ਜਲ ਥਲ ਹੋਈ ਗੁਰੂ ਨਗਰੀ, ਲੋਕਾਂ ਦੀਆਂ ਵਧੀਆਂ ਮੁਸ਼ਕਲਾਂ ਜਲ ਥਲ ਹੋਈ ਗੁਰੂ ਨਗਰੀ
Publish Date: Tue, 04 Aug 2026 05:24 PM (IST)
Updated Date: Tue, 04 Aug 2026 05:25 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ੍ਰੀ ਆਨੰਦਪੁਰ ਸਾਹਿਬ : ਬਰਸਾਤਾਂ ਦੇ ਮੌਸਮ ਦੀ ਸ਼ੁਰੂਆਤ ਹੋਣ ਨਾਲ ਜਿੱਥੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਬਰਸਾਤ ਨੇ ਗੁਰੂ ਨਗਰੀ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਵਿੱਚ ਵੀ ਵਾਧਾ ਕਰ ਦਿੱਤਾ ਹੈ। ਅੱਜ ਹੋਈ ਭਾਰੀ ਬਰਸਾਤ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਸ਼ਹਿਰ ਪੂਰੀ ਤਰ੍ਹਾਂ ਜਲ-ਥਲ ਹੋ ਗਿਆ। ਸ਼ਹਿਰ ਦੀ ਸ਼ਾਇਦ ਹੀ ਕੋਈ ਗਲੀ, ਮੁਹੱਲਾ ਜਾਂ ਚੌਂਕ ਅਜਿਹਾ ਹੋਵੇ ਜਿੱਥੇ ਪਾਣੀ ਖੜ੍ਹਾ ਨਾ ਹੋਇਆ ਹੋਵੇ। ਬਰਸਾਤ ਤੋਂ ਬਾਅਦ ਖਾਸ ਕਰਕੇ ਭਗਤ ਰਵਿਦਾਸ ਚੌਂਕ, ਕਚਹਿਰੀ ਰੋਡ, ਚੋਈ ਬਾਜ਼ਾਰ, ਕਲਗੀਧਰ ਮਾਰਕੀਟ, ਨਵੀਂ ਆਬਾਦੀ ਸਮੇਤ ਵੱਖ-ਵੱਖ ਥਾਵਾਂ ’ਤੇ ਪਾਣੀ ਦੀ ਭਰਮਾਰ ਦੇਖਣ ਨੂੰ ਮਿਲੀ। ਦੁਕਾਨਾਂ ਦੇ ਅੱਗੇ ਪਾਣੀ ਖੜ੍ਹਾ ਹੋਣ ਕਾਰਨ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਲੋਕਾਂ ਨੂੰ ਆਪਣੇ ਘਰਾਂ ਤੋਂ ਦਫ਼ਤਰਾਂ, ਦੁਕਾਨਾਂ ਅਤੇ ਹੋਰ ਕੰਮਾਂ ਲਈ ਜਾਣ ਸਮੇਂ ਵੀ ਕਾਫ਼ੀ ਪ੍ਰੇਸ਼ਾਨੀ ਹੋਈ। ਸਕੂਲੀ ਬੱਚਿਆਂ ਨੂੰ ਵੀ ਬਰਸਾਤੀ ਪਾਣੀ ਵਿੱਚੋਂ ਲੰਘ ਕੇ ਸਕੂਲ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਵਿੱਚ ਕਈ ਥਾਵਾਂ ’ਤੇ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਬਰਸਾਤ ਰੁਕਣ ਤੋਂ ਕਾਫ਼ੀ ਸਮੇਂ ਬਾਅਦ ਤੱਕ ਪਾਣੀ ਸੜਕਾਂ ’ਤੇ ਖੜ੍ਹਾ ਦਿਖਾਈ ਦਿੱਤਾ। ਇਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਵੀ ਪ੍ਰੇਸ਼ਾਨੀ ਹੋਈ। ਉਧਰ, ਚਰਨ ਗੰਗਾ ਖੱਡ ਵੀ ਪੂਰੀ ਤਰ੍ਹਾਂ ਉਫਾਨ ’ਤੇ ਰਹੀ। ਖੱਡ ਵਿੱਚ ਪਾਣੀ ਦਾ ਵਹਾਅ ਇੰਨਾ ਤੇਜ਼ ਅਤੇ ਜ਼ਿਆਦਾ ਸੀ ਕਿ ਇਸ ਨੂੰ ਦੇਖ ਕੇ ਦਰਿਆ ਜਾਂ ਨਹਿਰ ਦਾ ਭੁਲੇਖਾ ਪੈ ਰਿਹਾ ਸੀ। ਪਾਣੀ ਦਾ ਪੱਧਰ ਰੇਲਵੇ ਲਾਈਨ ਦੇ ਬਿਲਕੁਲ ਨੇੜੇ ਤੱਕ ਪਹੁੰਚਿਆ ਹੋਇਆ ਦਿਖਾਈ ਦਿੱਤਾ। ਕਚਹਿਰੀ ਰੋਡ ਦੇ ਦੋਵੇਂ ਪਾਸੇ ਬਣੇ ਨਾਲੇ ਵੀ ਪਾਣੀ ਨਾਲ ਪੂਰੀ ਤਰ੍ਹਾਂ ਭਰ ਗਏ। ਪਾਣੀ ਭਰ ਜਾਣ ਕਾਰਨ ਕਈ ਥਾਵਾਂ ’ਤੇ ਨਾਲੇ ਅਤੇ ਸੜਕ ਵਿਚਕਾਰ ਫ਼ਰਕ ਕਰਨਾ ਮੁਸ਼ਕਲ ਹੋ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਲੋਕ ਸੜਕ ਸਮਝ ਕੇ ਨਾਲਿਆਂ ਵਿੱਚ ਡਿੱਗ ਕੇ ਸੱਟਾਂ ਲਵਾ ਚੁੱਕੇ ਹਨ। ਸ਼ਹਿਰ ਵਾਸੀਆਂ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਰੁਕਣ ਤੋਂ ਬਾਅਦ ਪਾਣੀ ਲੰਬੇ ਸਮੇਂ ਤੱਕ ਸੜਕਾਂ ’ਤੇ ਖੜ੍ਹਾ ਨਾ ਰਹੇ, ਇਸ ਲਈ ਨਿਕਾਸੀ ਪ੍ਰਬੰਧ ਨੂੰ ਦਰੁਸਤ ਕਰਨਾ ਬਹੁਤ ਜ਼ਰੂਰੀ ਹੈ।