ਬਾਲੇਵਾਲ ਬਾਪੂ ਗੰਗਾ ਦਾਸ ਦਾ 11ਵਾਂ ਬਰਸੀ ਮੇਲਾ ਅਮਿੱਟ ਪੈੜਾਂ ਛੱਡਦਾ ਹੋਇਆ ਸੰਪੰਨ ਬਾਲੇਵਾਲ ਬਾਪੂ ਗੰਗਾ ਦਾਸ ਜੀ ਦਾ 11ਵਾਂ ਬਰਸੀ ਮੇਲਾ ਅਮਿੱਟ ਪੈੜਾਂ ਛੱਡਦਾ ਹੋਇਆ ਸੰਪੰਨ
Publish Date: Fri, 31 Jul 2026 05:49 PM (IST)
Updated Date: Fri, 31 Jul 2026 05:52 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਧੰਨ ਧੰਨ ਬਾਪੂ ਕੁੰਭ ਦਾਸ ਡੇਰਾ ਬਾਲੇਵਾਲ ਵਿਖੇ ਮੁੱਖ ਗੱਦੀਨਸ਼ੀਨ ਮਹੰਤ ਬੰਤੋ ਦਾਸ ਦੀ ਅਗਵਾਈ ’ਚ ਧੰਨ ਧੰਨ ਬਾਪੂ ਗੰਗਾ ਦਾਸ ਦੇ 11ਵਾਂ ਬਰਸੀ ਮੇਲਾ ਅਤੇ ਵਿਸ਼ਾਲ ਭੰਡਾਰਾ ਡੇਰਾ ਵਿਖੇ ਬੜੀ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਮਾਹੌਲ ਵਿੱਚ ਸੰਪੰਨ ਹੋਇਆ। ਸਮੁੱਚੇ ਸਮਾਗਮ ਦੌਰਾਨ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਬਾਪੂ ਜੀ ਦੇ ਚਰਨਾਂ ਵਿੱਚ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਅਤੇ ਗੁਰੂ ਮਹਿਮਾ ਦਾ ਅਨੰਦ ਪ੍ਰਾਪਤ ਕੀਤਾ। ਸਮਾਗਮ ਨੇ ਇਲਾਕੇ ਦੀਆਂ ਸੰਗਤਾਂ ਦੇ ਮਨਾਂ ’ਤੇ ਅਮਿੱਟ ਪੈੜਾਂ ਛੱਡਦਿਆਂ ਆਪਸੀ ਪਿਆਰ, ਸਦਭਾਵਨਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਸਮਾਗਮ ਦੀ ਸ਼ੁਰੂਆਤ ਸ਼ਿਵ ਪੁਰਾਣ ਕਥਾ ਦੇ ਪਾਵਨ ਭੋਗ ਨਾਲ ਹੋਈ, ਜਿਸ ਦੀਆਂ ਰਸਮਾਂ ਪ੍ਰਸਿੱਧ ਕਥਾਵਾਚਕ ਆਚਾਰੀਆ ਰੋਹਿਤ ਸ਼ਰਮਾ ਨੇ ਸੰਪੰਨ ਕਰਵਾਈਆਂ। ਇਸ ਉਪਰੰਤ ਅਰਦਾਸ ਅਤੇ ਆਸ਼ੀਰਵਾਦ ਨਾਲ ਧਾਰਮਿਕ ਮੇਲੇ ਦਾ ਆਗਾਜ਼ ਕੀਤਾ ਗਿਆ। ਧਾਰਮਿਕ ਸਟੇਜ ਦੀ ਸ਼ੁਰੂਆਤ ਖੇਤਰੀ ਕਲਾਕਾਰ ਓਂਕਾਰ ਘਈ ਵੱਲੋਂ ਵੱਖ-ਵੱਖ ਭਜਨਾਂ ਦੀ ਮਨਮੋਹਕ ਪੇਸ਼ਕਾਰੀ ਨਾਲ ਕੀਤੀ ਗਈ। ਉਨ੍ਹਾਂ ਦੇ ਭਗਤੀ ਰਸ ਨਾਲ ਭਰਪੂਰ ਭਜਨਾਂ ਨੇ ਸੰਗਤਾਂ ਨੂੰ ਪ੍ਰਭੂ-ਭਗਤੀ ਵਿੱਚ ਲੀਨ ਕਰ ਦਿੱਤਾ ਅਤੇ ਸਮੁੱਚਾ ਪੰਡਾਲ ‘ਹਰਿ ਨਾਮ’ ਦੀ ਮਿੱਠੀ ਧੁਨ ਨਾਲ ਗੂੰਜ ਉੱਠਿਆ। ਇਸ ਮੌਕੇ ਹੋਰ ਧਾਰਮਿਕ ਕਲਾਕਾਰਾਂ ਨੇ ਵੀ ਆਪਣੀਆਂ ਰੂਹਾਨੀ ਪੇਸ਼ਕਾਰੀਆਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਅਖਿਲ ਭਾਰਤੀਯ ਗੁੱਜਰ ਮਹਾਸਭਾ ਦੇ ਸੂਬਾ ਪ੍ਰਧਾਨ ਕਮਲ ਚੌਹਾਨ ਟੇਡੇਵਾਲ, ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਗੁਰਪ੍ਰਤਾਪ ਸਿੰਘ ਗਿੱਲ, ਸੀਨੀਅਰ ਕਾਂਗਰਸੀ ਆਗੂ ਸੰਦੀਪ ਪਾਠਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਨ੍ਹਾਂ ਪਤਵੰਤਿਆਂ ਨੇ ਕਿਹਾ ਕਿ ਸੰਤ-ਮਹਾਪੁਰਸ਼ਾਂ ਦੇ ਬਰਸੀ ਮੇਲੇ ਸਾਡੀ ਅਮੀਰ ਅਧਿਆਤਮਿਕ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਸਮਾਜ ਵਿੱਚ ਸੇਵਾ, ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਅਜਿਹੇ ਧਾਰਮਿਕ ਸਮਾਗਮਾਂ ਨਾਲ ਜੁੜ ਕੇ ਮਹਾਨ ਸੰਤਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ। ਸਮਾਗਮ ਦੌਰਾਨ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਅਤੇ ਧਾਰਮਿਕ ਸੇਵਾ ਨਾਲ ਜੁੜੇ ਸੇਵਾਦਾਰਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਮੁੱਚੀਆਂ ਸੰਗਤਾਂ ਲਈ ਵਿਸ਼ਾਲ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਹਜ਼ਾਰਾਂ ਸ਼ਰਧਾਲੂਆਂ ਨੇ ਗੁਰੂ ਦਾ ਲੰਗਰ ਛਕ ਕੇ ਆਪਣਾ ਜੀਵਨ ਧੰਨ ਕੀਤਾ। ਸਮੁੱਚਾ ਸਮਾਗਮ ਸ਼ਰਧਾ, ਸੇਵਾ, ਸਿਮਰਨ ਅਤੇ ਸਤਿਕਾਰ ਦੇ ਰੰਗਾਂ ਨਾਲ ਰੰਗਿਆ ਰਿਹਾ। ਸੰਗਤਾਂ ਨੇ ਅਰਦਾਸ ਕੀਤੀ ਕਿ ਬਾਪੂ ਗੰਗਾ ਦਾਸ ਜੀ ਦੀ ਕਿਰਪਾ ਸਦਾ ਹੀ ਸਮੂਹ ਲੋਕਾਈ ’ਤੇ ਬਣੀ ਰਹੇ ਅਤੇ ਸਮਾਜ ਵਿੱਚ ਪਿਆਰ, ਸ਼ਾਂਤੀ ਅਤੇ ਭਾਈਚਾਰੇ ਦੀ ਜੋਤ ਇਉਂ ਹੀ ਜਗਦੀ ਰਹੇ। ਇਸ ਮੌਕੇ ਇਲਾਕੇ ਦੇ ਵੱਖ-ਵੱਖ ਪਤਵੰਤੇ ਡੇਰੇ ਦੇ ਸੇਵਾਦਾਰ ਅਤੇ ਸੰਗਤਾਂ ਵੱਡੀ ਗਿਣਤੀ ’ਚ ਹਾਜ਼ਰ ਸਨ।