- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾਲਸਾ ਕਾਲਜ ਦੇ ਸਾਬਕਾ ਵਿਦਿਆਰਥੀ ਗਗਨਦੀਪ ਨੇ ਜਿੱਤਿਆ ਪੀਟੀਸੀ ਪੰਜਾਬੀ ਦਾ ‘ਵਾਇਸ ਆਫ ਪੰਜਾਬ ਮਾਸਟਰ ਚੈਂਪਸ’

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ
ਸ੍ਰੀ ਆਨੰਦਪੁਰ ਸਾਹਿਬ : ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਸਾਬਕਾ ਵਿਦਿਆਰਥੀ ਗਗਨਦੀਪ ਸਿੰਘ ਨੇ ਆਪਣੀ ਸੁਰੀਲੀ ਆਵਾਜ਼ ਅਤੇ ਬੇਮਿਸਾਲ ਗਾਇਕੀ ਦੇ ਦਮ ’ਤੇ ਪੀਟੀਸੀ ਪੰਜਾਬੀ ਚੈਨਲ ਦੇ ਪ੍ਰਸਿੱਧ ਸੰਗੀਤਕ ਸ਼ੋਅ ‘ਵਾਇਸ ਆਫ ਪੰਜਾਬ ਮਾਸਟਰ ਚੈਂਪਸ 11’ ਦਾ ਖਿਤਾਬ ਜਿੱਤ ਕੇ ਕਾਲਜ, ਆਪਣੇ ਪਰਿਵਾਰ ਅਤੇ ਸਮੁੱਚੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਗਗਨਦੀਪ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਮਦਨੀਪੁਰ ਦਾ ਵਸਨੀਕ ਗਗਨਦੀਪ ਸਿੰਘ ਸੰਗੀਤ ਦੇ ਖੇਤਰ ਵਿੱਚ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਾਲ 2023 ਤੋਂ 2025 ਤੱਕ ਪੜ੍ਹਿਆ। ਉਸਨੇ ਮਾਲੇਰਕੋਟਲਾ ਦੇ ਸਰਕਾਰੀ ਕਾਲਜ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਖਾਲਸਾ ਕਾਲਜ ਵਿੱਚ ਐੱਮ.ਏ. ਮਿਊਜ਼ਿਕ (ਵੋਕਲ) ਵਿੱਚ ਦਾਖਲਾ ਲਿਆ ਅਤੇ ਆਪਣੀ ਉੱਚ ਸਿੱਖਿਆ ਮੁਕੰਮਲ ਕੀਤੀ।
ਗਗਨਦੀਪ ਦੀ ਇਸ ਪ੍ਰਾਪਤੀ ’ਤੇ ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਵਿਦਿਆਰਥੀ ਗਗਨਦੀਪ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਿਰਫ਼ ਗਗਨਦੀਪ ਦੀ ਨਿੱਜੀ ਪ੍ਰਾਪਤੀ ਨਹੀਂ, ਸਗੋਂ ਉਸ ਸੰਸਥਾ ਲਈ ਵੀ ਮਾਣ ਵਾਲਾ ਪਲ ਹੈ ਜਿੱਥੋਂ ਉਸਨੇ ਸੰਗੀਤ ਦੀ ਉੱਚ ਸਿੱਖਿਆ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਗਗਨਦੀਪ ਨੇ ਆਪਣੀ ਮਿਹਨਤ, ਲਗਨ, ਸਾਧਨਾ ਅਤੇ ਪ੍ਰਤਿਭਾ ਦੇ ਬਲਬੂਤੇ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਖਾਲਸਾ ਕਾਲਜ ਹਮੇਸ਼ਾ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਰੁਚੀਆਂ ਅਤੇ ਪ੍ਰਤਿਭਾ ਅਨੁਸਾਰ ਅੱਗੇ ਵਧਣ ਲਈ ਮੰਚ ਅਤੇ ਮੌਕੇ ਪ੍ਰਦਾਨ ਕਰਦਾ ਹੈ ਅਤੇ ਗਗਨਦੀਪ ਦੀ ਸਫਲਤਾ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗੀ। ਉਨ੍ਹਾਂ ਗਗਨਦੀਪ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਸੰਗੀਤ ਦੇ ਖੇਤਰ ਵਿੱਚ ਹੋਰ ਵੱਡੀਆਂ ਉਪਲਬਧੀਆਂ ਹਾਸਲ ਕਰੇ।
ਇਸ ਮੌਕੇ ਕਾਲਜ ਦੇ ਡੀਨ ਕਲਚਰਲ ਅਤੇ ਮਿਊਜ਼ਿਕ ਵਿਭਾਗ ਦੇ ਮੁਖੀ ਡਾ. ਜੇ.ਪੀ. ਸਿੰਘ ਨੇ ਗਗਨਦੀਪ ਦੀ ਪ੍ਰਾਪਤੀ ਨੂੰ ਕਾਲਜ ਲਈ ਬੇਹੱਦ ਮਾਣ ਵਾਲਾ ਪਲ ਕਰਾਰ ਦਿੰਦਿਆਂ ਕਿਹਾ ਕਿ ਸੰਗੀਤ ਇੱਕ ਅਜਿਹੀ ਕਲਾ ਹੈ ਜਿਸ ਵਿੱਚ ਨਿਰੰਤਰ ਰਿਆਜ਼, ਅਨੁਸ਼ਾਸਨ ਅਤੇ ਸਮਰਪਣ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਗਗਨਦੀਪ ਨੇ ਆਪਣੀ ਪ੍ਰਤਿਭਾ ਨੂੰ ਸਖ਼ਤ ਮਿਹਨਤ ਨਾਲ ਤਰਾਸ਼ਦਿਆਂ ਇਹ ਸਾਬਤ ਕੀਤਾ ਹੈ ਕਿ ਸਹੀ ਮਾਰਗਦਰਸ਼ਨ ਅਤੇ ਮੌਕਾ ਮਿਲਣ ’ਤੇ ਸਾਡੇ ਵਿਦਿਆਰਥੀ ਰਾਸ਼ਟਰੀ ਪੱਧਰ ’ਤੇ ਆਪਣੀ ਵਿਲੱਖਣ ਪਛਾਣ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਖਾਲਸਾ ਕਾਲਜ ਲਈ ਇਹ ਵਿਸ਼ੇਸ਼ ਮਾਣ ਦੀ ਗੱਲ ਹੈ ਕਿ ਇੱਥੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਅੱਜ ਪੰਜਾਬ ਦੇ ਪ੍ਰਸਿੱਧ ਸੰਗੀਤਕ ਮੰਚ ’ਤੇ ਆਪਣੀ ਕਲਾ ਦਾ ਲੋਹਾ ਮਨਵਾ ਰਿਹਾ ਹੈ। ਡਾ. ਜੇ.ਪੀ ਸਿੰਘ ਨੇ ਗਗਨਦੀਪ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਸਨੇ ਆਪਣੀ ਮਿਹਨਤ ਅਤੇ ਕਲਾ ਨਾਲ ਨਾ ਸਿਰਫ਼ ਆਪਣੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ, ਬਲਕਿ ਆਪਣੇ ਕਾਲਜ ਦਾ ਨਾਮ ਵੀ ਰੌਸ਼ਨ ਕੀਤਾ ਹੈ।