ਸਫ਼ਾਈ ਸੇਵਕਾਂ ਨੇ ਅਣਮਿਥੇ ਸਮੇਂ ਦੀ ਹੜਤਾਲ ਦਾ ਬਜਾਇਆ ਬਿਗੁਲ ਨਗਰ ਕੌਸਲ ਕਰਮਚਾਰੀਆਂ ਨੇ ਕੀਤੀ ਮੁਕੰਮਲ ਹੜਤਾਲ
Publish Date: Thu, 30 Jul 2026 06:06 PM (IST)
Updated Date: Thu, 30 Jul 2026 06:07 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਬਰਨਾਲਾ ਵਿਖੇ ਹੜਤਾਲ ਦੌਰਾਨ ਸਫਾਈ ਸੇਵਕਾਂ ਉਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਅਤੇ ਰੋਸ਼ ਵਜੋਂ ਨਗਰ ਪਾਲਿਕਾ ਕਰਮਚਾਰੀ ਸੰਗਠਨ ਪੰਜਾਬ ਵੱਲੋਂ ਕੀਤੀ ਗਈ ਪੰਜਾਬ ਬੰਦ ਦੀ ਕਾਲ ਦਾ ਸਮਰਥਨ ਕਰਦੇ ਹੋਏ ਨਗਰ ਕੌਂਸਲ ਨੰਗਲ ਵਿੱਚ ਆਊਟਸੋਰਸ ’ਤੇ ਕੰਮ ਕਰਦੇ ਤਮਾਮ ਟੈਕਨੀਕਲ, ਕਲੈਰੀਕਲ ਅਤੇ ਸਫਾਈ ਸੇਵਕ ਮੁਲਾਜ਼ਮਾਂ ਵੱਲੋਂ ਪ੍ਰਧਾਨ ਲਲਿਤ ਕੁਮਾਰ ਅਤੇ ਪ੍ਰਧਾਨ ਰੇਸ਼ਮਾ ਦੀ ਅਗਵਾਈ ਹੇਠ ਆਪਣਾ-ਆਪਣਾ ਕੰਮ ਛੱਡ ਕੇ ਜਿੱਥੇ ਪੰਜਾਬ ਬੰਦ ਦੀ ਕਾਲ ਨੂੰ ਸਫਲ ਬਣਾਇਆ ਗਿਆ, ਉਥੇ ਹੀ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਅਣ-ਮਿੱਥੇ ਸਮੇਂ ਲਈ ਹੜਤਾਲ ਦਾ ਬਿਗੁਲ ਵਜਾ ਦਿੱਤਾ ਗਿਆ। ਇਸ ਮੌਕੇ ਤੇ ਨਗਰ ਕੌਂਸਲ ਦੇ ਟੈਕਨੀਕਲ ਕਲੈਰੀਕਲ ਆਊਟਸੋਰਸ ਯੂਨੀਅਨ ਦੇ ਪ੍ਰਧਾਨ ਲਲਿਤ ਕੁਮਾਰ ਨੇ ਕਿਹਾ ਕਿ 28 ਜੁਲਾਈ ਨੂੰ ਸਰਕਾਰ ਨਾਲ ਜੋ ਮੀਟਿੰਗ ਹੋਈ ਉਸ ਵਿੱਚ ਟੈਕਨੀਕਲ, ਕਲੈਰੀਕਲ ਕਾਮੇ ਨੂੰ ਕੰਟ੍ਰੈਕਟ ਅਤੇ ਰੈਗੂਲਰ ਪਾਲਿਸੀ ਤੋਂ ਵਾਂਛਾ ਰੱਖਿਆ ਗਿਆ, ਜਿਸ ਦੇ ਰੋਸ਼ ਵਜੋਂ ਨਗਰ ਕੌਂਸਲ ਨੰਗਲ ਦੇ ਸਾਰੇ ਆਊਟਸੋਰਸ ਮੁਲਾਜ਼ਮਾਂ ਵੱਲੋਂ ਅਣ-ਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ, ਇਸ ਹੜਤਾਲ ਵਿੱਚ ਨਗਰ ਕੌਂਸਲ ਸਫਾਈ ਸੇਵਕ ਯੂਨੀਅਨ ਦੀ ਪ੍ਰਧਾਨ ਰੇਸ਼ਮਾਂ ਨੇ ਵੀ ਭਰੋਸਾ ਦਵਾਇਆ ਕਿ ਜਦੋਂ ਤੱਕ ਟੈਕਨੀਕਲ ਅਤੇ ਕਲੈਰੀਕਲ ਕਾਮੇ ਦੀਆਂ ਮੰਗਾਂ ਦੀ ਪੂਰਤੀ ਨਹੀਂ ਹੋ ਜਾਂਦੀ ਅਸੀ ਵੀ ਉਨਾਂਚਿਰ ਦਰੀਆਂ ਤੋਂ ਨਹੀਂ ਉਠਾਂਗੇ ਅਤੇ ਹੜਤਾਲ ਜਾਰੀ ਰੱਖਾਂਗੇ। ਇਸ ਮੌਕੇ ਤੇ ਪ੍ਰਧਾਨ ਲਲਿਤ ਕੁਮਾਰ ਦੇ ਕਿਹਾ ਕਿ ਟੈਕਨੀਕਲ, ਕਲੈਰੀਕਲ ਅਤੇ ਆਲ ਕੈਟਾਗਰੀ ਦੇ ਆਊਟਸੋਰਸ ਮੁਲਾਜ਼ਮਾਂ ਨਾਲ ਸਰਕਾਰ ਵੱਲੋਂ ਪਹਿਲਾ 2011 ਵਿੱਚ ਆਰਟੀਕਲ 14, ਬਰਾਬਰਤਾ ਦਾ ਅਧਿਕਾਰ ਦੀ ਉਲੰਘਣਾ ਕਰਦੇ ਹੋਏ ਭੇਦਭਾਵ ਕੀਤਾ ਗਿਆ, ਫਿਰ 2016 ਦੇ ਵਿੱਚ ਆਰਟੀਕਲ 16 ਅਨੁਸਾਰ ਰੋਜ਼ਗਾਰ ਵਿੱਚ ਸਮਾਨਤਾ ਦੇ ਅਧਿਕਾਰ ਦੀ ਉਲੰਘਣਾ ਕੀਤੀ ਗਈ, ਫਿਰ 2021 ਦੇ ਵਿੱਚ ਆਰਟੀਕਲ 21, ਜੀਊਣ ਦੇ ਅਧਿਕਾਰ ਦੀ ਉਲੰਘਣਾ ਕੀਤੀ ਗਈ ਅਤੇ ਹੁਣ 2026 ਵਿੱਚ ਫਿਰ ਤੋ ਸਰਕਾਰ ਇਸ ਨੂੰ ਦੋਹਰਾਉਂਦੇ ਹੋਏ ਇਨ੍ਹਾਂ ਆਰਟੀਕਲਾਂ ਦੀ ਉਲੰਘਣਾ ਕਰਨ ਜਾ ਰਹੀ ਹੈ, ਜਿਸ ਦੇ ਰੋਸ਼ ਵਜੋਂ ਨਗਰ ਕੌਂਸਲ ਨੰਗਲ ਵਿਖੇ ਅਣਮਿੱਥੇ ਸਮੇ ਲਈ ਹੜਤਾਲ ਸ਼ੁਰੂ ਕੀਤੀ ਗਈ ਹੈ। ਉੱਨ੍ਹਾਂ ਕਿਹਾ ਕਿ ਅਗਰ ਸਰਕਾਰ ਇਨ੍ਹਾਂ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਸਾਡੀ ਮੰਗਾ ਦੀ ਅਣਦੇਖੀ ਕਰਦੀ ਹੈ ਤਾਂ ਆਉਣ ਵਾਲੇ ਸਮੇ ਵਿੱਚ ਅਸੀ ਬੱਚਿਆ ਸਮੇਤ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਅਤੇ ਇਸ ਤੋਂ ਬਾਅਦ ਵੀ ਜੇਕਰ ਸਰਕਾਰ ਦੇ ਸਿਰ ਤੇ ਜੂੰ ਨਹੀਂ ਸਰਕਦੀ ਤਾਂ ਅਸੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜਾ ਵੀ ਖੜਕਾਇਆ ਜਾਵੇਗਾ।