- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਆਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਇੰਟਰਲਾਕਿੰਗ ਟਾਇਲਾਂ ਦਾ ਮੰਦਾ ਹਾਲ

- ਸ਼ਹਿਰ ਦੀਆਂ ਕਈ ਗਲੀਆਂ ’ਚ ਮੁਰੰਮਤ ਦੀ ਲੋੜ
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ
ਸ੍ਰੀ ਆਨੰਦਪੁਰ ਸਾਹਿਬ : ਪਵਿੱਤਰ ਨਗਰੀ ਸ੍ਰੀ ਆਨੰਦਪੁਰ ਸਾਹਿਬ ਦੀਆਂ ਮੁੱਖ ਸੜਕਾਂ ਭਾਵੇਂ ਚੰਗੀ ਹਾਲਤ ਵਿੱਚ ਹਨ ਅਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀਆਂ ਗਲੀਆਂ ਵਿੱਚ ਰੰਗਦਾਰ ਅਤੇ ਡਿਜ਼ਾਈਨਦਾਰ ਇੰਟਰਲਾਕਿੰਗ ਟਾਈਲਾਂ ਵਿਛਾਈਆਂ ਗਈਆਂ ਹਨ, ਪਰ ਸਮੇਂ ਦੇ ਨਾਲ ਕਈ ਥਾਵਾਂ ’ਤੇ ਇਨ੍ਹਾਂ ਟਾਈਲਾਂ ਦੀ ਹਾਲਤ ਖ਼ਰਾਬ ਹੋ ਚੁੱਕੀ ਹੈ। ਕਿਤੇ ਟਾਈਲਾਂ ਟੁੱਟ ਗਈਆਂ ਹਨ, ਕਿਤੇ ਧੱਸ ਗਈਆਂ ਹਨ ਅਤੇ ਕਿਤੇ ਉਨ੍ਹਾਂ ਦੇ ਜੋੜ ਖੁੱਲ੍ਹ ਗਏ ਹਨ, ਜਿਸ ਕਾਰਨ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਕਈ ਗਲੀਆਂ ਵਿੱਚ ਹੁਣ ਮੁਰੰਮਤ ਅਤੇ ਰੱਖ-ਰਖਾਅ ਦੀ ਲੋੜ ਹੈ। ਵਾਰਡ ਨੰਬਰ 7 (ਪੁਰਾਣਾ ਵਾਰਡ ਨੰਬਰ 13) ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੇ ਘਰ ਨੇੜੇ, ਜੰਜ ਘਰ ਵਾਲੀ ਮੁੱਖ ਗਲੀ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਇੰਟਰਲਾਕਿੰਗ ਟਾਈਲਾਂ ਧੱਸੀਆਂ ਹੋਈਆਂ ਹਨ। ਇੱਥੇ ਕਈ ਫੁੱਟ ਚੌੜਾ ਅਤੇ ਡੂੰਘਾ ਟੋਇਆ ਬਣਿਆ ਹੋਇਆ ਹੈ, ਜਿਸ ਵਿੱਚ ਹਰ ਸਮੇਂ ਪਾਣੀ ਖੜ੍ਹਾ ਰਹਿੰਦਾ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਸ ਗਲੀ ਦੀ ਹਾਲਤ ਕਾਰਨ ਰੋਜ਼ਾਨਾ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਇਸ ਵੱਲ ਵੀ ਧਿਆਨ ਦਿੱਤੇ ਜਾਣ ਦੀ ਲੋੜ ਹੈ।
ਲੋਕਾਂ ਨੇ ਦੱਸਿਆ ਕਿ ਟੋਏ ਵਿੱਚ ਪਾਣੀ ਖੜ੍ਹਾ ਰਹਿਣ ਕਾਰਨ ਮੱਛਰ ਪੈਦਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਜਿਸ ਨਾਲ ਡੇਂਗੂ ਅਤੇ ਹੋਰ ਮੌਸਮੀ ਬਿਮਾਰੀਆਂ ਫੈਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਗਲੀ ਸ਼ਹਿਰ ਦੀਆਂ ਸਭ ਤੋਂ ਅਹਿਮ ਗਲੀਆਂ ਵਿੱਚੋਂ ਇੱਕ ਹੈ, ਕਿਉਂਕਿ ਇਸੇ ਰਸਤੇ ਰਾਹੀਂ ਸ਼ਹਿਰ ਵਿੱਚ ਮੁੱਖ ਪ੍ਰਵੇਸ਼ ਹੁੰਦਾ ਹੈ। ਇਸ ਰਸਤੇ ਤੋਂ ਰੋਜ਼ਾਨਾ ਸਕੂਲੀ ਬੱਚੇ, ਬੱਸ ਅੱਡੇ ਅਤੇ ਹਸਪਤਾਲ ਜਾਣ ਵਾਲੇ ਲੋਕ, ਗੁਰਦੁਆਰਾ ਸਾਹਿਬ ਜਾਣ ਵਾਲੀ ਸੰਗਤ ਅਤੇ ਹੋਰ ਸੈਂਕੜੇ ਰਾਹਗੀਰ ਲੰਘਦੇ ਹਨ। ਮੁਹੱਲਾ ਵਾਸੀਆਂ ਅਨੁਸਾਰ ਟੋਏ ਕਾਰਨ ਕਈ ਵਾਰ ਦੋਪਹੀਆ ਵਾਹਨ ਚਾਲਕ ਡਿੱਗ ਕੇ ਜ਼ਖ਼ਮੀ ਵੀ ਹੋ ਚੁੱਕੇ ਹਨ। ਮੀਂਹ ਜਾਂ ਟੋਏ ਵਿੱਚ ਖੜ੍ਹੇ ਪਾਣੀ ਵਿੱਚੋਂ ਲੰਘਣ ਵਾਲੇ ਵਾਹਨਾਂ ਕਾਰਨ ਪੈਦਲ ਲੰਘਣ ਵਾਲੇ ਲੋਕਾਂ ਦੇ ਕੱਪੜੇ ਵੀ ਗੰਦੇ ਹੋ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਰੋਜ਼ਾਨਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਆਸਟ੍ਰੇਲੀਆ ਤੋਂ ਆਏ ਸ਼ਾਮ ਲਾਲ ਨੇ ਹਾਸੇ-ਮਜ਼ਾਕ ਦੇ ਅੰਦਾਜ਼ ਵਿੱਚ ਕਿਹਾ ਕਿ ਇੱਥੇ ਇਹ ਕਹਾਵਤ ਬਿਲਕੁਲ ਢੁੱਕਵੀਂ ਲੱਗਦੀ ਹੈ, ਸੜਕਾਂ ਸੋਹਣੀਆਂ ਤੇ ਵਿੱਚ ਟੋਏ, ਅਸੀਂ ਡਿੱਗ ਗਏ ਓਏ ਹੋਏ।
ਸ਼ਾਮ ਲਾਲ ਸਮੇਤ ਸਤਿਗੁਰ ਓਟ ਆਸਰਾ ਟਰੱਸਟ ਦੇ ਪ੍ਰਧਾਨ ਤ੍ਰਿਲੋਚਨ ਸਿੰਘ ਚੱਠਾ, ਰੋਟਰੀ ਕਲੱਬ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਸੀਏ ਗੁਰਜਿੰਦਰ ਸਿੰਘ, ਉੱਘੇ ਸਰਜਨ ਡਾ. ਪੀਜੇਐੱਸ ਕੰਗ, ਮੋਹਿਤ ਸ਼ਰਮਾ, ਕਿਰਨ ਬਾਲਾ, ਰਿੱਕੀ ਸ਼ਰਮਾ, ਰਵਿੰਦਰ ਸਿੰਘ ਰਾਜਾ, ਜਰਨੈਲ ਸਿੰਘ ਗੁੰਬਰ, ਜਸਪਾਲ ਸਿੰਘ ਪਾਲ, ਜਸਜੀਤ ਸਿੰਘ, ਸਾਹਿਬਜੋਤ ਸਿੰਘ, ਜਸਵਿੰਦਰ ਸਿੰਘ ਸੋਨੂੰ ਅਤੇ ਹੋਰ ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੂੰ ਅਪੀਲ ਕੀਤੀ ਕਿ ਇਸ ਗਲੀ ਸਮੇਤ ਸ਼ਹਿਰ ਦੀਆਂ ਹੋਰ ਉਨ੍ਹਾਂ ਗਲੀਆਂ ਵੱਲ ਵੀ ਧਿਆਨ ਦਿੱਤਾ ਜਾਵੇ, ਜਿੱਥੇ ਇੰਟਰਲਾਕਿੰਗ ਟਾਇਲਾਂ ਦੀ ਮੁਰੰਮਤ ਜਾਂ ਸੁਧਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਮੁਰੰਮਤ ਦੇ ਕੰਮ ਕਰਵਾਉਣ ਨਾਲ ਆਵਾਜਾਈ ਸੁਚਾਰੂ ਹੋਵੇਗੀ, ਹਾਦਸਿਆਂ ਦੀ ਸੰਭਾਵਨਾ ਘਟੇਗੀ ਅਤੇ ਲੋਕਾਂ ਨੂੰ ਰੋਜ਼ਾਨਾ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲੇਗੀ।