ਮੁਹੱਲਾ ਕਲੀਨਿਕ ਅਬਿਆਣਾ ਦੇ ਡਾ. ਜੋਤ ਵੰਸ਼ ਸਿੰਘ ਸਨਮਾਨਿਤ ਮੁਹੱਲਾ ਕਲੀਨਿਕ ਅਬਿਆਣਾ ਦੇ ਮੈਡੀਕਲ ਅਫਸਰ ਡਾ. ਜੋਤ ਵੰਸ਼ ਸਿੰਘ ਸਨਮਾਨਿਤ
Publish Date: Mon, 17 Aug 2026 04:06 PM (IST)
Updated Date: Mon, 17 Aug 2026 04:09 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਆਜ਼ਾਦੀ ਦਿਹਾੜੇ ਮੌਕੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮੁਹੱਲਾ ਕਲੀਨਿਕ ਅਬਿਆਣਾ ਵਿਖੇ ਤਾਇਨਾਤ ਮੈਡੀਕਲ ਅਫਸਰ ਡਾ. ਜੋਤ ਵੰਸ਼ ਸਿੰਘ ਨੂੰ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਸ਼ਾਨਦਾਰ ਭੂਮਿਕਾ ਨਿਭਾਉਣ ਅਤੇ ਲੋਕਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਦਿਨੇਸ਼ ਚੱਢਾ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਦਿਤਿਆ ਡਚਲਵਾਲ ਵੱਲੋਂ ਡਾ. ਜੋਤ ਵੰਸ਼ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਸ਼ੰਸਾ ਪੱਤਰ ਭੇਟ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਸਨਮਾਨ ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਤਾਇਨਾਤ ਡਾਕਟਰਾਂ ਅਤੇ ਹੋਰ ਸਿਹਤ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਡਾ. ਜੋਤ ਵੰਸ਼ ਸਿੰਘ ਵੱਲੋਂ ਮੁਹੱਲਾ ਕਲੀਨਿਕ ਅਬਿਆਣਾ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਬਿਮਾਰੀਆਂ ਤੋਂ ਬਚਾਅ ਅਤੇ ਸਿਹਤ ਸੰਭਾਲ ਸਬੰਧੀ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਗਈ। ਡਾ. ਜੋਤ ਵੰਸ਼ ਸਿੰਘ ਵੱਲੋਂ ਆਪਣੀ ਡਿਊਟੀ ਪ੍ਰਤੀ ਦਿਖਾਈ ਜਾ ਰਹੀ ਤਨਦੇਹੀ, ਜ਼ਿੰਮੇਵਾਰੀ ਅਤੇ ਸਮਰਪਣ ਨੂੰ ਮੁੱਖ ਰੱਖਦਿਆਂ ਇਹ ਸਨਮਾਨ ਦਿੱਤਾ ਗਿਆ। ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਉਪਰੰਤ ਡਾ. ਜੋਤ ਵੰਸ਼ ਸਿੰਘ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਉਹ ਭਵਿੱਖ ਵਿੱਚ ਵੀ ਲੋਕਾਂ ਨੂੰ ਬਿਹਤਰ, ਸੁਚੱਜੀਆਂ ਤੇ ਸਮੇਂ ਸਿਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਂਦੇ ਰਹਿਣਗੇ। ਡਾ. ਜੋਤ ਵੰਸ਼ ਸਿੰਘ ਨੂੰ ਮਿਲੇ ਇਸ ਸਨਮਾਨ ਨਾਲ ਮੁਹੱਲਾ ਕਲੀਨਿਕ ਅਬਿਆਣਾ ਦੇ ਸਟਾਫ਼ ਅਤੇ ਇਲਾਕੇ ਦੇ ਲੋਕਾਂ ਵਿੱਚ ਵੀ ਖੁਸ਼ੀ ਦੀ ਲਹਿਰ ਪਾਈ ਗਈ। ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸਨਮਾਨ ਸਿਹਤ ਖੇਤਰ ਨਾਲ ਜੁੜੇ ਕਰਮਚਾਰੀਆਂ ਨੂੰ ਹੋਰ ਵੀ ਸਮਰਪਣ ਨਾਲ ਸੇਵਾ ਕਰਨ ਲਈ ਉਤਸ਼ਾਹਿਤ ਕਰਦੇ ਹਨ।