ਸਰਕਾਰੀ ਸਕੂਲਾਂ ’ਚ ਰੋਬੋਟਿਕਸ ਲੈਬਾਂ ਸ਼ੁਰੂ ਸਰਕਾਰੀ ਸਕੂਲਾਂ ਵਿੱਚ ਰੋਬੋਟਿਕਸ ਲੈਬਾਂ ਸ਼ੁਰੂ ਅਧਿਆਪਕਾਂ ਨੇ ਸਿੱਖੇ ਏ ਆਈ ਅਤੇ ਥ੍ਰੀ ਡੀ ਪ੍ਰਿੰਟਿੰਗ ਦੇ ਗੁਰ
Publish Date: Wed, 12 Aug 2026 07:14 PM (IST)
Updated Date: Wed, 12 Aug 2026 07:14 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਅੱਜ ਦੇ ਆਧੁਨਿਕ ਅਤੇ ਤਕਨੀਕੀ ਯੁੱਗ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਿੱਖਿਆ ਵਿਭਾਗ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਨਵੀਆਂ ਰੋਬੋਟਿਕਸ ਲੈਬਾਂ ਸਥਾਪਤ ਕੀਤੀਆਂ ਗਈਆਂ ਹਨ। ਇਨ੍ਹਾਂ ਲੈਬਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਦੇ ਮਕਸਦ ਨਾਲ ਸਰਕਾਰੀ ਕੰਨਿਆ ਸਕੂਲ ਨੰਗਲ ਵਿਖੇ ਅਧਿਆਪਕਾਂ ਲਈ ਇੱਕ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਅਧਿਆਪਕਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ, ਕੋਡਿੰਗ ਅਤੇ ਥ੍ਰੀ ਡੀ ਪ੍ਰਿੰਟਿੰਗ ਵਰਗੀਆਂ ਅਤਿ-ਆਧੁਨਿਕ ਤਕਨੀਕਾਂ ਬਾਰੇ ਵਿਸਥਾਰ ਨਾਲ ਟ੍ਰੇਨਿੰਗ ਦਿੱਤੀ ਗਈ।ਟ੍ਰੇਨਿੰਗ ਦੇ ਰਹੇ ਮਾਹਿਰ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਸਕੂਲਾਂ ਵਿੱਚ ਪੰਜਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵੱਖ-ਵੱਖ ਰੋਬੋਟਿਕਸ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਸਿਖਲਾਈ ਦਾ ਇਹ ਸਾਰਾ ਸਿਸਟਮ ਪੂਰੀ ਤਰ੍ਹਾਂ ਡਿਜੀਟਲ ਹੋਵੇਗਾ। ਹਰ ਇੱਕ ਟੀਚਰ ਦੀ ਆਨਲਾਈਨ ਆਈ.ਡੀ. ਬਣਾਈ ਜਾਵੇਗੀ, ਜਿਸ ਵਿੱਚ ਪੂਰੇ ਸਾਲ ਦਾ ਸਿਲੇਬਸ, ਕਿੱਟਾਂ ਬਾਰੇ ਜਾਣਕਾਰੀ ਅਤੇ ਹਰ ਕਲਾਸ ਮੁਤਾਬਕ ਐਕਟੀਵਿਟੀ ਦੀਆਂ ਵੀਡੀਓਜ਼ ਪਹਿਲਾਂ ਤੋਂ ਹੀ ਮੌਜੂਦ ਹੋਣਗੀਆਂ। ਅਧਿਆਪਕ ਕਲਾਸ ਵਿੱਚ ਸਿਰਫ਼ ਉਹ ਵੀਡੀਓ ਚਲਾਉਣਗੇ ਅਤੇ ਬੱਚੇ ਉਸਨੂੰ ਦੇਖ ਕੇ ਪ੍ਰੈਕਟੀਕਲ ਕਰਨਗੇ। ਅਮਨਦੀਪ ਸਿੰਘ ਨੇ ਕਿਹਾ ਕਿ ਅੱਜਕੱਲ੍ਹ ਫਿਲਮਾਂ ਅਤੇ ਗੇਮਾਂ ਵਿੱਚ ਥ੍ਰੀ ਡੀ ਮਾਡਲਿੰਗ ਅਤੇ ਵੀਐੱਫਐਕਸ ਦਾ ਬਹੁਤ ਰੁਝਾਨ ਹੈ। ਜੇਕਰ ਸਕੂਲ ਪੱਧਰ ਤੇ ਹੀ ਬੱਚਿਆਂ ਦਾ ਬੇਸ ਕਲੀਅਰ ਹੋ ਜਾਵੇ ਤਾਂ ਪਲੱਸ ਟੂ ਤੋਂ ਬਾਅਦ ਕਾਲਜ ਜਾ ਕੇ ਉਹਨਾਂ ਦੇ ਇਸ ਖੇਤਰ ਵਿੱਚ ਕਾਮਯਾਬ ਹੋਣ ਦੇ ਮੌਕੇ ਕਾਫੀ ਵੱਧ ਜਾਂਦੇ ਹਨ। ਭਾਵੇਂ ਇਹ ਦੋ ਦਿਨਾਂ ਦੀ ਟ੍ਰੇਨਿੰਗ ਸੀ, ਪਰ ਟੀਚਰਾਂ ਨੂੰ ਸਕੂਲਾਂ ਵਿੱਚ ਬੇਸਿਕ ਕਲਾਸਾਂ ਸ਼ੁਰੂ ਕਰਨ ਦੇ ਕਾਬਲ ਬਣਾ ਦਿੱਤਾ ਗਿਆ ਹੈ। ਸੈਮੀਨਾਰ ਵਿੱਚ ਟ੍ਰੇਨਿੰਗ ਲੈਣ ਆਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਲਾਹ ਦੇ ਅਧਿਆਪਕ ਪੰਕਜ ਕੁਮਾਰ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਅੱਜ ਦਾ ਦੌਰ ਏ ਆਈ ਅਤੇ ਰੋਬੋਟਿਕਸ ਦਾ ਜ਼ਮਾਨਾ ਹੈ। ਇਸ ਟ੍ਰੇਨਿੰਗ ਰਾਹੀਂ ਸਾਨੂੰ ਸਿਖਾਇਆ ਗਿਆ ਹੈ ਕਿ ਬੱਚਿਆਂ ਨੂੰ ਇਸ ਨਵੀਂ ਤਕਨੀਕ ਨਾਲ ਕਿਵੇਂ ਜੋੜ ਕੇ ਰੱਖਣਾ ਹੈ ਅਤੇ ਉਹਨਾਂ ਕਿੱਟਾਂ ਦਾ ਪ੍ਰੈਕਟੀਕਲ ਇਸਤੇਮਾਲ ਕਿਵੇਂ ਕਰਨਾ ਹੈ। ਉਹਨਾਂ ਕਿਹਾ ਕਿ ਇਹ ਸਿਖਲਾਈ ਬੱਚਿਆਂ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਅਤੇ ਉਹਨਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਨਵੀਆਂ ਤਕਨੀਕਾਂ ਵਰਤਣ ਦੇ ਕਾਬਲ ਬਣਾਏਗੀ। ਸਰਕਾਰੀ ਗਰਲਜ਼ ਸਕੂਲ, ਸ੍ਰੀ ਅਨੰਦਪੁਰ ਸਾਹਿਬ ਤੋਂ ਆਏ ਅਧਿਆਪਕਾ ਰਜਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਨੇ ਇਸ ਟ੍ਰੇਨਿੰਗ ਦੌਰਾਨ ਥ੍ਰੀ ਡੀ ਪ੍ਰਿੰਟਿੰਗ ਬਾਰੇ ਬਹੁਤ ਕੁਝ ਨਵਾਂ ਸਿੱਖਿਆ ਹੈ। ਉਹਨਾਂ ਪ੍ਰੈਕਟੀਕਲ ਤੌਰ ਤੇ ਇੱਕ ਥ੍ਰੀ ਡੀ ਬੋਟ ਅਤੇ ਕੀ-ਰਿੰਗ ਵੀ ਤਿਆਰ ਕਰਕੇ ਦਿਖਾਈ। ਉਹਨਾਂ ਕਿਹਾ ਕਿ ਪਹਿਲਾਂ ਬੱਚੇ ਸਿਰਫ਼ ਸਿੰਪਲ ਪ੍ਰਿੰਟਿੰਗ ਬਾਰੇ ਜਾਣਦੇ ਸਨ, ਪਰ ਹੁਣ ਉਹ ਥ੍ਰੀ ਡੀ ਪ੍ਰਿੰਟਰ ਰਾਹੀਂ ਹਾਰਡ ਪ੍ਰੋਡਕਟ ਬਣਾਉਣਾ ਸਿੱਖਣਗੇ। ਇਸ ਨਾਲ ਬੱਚਿਆਂ ਦੇ ਬੌਧਿਕ ਗਿਆਨ ਵਿੱਚ ਵੱਡਾ ਵਾਧਾ ਹੋਵੇਗਾ ਅਤੇ ਉਹ ਏ ਆਈ ਦੀ ਵਰਤੋਂ ਕਰਕੇ ਨਵੀਆਂ ਚੀਜ਼ਾਂ ਕ੍ਰਿਏਟ ਕਰਨਗੇ। ਪੰਜਾਬ ਸਰਕਾਰ ਦੀ ਸ਼ਲਾਘਾ ਕਰਦਿਆਂ ਰਜਿੰਦਰ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਅਧਿਆਪਕਾਂ ਨੂੰ ਨਵੀਆਂ ਤਕਨੀਕਾਂ ਸਿੱਖਣ ਲਈ ਵਿਦੇਸ਼ਾਂ ਦੀ ਸੈਰ ਕਰਵਾਉਣੀ ਅਤੇ ਨਵੇਂ-ਨਵੇਂ ਪੈਟਰਨ ਲਾਗੂ ਕਰਨ ਨਾਲ ਅਧਿਆਪਕਾਂ ਦੇ ਗਿਆਨ ਵਿੱਚ ਵੀ ਭਾਰੀ ਵਾਧਾ ਹੋ ਰਿਹਾ ਹੈ। ਅੰਤ ਵਿੱਚ ਉਹਨਾਂ ਕਿਹਾ ਕਿ ਰੋਬੋਟਿਕਸ ਰਾਹੀਂ ਪੜ੍ਹਾਈ ਹੁਣ ਬੱਚਿਆਂ ਲਈ ਬੋਰਿੰਗ ਨਹੀਂ ਰਹੀ, ਸਗੋਂ ਇਹ ਪਲੇਅ-ਸਟੱਡੀ ਅਤੇ ਮਨੋਰੰਜਨ ਦਾ ਇੱਕ ਵਧੀਆ ਸਾਧਨ ਬਣ ਗਈ ਹੈ, ਜਿਸ ਨਾਲ ਬੱਚੇ ਖੇਡ-ਖੇਡ ਵਿੱਚ ਵੱਡੀਆਂ ਤਕਨੀਕਾਂ ਸਿੱਖ ਜਾਣਗੇ।