ਨੰਗਲ ‘ਚ ਬੈਂਕ ਆਫ਼ ਬੜੌਦਾ ਦਾ ਏਟੀਐੱਮ ਉਖਾੜਨ ਦੀ ਕੋਸ਼ਿਸ਼ ਨਾਕਾਮ ਨੰਗਲ ‘ਚ ਬੈਂਕ ਆਫ਼ ਬੜੌਦਾ ਦਾ ਏਟੀਐੱਮ ਉਖਾੜਨ ਦੀ ਕੋਸ਼ਿਸ਼ ਨਾਕਾਮ
Publish Date: Fri, 14 Aug 2026 04:52 PM (IST)
Updated Date: Fri, 14 Aug 2026 04:53 PM (IST)
ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ ਨੰਗਲ : ਸ਼੍ਰੀ ਅਨੰਦਪੁਰਸਾਹਿਬ ਮੁੱਖ ਮਾਰਗ ’ਤੇ ਨੰਗਲ ਦੀ ਜਵਾਹਰ ਮਾਰਕੀਟ ਵਿੱਚ ਚੋਰਾਂ ਵਲੋਂ ਬੈਂਕ ਆਫ਼ ਬੜੌਦਾ ਦੇ ਏਟੀਐੱਮ ਨੂੰ ਉਖਾੜ ਕੇ ਲਿਜਾਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰ ਰਾਤ ਕਰੀਬ 1:30 ਵਜੇ ਇੱਕ ਗੱਡੀ ਵਿੱਚ ਸਵਾਰ ਹੋ ਕੇ ਏਟੀਐਮ ਕੋਲ ਪਹੁੰਚੇ। ਪਹਿਲਾਂ ਉਨ੍ਹਾਂ ਨੇ ਏਟੀਐਮ ਦੇ ਬਾਹਰ ਲੱਗਾ ਸੀਸੀਟੀਵੀ ਕੈਮਰਾ ਤੋੜਿਆ ਅਤੇ ਅਲਾਰਮ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਚੋਰਾਂ ਨੇ ਰੱਸੀ ਨਾਲ ਏਟੀਐਮ ਨੂੰ ਬੰਨ੍ਹ ਕੇ ਗੱਡੀ ਦੀ ਮਦਦ ਨਾਲ ਉਸ ਨੂੰ ਉਖਾੜਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਸੜਕ ਦੇ ਦੂਜੇ ਪਾਸੇ ਤੋਂ ਨੰਗਲ ਪੁਲਿਸ ਦੀ ਗਸ਼ਤ ਕਰ ਰਹੀ ਗੱਡੀ ਗੁਜਰੀ । ਪੁਲਿਸ ਦੀ ਗੱਡੀ ਦਾ ਸਾਇਰਨ ਸੁਣਦੇ ਹੀ ਚੋਰ ਘਬਰਾ ਕੇ ਮੌਕੇ ਤੋਂ ਫ਼ਰਾਰ ਹੋ ਗਏ। ਚੋਰ ਏਟੀਐਮ ਨੂੰ ਬੰਨ੍ਹਣ ਲਈ ਵਰਤੀ ਗਈ ਰੱਸੀ ਛੱਡ ਕੇ ਫਰਾਰ ਹੋ ਗਏ।ਨੰਗਲ ਥਾਣਾ ਮੁਖੀ ਇੰਸਪੈਕਟਰ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਉਹ ਖੁਦ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਨ ਅਤੇ ਪੁਲਿਸ ਵੱਲੋਂ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਨੰਗਲ ਪੁਲਿਸ ਵੱਲੋਂ ਰਾਤ ਸਮੇਂ ਇਲਾਕੇ ਵਿੱਚ ਗਸ਼ਤ ਵਧਾਈ ਹੋਈ ਹੈ। ਉਹ ਖੁਦ ਵੀ ਉਸ ਸਮੇਂ ਗਸ਼ਤ ’ਤੇ ਸਨ। ਸੰਭਾਵਨਾ ਹੈ ਕਿ ਪੁਲਿਸ ਦੀ ਗੱਡੀ ਦਾ ਸਾਇਰਨ ਸੁਣ ਕੇ ਚੋਰ ਮੌਕੇ ਤੋਂ ਭੱਜ ਗਏ। ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਦੂਜੇ ਪਾਸੇ ਤੋਂ ਘੁੰਮ ਕੇ ਵਾਪਸ ਆਈ ਤਾਂ ਮੌਕੇ ’ਤੇ ਕੋਈ ਗੱਡੀ ਨਹੀਂ ਸੀ।ਐੱਸਐੱਚਓ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਆਸ-ਪਾਸ ਦੇ ਇਲਾਕਿਆਂ ਅਤੇ ਹੋਰ ਜ਼ਿਲਿਆਂ ਦੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਹੋਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਦੇ ਨਾਲ-ਨਾਲ ਤਕਨੀਕੀ ਜਾਂਚ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਜਾਵੇਗਾ।ਸੂਤਰਾਂ ਅਨੁਸਾਰ ਘਟਨਾ ਸਮੇਂ ਏਟੀਐਮ ਵਿੱਚ ਲੱਖਾਂ ਰੁਪਏ ਦੀ ਨਕਦੀ ਮੌਜੂਦ ਸੀ। ਜੇਕਰ ਚੋਰ ਏਟੀਐਮ ਉਖਾੜ ਕੇ ਲਿਜਾਣ ਵਿੱਚ ਕਾਮਯਾਬ ਹੋ ਜਾਂਦੇ ਤਾਂ ਵੱਡਾ ਵਿੱਤੀ ਨੁਕਸਾਨ ਹੋ ਸਕਦਾ ਸੀ।ਸਥਾਨਕ ਲੋਕਾਂ ਨੇ ਬੈਂਕ ਪ੍ਰਬੰਧਕਾਂ ਤੋਂ ਮੰਗ ਕੀਤੀ ਹੈ ਕਿ ਏਟੀਐਮ ਦੇ ਬਾਹਰ ਰਾਤ ਸਮੇਂ ਸੁਰੱਖਿਆ ਗਾਰਡ ਤਾਇਨਾਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਖ਼ਾਸ ਕਰਕੇ ਬਰਸਾਤ ਦੇ ਦਿਨਾਂ ਵਿੱਚ ਆਪਣੇ ਆਲੇ-ਦੁਆਲੇ ਪ੍ਰਤੀ ਸੁਚੇਤ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਘਟਨਾ ਦੀ ਤੁਰੰਤ ਪੁਲਿਸ ਨੂੰ ਸੂਚਨਾ ਦੇਣ।