪੰਜਾਬ ਦੇ ਲੋਕ ਭਾਜਪਾ ਨੂੰ ਪਸੰਦ ਨਹੀਂ ਕਰਦੇ ਅਤੇ ਇਹ ਪਾਰਟੀ ਪੰਜਾਬ ਵਿਰੋਧੀ ਹੈ। ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ’ਤੇ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਪਣੇ ਬਿਮਾਰ ਪਰਿਵਾਰਕ ਮੈਂਬਰਾਂ ਨੂੰ ਮਿਲਣਾ ਹਰ ਵਿਅਕਤੀ ਦਾ ਮੌਲਿਕ ਅਧਿਕਾਰ ਹੈ ਅਤੇ ਉਹ ਇਸ ਦੀ ਹਮਾਇਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬਾਕੀ ਕਾਰਵਾਈ ਰਾਜਪਾਲ ਵੱਲੋਂ ਕੀਤੀ ਜਾਣੀ ਹੈ। ਕਿਸਾਨਾਂ ਦੇ ਸੰਘਰਸ਼ ਬਾਰੇ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਤਾ ਲੱਗ ਗਿਆ ਹੈ ਕਿ ਉਨ੍ਹਾਂ ਦੇ ਮੁੱਦੇ ਕੇਂਦਰ ਸਰਕਾਰ ਹੀ ਹੱਲ ਕਰ ਸਕਦੀ ਹੈ ਅਤੇ ਉਹ ਕਿਸਾਨਾਂ ਦੇ ਨਾਲ ਚਟਾਨ ਵਾਂਗ ਖੜ੍ਹੇ ਹਨ। ਕੈਬਨਿਟ ਮੰਤਰੀ ਬਰਿੰਦਰ ਗੋਇਲ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ‘ਜੈ ਮਾਂ ਨੈਣਾ ਦੇਵੀ ਲੰਗਰ ਕਮੇਟੀ’ ਅਤੇ ‘ਮਾਤਾ ਨੈਣਾ ਦੇਵੀ ਲੰਗਰ ਸੇਵਾ ਟਰੱਸਟ’ ਗਿਆਸਪੁਰਾ, ਲੁਧਿਆਣਾ ਵੱਲੋਂ ਸਾਉਣ ਅਸ਼ਟਮੀ ਮੇਲੇ ਦੌਰਾਨ ਲਗਾਏ ਜਾ ਰਹੇ 10 ਰੋਜ਼ਾ ਲੰਗਰ ਵਿੱਚ ਸ਼ਮੂਲੀਅਤ ਕੀਤੀ ਅਤੇ ਮਹਾਂਮਾਈ ਦਾ ਆਸ਼ੀਰਵਾਦ ਲਿਆ। ਇਸ ਮੌਕੇ ਲੰਗਰ ਕਮੇਟੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਅਤੇ ਪਾਣੀ ਦੀ ਨਿਕਾਸੀ ਸਬੰਧੀ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਮੌਕੇ ਪ੍ਰਮੋਦ ਕੁਮਾਰ, ਮੁਨੀਸ਼ ਕੇਅਰਪਾਲ, ਨਰਿੰਦਰ ਸ਼ਰਮਾ, ਆਸ਼ੂ ਧੀਮਾਨ, ਸਾਬਕਾ ਸਰਪੰਚ ਅਜੇ ਰਾਣਾ, ਜਨਕ ਰਾਜ ਸਿੰਗਲਾ, ਸ਼ੁਭਾਸ਼ ਸਿੰਗਲਾ, ਬਲਵੰਤ ਸਿੰਘ ਕਾਂਤੀ, ਅਮਰਪ੍ਰੀਤ ਕੱਕੜ, ਸੁਰੇਸ਼ ਅਗਰਵਾਲ, ਨਰੇਸ਼ ਗਰਗ, ਵਿਪਨ ਗਰਗ, ਸੰਜੀਵ ਸਿੰਗਲਾ, ਗੁਰਪਿਆਰ ਸਿੰਘ ਹੈਪੀ, ਵਰਿੰਦਰ ਮੰਡੀ, ਦੀਪਕ ਮਾਸਟਰ, ਯੁਗੇਸ਼ ਗੋਇਲ ਅਤੇ ਸੰਜੇ ਮਹਿਤਾ ਸਮੇਤ ਵੱਡੀ ਗਿਣਤੀ ਵਿੱਚ ਲੰਗਰ ਕਮੇਟੀ ਦੇ ਮੈਂਬਰ ਹਾਜ਼ਰ ਸਨ।