ਨੂਰਪੁਰਬੇਦੀ ਦੇ 40 ਤੋਂ ਵੱਧ ਮੈਂਬਰਾਂ ਨੇ ਦਸਤਾਵੇਜ਼ ਸੌਂਪੇ ਮੈਡੀਕਲ ਪ੍ਰੈਕਟੀਸ਼ਨਰਜ਼ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਤਹਿਤ ਨੂਰਪੁਰਬੇਦੀ ਦੇ 40 ਤੋਂ ਵੱਧ ਮੈਂਬਰਾਂ ਨੇ ਦਸਤਾਵੇਜ਼ ਸੌਂਪੇ
Publish Date: Tue, 18 Aug 2026 04:38 PM (IST)
Updated Date: Tue, 18 Aug 2026 04:39 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਲੰਬੇ ਸਮੇਂ ਤੋਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰਜ਼ ਦੀ ਰਜਿਸਟ੍ਰੇਸ਼ਨ ਦੀ ਮੰਗ ਨੂੰ ਲੈ ਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸ਼ੋਸ਼ੀਏਸ਼ਨ ਵੱਲੋਂ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਪੰਜਾਬ ਸਰਕਾਰ ਦੇ ਸਿਹਤ ਮੰਤਰਾਲੇ ਅਤੇ ਵੱਖ-ਵੱਖ ਕੈਬਨਿਟ ਮੰਤਰੀਆਂ ਨਾਲ ਐਸ਼ੋਸ਼ੀਏਸ਼ਨ ਦੀ ਸੂਬਾ ਕਮੇਟੀ ਦੀ ਹੋਈ ਮੀਟਿੰਗ ਤੋਂ ਬਾਅਦ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿੱਚ ਸਿਹਤ ਸੇਵਾਵਾਂ ਦੇ ਰਹੇ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਵਿਸ਼ੇਸ਼ ਟ੍ਰੇਨਿੰਗ ਦੇ ਕੇ ਰਜਿਸਟਰਡ ਕਰਨ ਦੀ ਤਜਵੀਜ਼ ਨੂੰ ਹਰੀ ਝੰਡੀ ਦਿੱਤੀ ਗਈ ਹੈ। ਇਸ ਪ੍ਰਕਿਰਿਆ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਬਲਾਕਾਂ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਵੱਲੋਂ ਲੋੜੀਂਦੇ ਤਜਰਬਾ ਦਸਤਾਵੇਜ਼, ਸਵੈ-ਘੋਸ਼ਣਾ ਪੱਤਰ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਿਹਤ ਵਿਭਾਗ ਦੇ ਅਧਿਕਾਰੀਆਂ ਕੋਲ ਜਮ੍ਹਾਂ ਕਰਵਾਏ ਜਾ ਰਹੇ ਹਨ। ਇਸੇ ਕੜੀ ਤਹਿਤ ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ ਐਸ਼ੋਸ਼ੀਏਸ਼ਨ ਬਲਾਕ ਨੂਰਪੁਰਬੇਦੀ ਦੀ ਇਕਾਈ ਵੱਲੋਂ ਜ਼ਿਲ੍ਹਾ ਮੀਡੀਆ ਇੰਚਾਰਜ ਅਤੇ ਸੂਬਾਈ ਆਗੂ ਦਿਨੇਸ਼ ਹੱਲਣ ਅਤੇ ਬਲਾਕ ਪ੍ਰਧਾਨ ਡਾਕਟਰ ਗੁਰਪਾਲ ਚੌਧਰੀ ਦੀ ਅਗਵਾਈ ਹੇਠ 40 ਤੋਂ ਵੱਧ ਮੈਂਬਰਾਂ ਦੇ ਲੋੜੀਂਦੇ ਦਸਤਾਵੇਜ਼ ਅਤੇ ਸਵੈ-ਘੋਸ਼ਣਾ ਪੱਤਰ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਪ੍ਰੀਤ ਕੌਰ ਨੂੰ ਸੌਂਪੇ ਗਏ। ਇਸ ਮੌਕੇ ਡਾਕਟਰ ਹਰਪ੍ਰੀਤ ਕੌਰ ਨੇ ਐਸ਼ੋਸ਼ੀਏਸ਼ਨ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਜਮ੍ਹਾਂ ਕਰਵਾਏ ਗਏ ਦਸਤਾਵੇਜ਼ ਜਲਦ ਤੋਂ ਜਲਦ ਜ਼ਿਲ੍ਹਾ ਸਿਵਲ ਸਰਜਨ ਰੂਪਨਗਰ ਰਾਹੀਂ ਪੰਜਾਬ ਸਰਕਾਰ ਨੂੰ ਭੇਜੇ ਜਾਣਗੇ। ਐਸ਼ੋਸ਼ੀਏਸ਼ਨ ਦੇ ਆਗੂਆਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਵਿੱਚ ਸਿਹਤ ਸਬੰਧੀ ਜਾਗਰੂਕਤਾ ਫੈਲਾਉਣ ਲਈ ਜਦੋਂ ਵੀ ਵਿਭਾਗ ਨੂੰ ਐਸ਼ੋਸ਼ੀਏਸ਼ਨ ਦੀ ਲੋੜ ਪਵੇਗੀ, ਉਹ ਹਰ ਸੰਭਵ ਸਹਿਯੋਗ ਦੇਣਗੇ। ਇਸ ਮੌਕੇ ਮੈਡੀਕਲ ਅਫ਼ਸਰ ਡਾਕਟਰ ਜਗਦੀਪ ਸਿੰਘ, ਐਸਆਈ ਹਰਿੰਦਰ ਸਿੰਘ ਭੱਲੜੀ, ਨਰਿੰਦਰ ਸਰਥਲੀ ਤੋਂ ਇਲਾਵਾ ਐਸ਼ੋਸ਼ੀਏਸ਼ਨ ਦੇ ਆਗੂ ਦਿਨੇਸ਼ ਹੱਲਣ, ਗੁਰਪਾਲ ਚੌਧਰੀ, ਧਰਵਿੰਦਰ ਗੋਨੀ, ਰਾਮ ਨਲਹੋਟੀ, ਬਲਵਿੰਦਰ ਸਿੰਘ, ਅਜੇ ਕੁਮਾਰ ਆਦਿ ਹਾਜ਼ਰ ਸਨ।