ਸ਼ਹੀਦਾਂ ਦੇ ਸਨਮਾਨ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ : ਪਰਾਸ਼ਰ ਸਾਡੇ ਸ਼ਹੀਦਾਂ ਦੇ ਸਨਮਾਨ ਨਾਲ ਕਿਸੇ ਨੂੰ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ: ਬਲਰਾਮ ਪਰਾਸ਼ਰ
Publish Date: Mon, 17 Aug 2026 06:13 PM (IST)
Updated Date: Mon, 17 Aug 2026 06:15 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ਼੍ਰੀ ਆਨੰਦਪੁਰ ਸਾਹਿਬ: 80ਵੇਂ ਆਜ਼ਾਦੀ ਦਿਹਾੜੇ ਦੇ ਪਵਿੱਤਰ ਮੌਕੇ ’ਤੇ ਸ਼੍ਰੀ ਆਨੰਦਪੁਰ ਸਾਹਿਬ ਅਤੇ ਨੰਗਲ ਉਪ-ਮੰਡਲਾਂ ਵਿੱਚ ਸ਼ਰਾਬ ਦੇ ਠੇਕੇ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣ ਦੇ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਭਾਜਪਾ ਦੇ ਚੀਫ਼ ਸਪੋਕਸਪਰਸਨ ਅਤੇ ਨੌਜਵਾਨ ਆਗੂ ਬਲਰਾਮ ਪਰਾਸ਼ਰ ਨੇ ਸਖ਼ਤ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪਰਵ ’ਤੇ ਸ਼ਰਾਬ ਦੀ ਵਿਕਰੀ ਜਾਰੀ ਰਹਿਣਾ ਸਿਰਫ਼ ਨਿਯਮਾਂ ਦੀ ਉਲੰਘਣਾ ਨਹੀਂ, ਸਗੋਂ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਅਮਰ ਸ਼ਹੀਦਾਂ ਦੀ ਸ਼ਹਾਦਤ ਦਾ ਅਪਮਾਨ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਬਲਰਾਮ ਪਰਾਸ਼ਰ ਨੇ ਕਿਹਾ ਕਿ 15 ਅਗਸਤ, 26 ਜਨਵਰੀ ਅਤੇ 2 ਅਕਤੂਬਰ ਵਰਗੇ ਰਾਸ਼ਟਰੀ ਦਿਹਾੜਿਆਂ ’ਤੇ ਦੇਸ਼ ਭਰ ਵਿੱਚ ‘ਡਰਾਈ ਡੇਅ’ ਦੇ ਨਿਯਮ ਲਾਗੂ ਹੁੰਦੇ ਹਨ। ਇਨ੍ਹਾਂ ਦਿਨਾਂ ਦਾ ਮਕਸਦ ਦੇਸ਼ ਦੀ ਆਜ਼ਾਦੀ ਅਤੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਹੈ। ਪਰ ਸ਼੍ਰੀ ਆਨੰਦਪੁਰ ਸਾਹਿਬ ਅਤੇ ਨੰਗਲ ਖੇਤਰ ਵਿੱਚ ਠੇਕੇ ਖੁੱਲ੍ਹੇ ਰਹਿਣ ਕਾਰਨ ਪ੍ਰਸ਼ਾਸਨਿਕ ਕਾਰਜਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਣ ਉਪਰੰਤ ਉਨ੍ਹਾਂ ਨੇ ਜ਼ਿੰਮੇਵਾਰ ਨਾਗਰਿਕ ਵਜੋਂ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਡਿਪਟੀ ਕਮਿਸ਼ਨਰ ਦਫ਼ਤਰ ਰੂਪਨਗਰ ਦੇ ਨੰਬਰ ’ਤੇ ਸੰਪਰਕ ਕਰਨ ਦੇ ਬਾਵਜੂਦ ਕਿਸੇ ਸੀਨੀਅਰ ਅਧਿਕਾਰੀ ਨਾਲ ਗੱਲ ਨਹੀਂ ਕਰਵਾਈ ਗਈ। ਇਸੇ ਤਰ੍ਹਾਂ ਐਕਸਾਈਜ਼ ਵਿਭਾਗ ਦੇ ਨੋਡਲ ਅਧਿਕਾਰੀ ਨਾਲ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਫੋਨ ਦਾ ਜਵਾਬ ਨਹੀਂ ਮਿਲਿਆ। ਉਨ੍ਹਾਂ ਅਨੁਸਾਰ ਐਕਸਾਈਜ਼ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਫੋਨ ਸਵਿੱਚ ਆਫ਼ ਮਿਲਿਆ। ਪਰਾਸ਼ਰ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਨੰਗਲ ਦੇ ਉਪ ਕਪਤਾਨ ਲਹਿਲ ਅਤੇ ਥਾਣਾ ਮੁੱਖੀ ਦਾਨਾਸ਼ਵੀਰ ਸਿੰਘ ਨਾਲ ਗੱਲਬਾਤ ਕੀਤੀ, ਜਿਸ ਉਪਰੰਤ ਰਾਤ ਕਰੀਬ 8 ਵਜੇ ਠੇਕੇ ਬੰਦ ਕਰਵਾਉਣ ਦੀ ਕਾਰਵਾਈ ਸ਼ੁਰੂ ਹੋਈ। ਹਾਲਾਂਕਿ ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨਿਕ ਢਿੱਲ ਕਾਰਨ ਠੇਕੇ ਪੂਰੀ ਤਰ੍ਹਾਂ ਬੰਦ ਨਹੀਂ ਹੋ ਸਕੇ। ਬਲਰਾਮ ਪਰਾਸ਼ਰ ਨੇ ਕਿਹਾ, ਦਫ਼ਤਰਾਂ ਦੀਆਂ ਕੰਧਾਂ ’ਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀਆਂ ਤਸਵੀਰਾਂ ਲਗਾ ਦੇਣ ਨਾਲ ਇਨਕਲਾਬ ਨਹੀਂ ਆਉਂਦਾ, ਇਨਕਲਾਬੀ ਸੋਚ ਨੂੰ ਅਮਲ ਵਿੱਚ ਲਿਆਉਣਾ ਪੈਂਦਾ ਹੈ।ਉਨ੍ਹਾਂ ਕਿਹਾ ਕਿ ਜਿਸ ਦਿਨ ਪੂਰਾ ਦੇਸ਼ ਆਜ਼ਾਦੀ ਦੇ ਸ਼ਹੀਦਾਂ ਨੂੰ ਨਮਨ ਕਰ ਰਿਹਾ ਸੀ, ਉਸ ਦਿਨ ਸ਼ਰਾਬ ਦੇ ਠੇਕੇ ਖੁੱਲ੍ਹੇ ਰਹਿਣਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਜ਼ਿੰਮੇਵਾਰ ਐਕਸਾਈਜ਼ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ। ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਭਵਿੱਖ ਵਿੱਚ ਰਾਸ਼ਟਰੀ ਦਿਹਾੜਿਆਂ ਮੌਕੇ ਅਜਿਹੀ ਲਾਪਰਵਾਹੀ ਨਾ ਹੋਵੇ, ਇਸ ਲਈ ਪੱਕੇ ਪ੍ਰਬੰਧ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਦੇਸ਼ ਦੇ ਸ਼ਹੀਦਾਂ ਦੇ ਸਨਮਾਨ ਨਾਲ ਕਿਸੇ ਨੂੰ ਵੀ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ।