25 ਦਿਨ ਬਾਅਦ ਸਫ਼ਾਈ ਕਾਮਿਆਂ ਦੀ ਹੜਤਾਲ ਖ਼ਤਮ, ਲੋਕਾਂ ਨੇ ਲਿਆ ਸੁੱਖ ਦਾ ਸਾਹ ਸਫਾਈ ਕਰਮਚਾਰੀਆਂ ਵੱਲੋਂ ਹੜਤਾਲ ਖਤਮ ਕਰਕੇ ਕੰਮ ਸ਼ੁਰੂ ਕੀਤਾ
Publish Date: Tue, 04 Aug 2026 06:03 PM (IST)
Updated Date: Tue, 04 Aug 2026 06:04 PM (IST)
ਡਾਢੀ, ਟੀਨਾ ’ਤੇ ‘ਆਪ’ ਦੀ ਟੀਮ ਨੇ ਸਫਾਈ ਸੇਵਕਾਂ ਦਾ ਮੂੰਹ ਮਿੱਠਾ ਕਰਵਾ ਕੇ ਕੰਮ ’ਤੇ ਤੋਰਿਆ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਪੰਜਾਬ ਦੇ ਵੱਖ-ਵੱਖ ਨਗਰ ਨਿਗਮ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਸਫਾਈ ਕਰਮਚਾਰੀ ਜਾਇਜ਼ ਮੰਗਾਂ ਮੰਨਣ ਤੋਂ ਬਾਅਦ ਕੰਮ ਤੇ ਵਾਪਸ ਪਰਤ ਆਏ ਹਨ। ਇਸ ਸਬੰਧੀ ਅੱਜ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਵਿਖੇ ਆਮ ਆਦਮੀ ਪਾਰਟੀ ਦੀ ਟੀਮ ਮਾਰਕੀਟ ਕਮੇਟੀ ਚੇਅਰਮੈਨ ਕਮਿੱਕਰ ਸਿੰਘ ਡਾਢੀ ਅਤੇ ਨਗਰ ਪੰਚਾਇਤ ਪ੍ਰਧਾਨ ਗੁਰਮੀਤ ਸਿੰਘ ਟੀਨਾ ਦੀ ਅਗਵਾਈ ਵਿੱਚ ਨਗਰ ਪੰਚਾਇਤ ਦਫਤਰ ਪਹੁੰਚ ਕੇ ਸਫਾਈ ਕਰਮਚਾਰੀਆਂ ਦਾ ਮੂੰਹ ਮਿੱਠਾ ਕਰਵਾ ਕੇ ਦੁਬਾਰਾ ਕੰਮ ਸ਼ੁਰੂ ਕਰਵਾਇਆ ਗਿਆ। ਦੱਸਣ ਯੋਗ ਹੈ ਕਿ ਪਿਛਲੀ 8 ਜੁਲਾਈ ਨੂੰ ਸਫਾਈ ਕਰਮਚਾਰੀ ਹੱਕੀ ਮੰਗਾਂ ਨੂੰ ਲੈ ਕੇ ਧਰਨੇ ’ਤੇ ਚਲੇ ਗਏ ਸਨ ਅਤੇ ਅੱਜ 25 ਦਿਨਾਂ ਦੀ ਹੜਤਾਲ ਮਗਰੋਂ ਕੰਮ ’ਤੇ ਵਾਪਸ ਪਰਤੇ ਹਨ। ਹੜਤਾਲ ਦੌਰਾਨ ਸਫਾਈ ਕਰਮਚਾਰੀ ਆਗੂਆਂ ਅਤੇ ਪੰਜਾਬ ਸਰਕਾਰ ਨਾਲ ਗੱਲਬਾਤ ਚੱਲ ਰਹੀ ਸੀ। ਇਸ ਸਮੇਂ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਨਹਿਰ ਦੀਆਂ ਪਟੜੀਆਂ ਅਤੇ ਗੁਰੂ ਘਰਾਂ ਨਜ਼ਦੀਕ ਗੰਦਗੀ ਦੇ ਢੇਰ ਲੱਗ ਗਏ ਸਨ। ਮਾਨਸੂਨ ਮੌਸਮ ਕਾਰਨ ਸ਼ਹਿਰ ਵਿੱਚ ਲੱਗੇ ਗੰਦਗੀ ਦੇ ਢੇਰਾਂ ਤੋਂ ਸ਼ਹਿਰ ਵਾਸੀ ਪਰੇਸ਼ਾਨ ਸਨ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਵਧਿਆ ਹੋਇਆ ਸੀ। ਗੁਰੂ ਘਰਾਂ ਨਜ਼ਦੀਕ ਲੱਗੇ ਗੰਦਗੀ ਦੇ ਢੇਰਾਂ ਕਾਰਨ ਬਾਹਰੋਂ ਆਉਣ ਵਾਲੀ ਸੰਗਤ ’ਤੇ ਮਾੜਾ ਪ੍ਰਭਾਵ ਪੈ ਰਿਹਾ ਸੀ। ਇਸ ਸਮੇਂ ਹਰਜੋਤ ਸਿੰਘ ਬੈਂਸ ਉਚੇਚੇ ਤੌਰ ’ਤੇ ਸਫਾਈ ਕਰਮਚਾਰੀ ਆਗੂਆਂ ਨਾਲ ਗੱਲਬਾਤ ਅਤੇ ਮੀਟਿੰਗਾਂ ਕਰ ਰਹੇ ਸਨ। ਬੀਤੀ ਰਾਤ ਬੈਂਸ ਨੇ ਪੰਜਾਬ ਦੇ ਮੁੱਖ ਮੰਤਰੀ ਮਾਨ ਨਾਲ ਗੱਲਬਾਤ ਕਰਕੇ ਸਫਾਈ ਸੇਵਕਾਂ ਦੀਆਂ ਜਾਇਜ ਮੰਗਾਂ ਮੰਨੀਆਂ ਅਤੇ ਸਫਾਈ ਕਰਮਚਾਰੀਆਂ ਨੂੰ ਹੜਤਾਲ ਖਤਮ ਕਰਕੇ ਦੁਬਾਰਾ ਕੰਮ ’ਤੇ ਪਰਤਣ ਦੀ ਅਪੀਲ ਕੀਤੀ। ਇਸ ਸਬੰਧੀ ਬੈਂਸ ਨੇ ਦੱਸਿਆ ਕਿ ਜਿੰਨੇ ਵੀ ਸਫਾਈ ਸੇਵਕ ਅਤੇ ਸੀਵਰਮੈਨ ਜੋ ਪੰਜਾਬ ਦੀ ਲੋਕਲ ਬਾਡੀਜ਼ ਵਿੱਚ ਚਾਹੇ ਉਹ ਨਗਰ ਨਿਗਮ ਨਗਰ ਕੌਂਸਲ ਅਤੇ ਨਗਰ ਪੰਚਾਇਤ ਵਿੱਚ ਕੰਮ ਕਰਦੇ ਹਨ ਜਿਨਾਂ ਨੂੰ ਆਊਟ ਸੋਰਸ ਰਾਹੀਂ ਕੰਮ ਕਰਦੇ ਹੋਏ ਤਿੰਨ ਸਾਲ ਹੋ ਚੁੱਕੇ ਹਨ ਉਨਾਂ ਨੂੰ ਤੁਰੰਤ ਪ੍ਰਭਾਵ ਨਾਲ ਕੰਟਰੈਕਟ ’ਤੇ ਇਨ ਸੋਰਸ ਕੀਤਾ ਜਾ ਰਿਹਾ ਹੈ ਜਿਸ ਦੀ ਪ੍ਰਵਾਨਗੀ ਮੁੱਖ ਮੰਤਰੀ ਵੱਲੋਂ ਦਿੱਤੀ ਗਈ ਹੈ। ਇਸ ਨਾਲ ਸਫਾਈ ਸੇਵਕਾਂ ਨੂੰ ਵੱਡਾ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਇਤਿਹਾਸਿਕ ਫੈਸਲਾ ਲੈਂਦੇ ਹੋਏ ਜਿੰਨੇ ਵੀ ਸਫਾਈ ਸੇਵਕ ਅਤੇ ਸੀਵਰਮੈਨ ਜੋ ਅਰਬਨ ਲੋਕਲ ਬਾਡੀਜ਼ ਵਿੱਚ ਕੰਮ ਕਰਦੇ ਹਨ ਕੰਟਰੈਕਟ ਉੱਤੇ ਜਿਨਾਂ ਨੂੰ ਪੰਜ ਸਾਲ ਜਾਂ ਉਸ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਜਿਨ੍ਹਾਂ ਸਫਾਈ ਕਰਮਚਾਰੀਆਂ ਨੂੰ ਸੰਨ 2021 ਵਿੱਚ ਕੰਟਰੈਕਟ ’ਤੇ ਕੀਤਾ ਗਿਆ ਸੀ, ਉਹ ਸਾਰੇ ਸਫਾਈ ਕਰਮਚਾਰੀ ਅਤੇ ਸੀਵਰਮੈਨਾਂ ਨੂੰ ਪੱਕਾ ਕੀਤਾ ਜਾਵੇਗਾ। ਇਸ ਐਲਾਨ ਤੋਂ ਬਾਅਦ ਹਰਜੋਤ ਬੈਂਸ ਨੇ ਸਫਾਈ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਸੂਬੇ ਵਿੱਚ ਬਰਸਾਤਾਂ ਦਾ ਮੌਸਮ ਚੱਲ ਰਿਹਾ ਹੈ ਅਤੇ ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਲੱਗੇ ਹੋਏ ਹਨ ਗੰਦਗੀ ਦੇ ਢੇਰਾਂ ਕਾਰਨ ਸ਼ਹਿਰ ਵਾਸੀ ਪਰੇਸ਼ਾਨ ਹਨ ਅਤੇ ਇਸ ਨਾਲ ਬਿਮਾਰੀਆਂ ਫੈਲਣ ਦਾ ਖਦਸਾ ਵੀ ਵੱਧਦਾ ਜਾ ਰਿਹਾ ਹੈ, ਇਸ ਲਈ ਸਫਾਈ ਕਰਮਚਾਰੀ ਸ਼ਹਿਰ ਦੀ ਸਫਾਈ ਵਿਵਸਥਾ ਵੱਲ ਧਿਆਨ ਦੇ ਕੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ। ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਦਫਤਰ ਵਿੱਚ ਸਫਾਈ ਕਰਮਚਾਰੀਆਂ ਦੀ ਹੜਤਾਲ ਖਤਮ ਕਰਨ ਉਪਰੰਤ ਕੰਮ ਤੇ ਪਰਤਣ ਸਬੰਧੀ ਚੇਅਰਮੈਨ ਕਮਿੱਕਰ ਸਿੰਘ ਢਾਡੀ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਨਾਲ ਨਗਰ ਪੰਚਾਇਤ ਦਫਤਰ ਪਹੁੰਚੇ ਅਤੇ ਸਫਾਈ ਕਰਮਚਾਰੀਆਂ ਦਾ ਮੂੰਹ ਮਿੱਠਾ ਕਰਵਾ ਕੇ ਕੰਮ ਤੇ ਪਰਤਣ ਦੀ ਅਪੀਲ ਕੀਤੀ। ਇਸ ਸਮੇਂ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਜਸਬੀਰ ਸਿੰਘ ਨੇ ਹਰਜੋਤ ਬੈਂਸ ਅਤੇ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ। ਇਸ ਐਲਾਨ ਤੋਂ ਬਾਅਦ ਸਫਾਈ ਕਰਮਚਾਰੀਆਂ ਵੱਲੋਂ ਤੁਰੰਤ ਕੰਮ ’ਤੇ ਪਰਤ ਕੇ ਗੰਦਗੀ ਦੇ ਢੇਰਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ। ਸ਼ਹਿਰ ਦੀਆਂ ਗਲੀਆਂ ਵਿੱਚ ਸਫਾਈ ਮੁਹਿੰਮ ਚਲਾਈ ਗਈ ਪੈਂਦੀ ਬਾਰਿਸ਼ ਕਾਰਨ ਵੀ ਸਫਾਈ ਕਰਮਚਾਰੀਆਂ ਵੱਲੋਂ ਗੁਰੂ ਘਰਾਂ ਨਜ਼ਦੀਕ ਗੰਦਗੀ ਦੇ ਢੇਰ ਚੁੱਕਣੇ ਸ਼ੁਰੂ ਕੀਤੇ। ਕਿਉਂਕਿ ਆਉਣ ਵਾਲੀ 7 ਅਗਸਤ ਨੂੰ ਬਾਲਾ ਪ੍ਰੀਤਮ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵਿਖੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਸੰਗਤ ਇਸ ਪਵਿੱਤਰ ਦਿਹਾੜੇ ’ਤੇ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਪਹੁੰਚ ਰਹੀ ਹੈ , ਐਸਜੀਪੀਸੀ ਵੱਲੋਂ ਵੀ ਪ੍ਰਸ਼ਾਸਨ ਨੂੰ ਗੁਰਦੁਆਰਾ ਸਾਹਿਬ ਨਜਦੀਕ ਸਫਾਈ ਦੀ ਅਪੀਲ ਕੀਤੀ ਸੀ।ਇਸ ਲਈ ਗੁਰਦੁਆਰਾ ਸ਼ੀਸ਼ ਮਹਿਲ ਨਜ਼ਦੀਕ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਅਤੇ ਗੁਰੂ ਘਰਾਂ ਨਜਦੀਕ ਲੱਗੇ ਗੰਦਗੀ ਦੇ ਢੇਰ ਚੁੱਕਣੇ ਸ਼ੁਰੂ ਕੀਤੇ ਗਏ। ਇਸ ਮੌਕੇ ਕਮਿਕਰ ਸਿੰਘ ਡਾਢੀ ਮੈਂਬਰ ਐਸ,ਸੀ ਕਮਿਸ਼ਨ ਪੰਜਾਬ, ਗੁਰਮੀਤ ਸਿੰਘ ਟੀਨਾ ਪ੍ਰਧਾਨ ਨਗਰ ਪੰਚਾਇਤ, ਗੁਰਨਾਮ ਸਿੰਘ ਐਮਸੀ, ਤੇਜਵੀਰ ਸਿੰਘ ਜਗੀਰਦਾਰ, ਗੁਰਪ੍ਰੀਤ ਸਿੰਘ ਅਰੋੜਾ ਚੇਅਰਮੈਨ ਟਰੇਡ ਵਿੰਗ, ਗਫੂਰ ਮੁਹੰਮਦ ਬਲਾਕ ਪ੍ਰਧਾਨ, ਜਸਵੀਰ ਸਿੰਘ, ਅਮਨਦੀਪ, ਰਮਨ ਕੁਮਾਰ, ਕੇਸ਼ਵ ਕੁਮਾਰ ਸਮੇਤ ਆਮ ਆਦਮੀ ਪਾਰਟੀ ਟੀਮ ਅਤੇ ਸਫਾਈ ਕਰਮਚਾਰੀ ਮੌਜੂਦ ਸਨ।