- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਥੇਦਾਰ ਗਿਆਨੀ ਤਰਲੋਚਨ ਸਿੰਘ ਦੀ ਨਿੱਘੀ ਯਾਦ ਵਿੱਚ ਗੁਰਦੁਆਰਾ ਸ਼ਹੀਦੀ ਬਾਗ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ
ਸ੍ਰੀ ਆਨੰਦਪੁਰ ਸਾਹਿਬ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਤੇ ਇਲਾਕੇ ਹਰਮਨ ਪਿਆਰੀ ਸ਼ਖ਼ਸੀਅਤ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਗੁਰਦੁਆਰਾ ਸ਼ਹੀਦੀ ਬਾਗ (ਬਾਬਾ ਹਰੀ ਸਿੰਘ ਸੁਖੇਈ ਬਾਗ), ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ, ਗੁਰਮਤਿ ਵਿਚਾਰਾਂ ਦਾ ਸਰਵਣ ਕੀਤਾ ਅਤੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਵੱਲੋਂ ਸਿੱਖ ਪੰਥ ਲਈ ਨਿਭਾਈਆਂ ਅਦੁੱਤੀਆ ਸੇਵਾਵਾਂ ਨੂੰ ਯਾਦ ਕੀਤਾ। ਧਾਰਮਿਕ ਦੀਵਾਨ ਦੌਰਾਨ ਪ੍ਰਸਿੱਧ ਰਾਗੀ ਜਥਿਆਂ, ਢਾਡੀ ਜਥਿਆਂ ਅਤੇ ਕਥਾਵਾਚਕਾਂ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਵੱਲੋਂ ਸਿੱਖ ਪੰਥ, ਗੁਰਮਤਿ ਦੇ ਪ੍ਰਚਾਰ ਅਤੇ ਧਾਰਮਿਕ ਸੇਵਾ ਦੇ ਖੇਤਰ ਵਿੱਚ ਪਾਏ ਗਏ ਵਿਲੱਖਣ ਯੋਗਦਾਨ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕੀਤਾ ਗਿਆ। ਸਮਾਗਮ ਉਪਰੰਤ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ।
ਇਸ ਮੌਕੇ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸਤਨਾਮ ਸਿੰਘ ਨੇ ਕਿਹਾ ਕਿ ਜਥੇਦਾਰ ਗਿਆਨੀ ਤਰਲੋਚਨ ਸਿੰਘ ਨੇ ਆਪਣਾ ਸਮੁੱਚਾ ਜੀਵਨ ਗੁਰਮਤਿ ਸਿਧਾਂਤਾਂ ਦੇ ਪ੍ਰਚਾਰ ਅਤੇ ਪੰਥਕ ਸੇਵਾ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਦੀ ਜੀਵਨ-ਜਾਚ ਨਵੀਂ ਪੀੜ੍ਹੀ ਲਈ ਸਦਾ ਪ੍ਰੇਰਨਾ ਸਰੋਤ ਰਹੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਲਜੀਤ ਸਿੰਘ ਭਿੰਡਰ ਨੇ ਕਿਹਾ ਕਿ ਗਿਆਨੀ ਤਰਲੋਚਨ ਸਿੰਘ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਮਰਿਆਦਾ ਅਤੇ ਪੰਥਕ ਪਰੰਪਰਾਵਾਂ ਦੀ ਰਾਖੀ ਲਈ ਨਿਭਾਈਆਂ ਸੇਵਾਵਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਾਦਗੀ, ਨਿਮਰਤਾ ਅਤੇ ਦੂਰਅੰਦੇਸ਼ੀ ਸਦਾ ਯਾਦ ਰੱਖੀ ਜਾਵੇਗੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਨੇ ਕਿਹਾ ਕਿ ਗਿਆਨੀ ਤਰਲੋਚਨ ਸਿੰਘ ਨੇ ਗੁਰਬਾਣੀ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਸਿੱਖ ਰਹਿਤ-ਮਰਿਆਦਾ ਦੇ ਪ੍ਰਚਾਰ ਲਈ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜੀਵਨ ਹਰ ਸਿੱਖ ਲਈ ਪ੍ਰੇਰਨਾ ਦਾ ਸਰੋਤ ਹੈ। ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਨੇ ਕਿਹਾ ਕਿ ਗਿਆਨੀ ਤਰਲੋਚਨ ਸਿੰਘ ਇੱਕ ਸਾਦਾ ਜੀਵਨ ਬਤੀਤ ਕਰਨ ਵਾਲੇ, ਸੂਝਵਾਨ ਅਤੇ ਗੁਰਮਤਿ ਨੂੰ ਸਮਰਪਿਤ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਆਪਣੇ ਜੀਵਨ ਦੌਰਾਨ ਪੰਥ ਦੀ ਚੜ੍ਹਦੀ ਕਲਾ ਲਈ ਲਗਾਤਾਰ ਕਾਰਜ ਕੀਤਾ। ਸਮਾਗਮ ਵਿੱਚ ਬਾਬਾ ਤੀਰਥ ਸਿੰਘ ਤੱਪ ਅਸਥਾਨ ਵਾਲੇ, ਐਡਵੋਕੇਟ ਜੇ.ਪੀ. ਢੇਰ, ਬਲਵੀਰ ਸਿੰਘ ਭੀਰੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ, ਅਕਾਲੀ ਆਗੂ ਮਨਜਿੰਦਰ ਸਿੰਘ ਬਰਾੜ, ਹਰਦੇਵ ਸਿੰਘ ਦੇਬੀ, ਬੇਅੰਤ ਸਿੰਘ, ਜਥੇਦਾਰ ਰਾਮ ਸਿੰਘ, ਐਡਵੋਕੇਟ ਸਤਨਾਮ ਸਿੰਘ, ਵਿਜੇ ਬਜਾਜ, ਵਪਾਰ ਮੰਡਲ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗੰਡਾ, ਚੌਧਰੀ ਬਾਲੂ ਰਾਮ, ਸੁਰਜੀਤ ਸਿੰਘ ਚਹੜ ਮਜਾਰਾ, ਆਤਮਾ ਸਿੰਘ ਘਟੀਵਾਲ, ਹਰਕੀਰਤ ਸਿੰਘ ਮਾਂਗੇਵਾਲ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਸਮੁੱਚਾ ਸਟਾਫ਼ ਹਾਜ਼ਰ ਸਨ।
ਇਸ ਮੌਕੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਦੇ ਪੁੱਤਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਨੇ ਸਮਾਗਮ ਵਿੱਚ ਪਹੁੰਚੀਆਂ ਸਮੂਹ ਸੰਗਤਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਵੱਲੋਂ ਨਿਭਾਈਆਂ ਗੁਰਮਤਿ ਅਤੇ ਪੰਥਕ ਸੇਵਾਵਾਂ ਨੂੰ ਅੱਗੇ ਵੀ ਇਸੇ ਤਰ੍ਹਾਂ ਯਾਦ ਰੱਖਿਆ ਜਾਵੇਗਾ। ਇਸ ਮੌਕੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਦੇ ਵੱਡੇ ਭਰਾ ਬਾਬਾ ਜਰਨੈਲ ਸਿੰਘ (ਕਾਰ ਸੇਵਾ ਵਾਲਿਆਂ) ਨੇ ਵੀ ਹਾਜ਼ਰ ਸੰਗਤਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਅਪੀਲ ਕੀਤੀ ਕਿ ਗੁਰਸਿੱਖ ਮਹਾਪੁਰਸ਼ਾਂ ਦੇ ਜੀਵਨ ਤੋਂ ਸੇਵਾ, ਸਿਮਰਨ ਅਤੇ ਗੁਰਮਤਿ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਇਆ ਜਾਵੇ।