ਮੁਟਿਆਰਾਂ ਵੱਲੋਂ ਤਾਜ ਹੋਟਲ ਵਿਖੇ ਮਨਾਇਆ ਤੀਆਂ ਦਾ ਤਿਉਹਾਰ ਇਲਾਕੇ ਦੀਆਂ ਮੁਟਿਆਰਾਂ ਵੱਲੋਂ ਤਾਜ ਹੋਟਲ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ
Publish Date: Mon, 17 Aug 2026 04:12 PM (IST)
Updated Date: Mon, 17 Aug 2026 04:15 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਸਾਉਣ ਦੇ ਮਹੀਨੇ ਦੀਆਂ ਖੁਸ਼ੀਆਂ ਅਤੇ ਪੰਜਾਬੀ ਸੱਭਿਆਚਾਰ ਦੀਆਂ ਰਵਾਇਤੀ ਰੰਗਤਾਂ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਇਲਾਕੇ ਦੀਆਂ ਮੁਟਿਆਰਾਂ ਅਤੇ ਮਹਿਲਾਵਾਂ ਵੱਲੋਂ ਤਾਜ ਹੋਟਲ ਵਿਖੇ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦੇ ਗਿੱਧੇ, ਬੋਲੀਆਂ, ਡਾਂਸ ਅਤੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਨੇ ਮਾਹੌਲ ਨੂੰ ਖੁਸ਼ੀਆਂ ਨਾਲ ਭਰ ਦਿੱਤਾ। ਸਮਾਗਮ ਵਿੱਚ ਮਹਿਲਾਵਾਂ ਅਤੇ ਮੁਟਿਆਰਾਂ ਨੇ ਰਵਾਇਤੀ ਪੰਜਾਬੀ ਪਹਿਰਾਵਿਆਂ ਵਿੱਚ ਸਜ-ਧਜ ਕੇ ਸ਼ਿਰਕਤ ਕੀਤੀ। ਰੰਗ-ਬਿਰੰਗੇ ਪੰਜਾਬੀ ਸੂਟ, ਫੁਲਕਾਰੀਆਂ, ਪਰਾਂਦੇ ਅਤੇ ਰਵਾਇਤੀ ਗਹਿਣਿਆਂ ਨਾਲ ਸਜੀਆਂ ਮੁਟਿਆਰਾਂ ਨੇ ਪੰਜਾਬੀ ਸੱਭਿਆਚਾਰ ਦੀ ਖੂਬਸੂਰਤ ਤਸਵੀਰ ਪੇਸ਼ ਕੀਤੀ। ਇਸ ਮੌਕੇ ਤੀਆਂ ਦੇ ਰਵਾਇਤੀ ਗੀਤਾਂ, ਬੋਲੀਆਂ ਅਤੇ ਗਿੱਧੇ ਦਾ ਖੂਬ ਆਨੰਦ ਮਾਣਿਆ ਗਿਆ। ਸਮਾਗਮ ਦੌਰਾਨ ਮਿਸ ਬਿਊਟੀ, ਬੈਸਟ ਡਾਂਸ, ਗਿੱਧਾ ਅਤੇ ਬੋਲੀਆਂ ਦੇ ਮੁਕਾਬਲੇ ਵੀ ਕਰਵਾਏ ਗਏ। ਮਿਸ ਬਿਊਟੀ ਦਾ ਖਿਤਾਬ ਮਨਪ੍ਰੀਤ ਕੌਰ ਨੇ ਹਾਸਲ ਕੀਤਾ। ਬੈਸਟ ਡਾਂਸ ਵਿੱਚ ਆਸ਼ੂ ਅਤੇ ਮੁਮਤਾਜ਼ ਨੇ ਬਾਜ਼ੀ ਮਾਰੀ। ਗੇਮਜ਼ ਵਿੱਚ ਰਜੂ ਅਤੇ ਕ੍ਰਿਸ਼ਮਾ ਨੇ, ਜਦਕਿ ਬੋਲੀਆਂ ਦੇ ਮੁਕਾਬਲੇ ਵਿੱਚ ਕੰਚਨ, ਸੁਫਾਲੀ ਅਤੇ ਆਰਤੀ ਨੇ ਆਪਣੀ ਕਲਾ ਨਾਲ ਖੂਬ ਵਾਹ-ਵਾਹ ਖੱਟੀ। ਇਸ ਤੋਂ ਇਲਾਵਾ ਆਂਚਲ, ਕੋਮਲਪ੍ਰੀਤ ਅਤੇ ਰੋਜ਼ਾ ਵੱਲੋਂ ਵੀ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੁੜਿਆ ਹੋਇਆ ਮਹੱਤਵਪੂਰਨ ਤਿਉਹਾਰ ਹੈ। ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਸੱਭਿਆਚਾਰ, ਰਵਾਇਤਾਂ ਅਤੇ ਲੋਕ ਕਲਾਵਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਆਧੁਨਿਕਤਾ ਦੇ ਦੌਰ ਵਿੱਚ ਪੰਜਾਬੀ ਵਿਰਸੇ ਦੀਆਂ ਇਨ੍ਹਾਂ ਰਵਾਇਤੀ ਰੰਗਤਾਂ ਨੂੰ ਜਿਊਂਦਾ ਰੱਖਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਸਮਾਗਮ ਦੇ ਅੰਤ ਵਿੱਚ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਮਹਿਲਾਵਾਂ, ਮੁਟਿਆਰਾਂ ਅਤੇ ਬੱਚੀਆਂ ਨੇ ਗਿੱਧੇ, ਬੋਲੀਆਂ ਅਤੇ ਡਾਂਸ ਰਾਹੀਂ ਖੂਬ ਰੌਣਕਾਂ ਲਗਾਈਆਂ ਅਤੇ ਤੀਆਂ ਦੇ ਤਿਉਹਾਰ ਨੂੰ ਯਾਦਗਾਰ ਬਣਾ ਦਿੱਤਾ। ਤੀਆਂ ਦੇ ਇਸ ਸਮਾਗਮ ਵਿੱਚ ਮੁਮਤਾਜ਼ ਪਠਾਨ, ਆਸ਼ੂ, ਕ੍ਰਿਸ਼ਮਾ, ਰੀਟਾ, ਕੰਚਨ, ਰੋਜ਼ਾ, ਵਿਜੇ ਲਕਸ਼ਮੀ, ਰੈਨੂੰ, ਅਮਨ, ਰੱਜੂ, ਆਰਤੀ, ਸ਼ਿਫਾਲੀ, ਮਨਜੀਤ, ਕੋਮਲਪ੍ਰੀਤ, ਆਂਚਲ, ਮਨਪ੍ਰੀਤ, ਸੁਨੀਤਾ, ਵੰਸ਼ਿਕਾ, ਨਿਸ਼ੂ, ਪ੍ਰਾਚੀ, ਮਾਇਆ, ਬੇਬੀ, ਕਿਆਰਾ ਸਮੇਤ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਤੇ ਮੁਟਿਆਰਾਂ ਨੇ ਸ਼ਿਰਕਤ ਕੀਤੀ।