ਮਧੂਵਨ ਵਾਟਿਕਾ ਪਬਲਿਕ ਸਕੂਲ ’ਚ ਤੀਆਂ ਦੀਆਂ ਰੌਣਕਾਂ ਮਧੂਵਨ ਵਾਟਿਕਾ ਪਬਲਿਕ ਸਕੂਲ 'ਚ ਤੀਆਂ ਦੀਆਂ ਰੌਣਕਾਂ, ਨੰਨੇ-ਮੁੰਨੇ ਬੱਚਿਆਂ ਨੇ ਬਿਖੇਰਿਆ ਪੰਜਾਬੀ ਸੱਭਿਆਚਾਰ ਦਾ ਰੰਗ
Publish Date: Fri, 31 Jul 2026 06:09 PM (IST)
Updated Date: Fri, 31 Jul 2026 06:10 PM (IST)
- ਨੰਨ੍ਹੇ-ਮੁੰਨੇ ਬੱਚਿਆਂ ਨੇ ਬਿਖੇਰਿਆ ਪੰਜਾਬੀ ਸੱਭਿਆਚਾਰ ਦਾ ਰੰਗ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਮਨੋਰਥ ਨਾਲ ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਵਿਖੇ ਨਰਸਰੀ ਕਲਾਸ ਦੇ ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ, ਰਵਾਇਤੀ ਸ਼ਾਨੋ-ਸ਼ੌਕਤ ਅਤੇ ਖੁਸ਼ੀਆਂ ਭਰੇ ਮਾਹੌਲ ਵਿੱਚ ਮਨਾਇਆ ਗਿਆ। ਸਮੁੱਚਾ ਸਕੂਲ ਪੰਜਾਬੀ ਸੱਭਿਆਚਾਰ ਦੀ ਮਹਿਕ ਨਾਲ ਸਰਾਬੋਰ ਨਜ਼ਰ ਆਇਆ, ਜਿੱਥੇ ਹਰ ਪਾਸੇ ਰੰਗ-ਬਿਰੰਗੇ ਪਹਿਰਾਵਿਆਂ, ਲੋਕ-ਰੰਗਾਂ ਅਤੇ ਬੱਚਿਆਂ ਦੀਆਂ ਕਿਲਕਾਰੀਆਂ ਨੇ ਇੱਕ ਮਨਮੋਹਕ ਦ੍ਰਿਸ਼ ਸਿਰਜ ਦਿੱਤਾ। ਤੀਆਂ ਦੇ ਤਿਉਹਾਰ ਦੀ ਰੌਣਕ ਨੂੰ ਚਾਰ ਚੰਨ ਲਗਾਉਣ ਲਈ ਸਕੂਲ ਨੂੰ ਰਵਾਇਤੀ ਢੰਗ ਨਾਲ ਸੁੰਦਰ ਸਜਾਵਟ ਨਾਲ ਸਜਾਇਆ ਗਿਆ ਸੀ। ਨੰਨ੍ਹੇ-ਮੁੰਨੇ ਬੱਚੇ ਰੰਗ-ਬਿਰੰਗੇ ਪੰਜਾਬੀ ਪਹਿਰਾਵਿਆਂ ਵਿੱਚ ਸਜ-ਧਜ ਕੇ ਸਕੂਲ ਪਹੁੰਚੇ ਅਤੇ ਆਪਣੀ ਮਾਸੂਮੀਅਤ, ਚੰਚਲਤਾ ਅਤੇ ਮੁਸਕਰਾਹਟ ਨਾਲ ਹਰ ਇੱਕ ਦਾ ਦਿਲ ਜਿੱਤ ਲਿਆ। ਸਮਾਗਮ ਦਾ ਸ਼ੁੱਭ ਆਗਾਜ਼ ਸਕੂਲ ਦੇ ਚੇਅਰਮੈਨ ਅਮਿਤ ਚੱਢਾ, ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ, ਅਮਨ ਕੁਮਾਰ ਚੱਢਾ, ਪ੍ਰਿੰਸੀਪਲ ਦੀਪਿਕਾ ਪੁਰੀ ਅਤੇ ਅਨੂ ਕੌਸ਼ਲ ਵੱਲੋਂ ਸਾਂਝੇ ਤੌਰ ’ਤੇ ਜੋਤ ਜਗਾ ਕੇ ਕੀਤਾ ਗਿਆ। ਇਸ ਉਪਰੰਤ ਬੱਚਿਆਂ ਨੇ ਸੰਧਾਰਾ, ਰੈਂਪ ਵਾਕ, ਗਿੱਧਾ, ਲੋਕ-ਗੀਤ ਅਤੇ ਝੂਲਿਆਂ ਵਰਗੀਆਂ ਮਨਮੋਹਕ ਪੇਸ਼ਕਾਰੀਆਂ ਰਾਹੀਂ ਪੰਜਾਬੀ ਲੋਕ-ਸੱਭਿਆਚਾਰ ਦੀ ਜੀਵੰਤ ਤਸਵੀਰ ਪੇਸ਼ ਕਰਦਿਆਂ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਨੰਨ੍ਹੀਆਂ ਬੱਚੀਆਂ ਦੇ ਹੱਥਾਂ ’ਤੇ ਰਚੀ ਮਹਿੰਦੀ ਅਤੇ ਖਣਕਦੀਆਂ ਰੰਗ-ਬਿਰੰਗੀਆਂ ਚੂੜੀਆਂ ਨੇ ਤੀਆਂ ਦੀਆਂ ਰੌਣਕਾਂ ਨੂੰ ਹੋਰ ਵੀ ਮਨੋਹਰ ਬਣਾ ਦਿੱਤਾ। ਇਸ ਮੌਕੇ ਕਰਵਾਏ ਗਏ ਮਿਸ ਤੀਜ ਮੁਕਾਬਲੇ ਵਿੱਚ ਨਰਸਰੀ ਕਲਾਸ ਦੀ ਵਿਦਿਆਰਥਣ ਗੁਰਸ਼ਰਨ ਕੌਰ ਨੇ ਆਪਣੇ ਰਵਾਇਤੀ ਪੰਜਾਬੀ ਪਹਿਰਾਵੇ, ਆਤਮ-ਵਿਸ਼ਵਾਸ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਸਭ ਦਾ ਦਿਲ ਜਿੱਤਦਿਆਂ ਮਿਸ ਤੀਜ ਦਾ ਖ਼ਿਤਾਬ ਆਪਣੇ ਨਾਂ ਕੀਤਾ। ਸਕੂਲ ਪ੍ਰਬੰਧਕਾਂ ਵੱਲੋਂ ਗੁਰਸ਼ਰਨ ਕੌਰ ਨੂੰ ਸਨਮਾਨਿਤ ਕਰ ਕੇ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਚੇਅਰਮੈਨ ਅਮਿਤ ਚੱਢਾ ਨੇ ਕਿਹਾ ਕਿ ਆਧੁਨਿਕ ਸਿੱਖਿਆ ਦੇ ਨਾਲ-ਨਾਲ ਬੱਚਿਆਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ, ਲੋਕ-ਪਰੰਪਰਾਵਾਂ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਦੇ ਮਨਾਂ ਵਿੱਚ ਆਪਣੀ ਮਿੱਟੀ, ਬੋਲੀ ਅਤੇ ਵਿਰਾਸਤ ਪ੍ਰਤੀ ਪਿਆਰ ਅਤੇ ਸਤਿਕਾਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਇਸ ਮੌਕੇ ਜਗਵਿੰਦਰ ਕੌਰ, ਰਜਨੀ, ਬੇਬੀ, ਅੰਜਨਾ, ਸੁਦੇਸ਼ ਕੁਮਾਰੀ, ਪ੍ਰਿਆ, ਅਮਨਜੋਤ ਕੌਰ, ਗੁਰਜੀਤ ਕੌਰ, ਅਮਰਜੀਤ ਕੌਰ, ਜਸਵੀਰ ਕੌਰ, ਸੰਦੀਪ ਕੌਰ ਅਤੇ ਸੀਮਾ ਵਸ਼ਿਸ਼ਠ ਸਮੇਤ ਸਮੂਹ ਅਧਿਆਪਕ ਹਾਜ਼ਰ ਸਨ।