- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਂ ਬੋਲੀ ਪੰਜਾਬੀ ਸਾਡੀ ਸ਼ਾਨ ’ਤੇ ਪਹਿਚਾਣ

ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਕੀਰਤਪੁਰ ਸਾਹਿਬ : ਮਾਂ ਬੋਲੀ ਪੰਜਾਬੀ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ, ਇਤਿਹਾਸ ਅਤੇ ਪਹਿਚਾਣ ਦਾ ਅਟੁੱਟ ਹਿੱਸਾ ਹੈ। ਇਹ ਉਹ ਭਾਸ਼ਾ ਹੈ ਜਿਸ ਰਾਹੀਂ ਸਾਨੂੰ ਆਪਣੇ ਗੁਰੂ ਸਾਹਿਬਾਨ ਦੀ ਬਾਣੀ, ਮਹਾਨ ਸਾਹਿਤਕਾਰਾਂ ਦੀਆਂ ਰਚਨਾਵਾਂ ਤੇ ਪੰਜਾਬ ਦੇ ਅਮੀਰ ਵਿਰਸੇ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਮੌਜੂਦਾ ਸਮੇਂ ਵਿੱਚ ਅੰਗਰੇਜ਼ੀ ਭਾਸ਼ਾ ਦੇ ਵਧਦੇ ਪ੍ਰਭਾਵ ਕਾਰਨ ਪੰਜਾਬੀ ਦੀ ਵਰਤੋਂ ਘਟਦੀ ਨਜ਼ਰ ਆ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਇਸ ਸਬੰਧੀ ਵੱਖ-ਵੱਖ ਸ਼ਖ਼ਸੀਅਤਾਂ ਨੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਕਰਨ ਤੇ ਇਸ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ ਹੈ।
ਲੈਕਚਰਾਰ ਅਮਰਜੀਤ ਸਿੰਘ ਲਾਡੀ ਨੇ ਕਿਹਾ ਕਿ ਮਾਂ ਬੋਲੀ ਨਾਲ ਪਿਆਰ ਕਰਨਾ ਆਪਣੇ ਇਤਿਹਾਸ, ਵਿਰਸੇ ਤੇ ਸੱਭਿਆਚਾਰ ਨਾਲ ਪਿਆਰ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੇ ਦੁਨੀਆ ਭਰ ਵਿੱਚ ਪੰਜਾਬੀਆਂ ਨੂੰ ਇੱਕ ਸਾਂਝੀ ਪਹਿਚਾਣ ਦਿੱਤੀ ਹੈ। ਅੱਜ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਸੋਸ਼ਲ ਮੀਡੀਆ, ਮੋਬਾਈਲ ਸੁਨੇਹਿਆਂ, ਦਫ਼ਤਰੀ ਕੰਮਕਾਜ ਅਤੇ ਆਪਣੇ ਰੋਜ਼ਾਨਾ ਜੀਵਨ ਵਿੱਚ ਪੰਜਾਬੀ ਨੂੰ ਪਹਿਲ ਦੇਣ। ਜੇਕਰ ਅਸੀਂ ਖੁਦ ਆਪਣੀ ਭਾਸ਼ਾ ਨੂੰ ਮਾਣ ਨਹੀਂ ਦੇਵਾਂਗੇ ਤਾਂ ਦੂਜਿਆਂ ਤੋਂ ਇਸ ਦੀ ਕਦਰ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਪੰਜਾਬੀ ਬੋਲਣ ਵਿੱਚ ਕਦੇ ਵੀ ਹਿਚਕਿਚਾਹਟ ਮਹਿਸੂਸ ਨਹੀਂ ਕਰਨੀ ਚਾਹੀਦੀ, ਸਗੋਂ ਇਸ 'ਤੇ ਮਾਣ ਕਰਨਾ ਚਾਹੀਦਾ ਹੈ।
ਐਡਵੋਕੇਟ ਵਰਿੰਦਰ ਬੀਰ ਸਿੰਘ ਨੇ ਕਿਹਾ ਪੰਜਾਬੀ ਭਾਸ਼ਾ ਸਾਨੂੰ ਗੁਰੂ ਸਾਹਿਬਾਨ ਵੱਲੋਂ ਮਿਲੀ ਅਮੋਲਕ ਵਿਰਾਸਤ ਹੈ। ਉਨ੍ਹਾਂ ਕਿਹਾ ਕਿ ਹਰ ਮਾਪੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਪੰਜਾਬੀ ਪੜ੍ਹਨ, ਲਿਖਣ ਅਤੇ ਬੋਲਣ ਲਈ ਪ੍ਰੇਰਿਤ ਕਰਨ। ਸਕੂਲਾਂ, ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਵੀ ਪੰਜਾਬੀ ਨੂੰ ਬਣਦਾ ਸਨਮਾਨ ਮਿਲਣਾ ਚਾਹੀਦਾ ਹੈ। ਜੋ ਸਮਾਜ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦਾ ਹੈ, ਉਹ ਹੌਲੀ-ਹੌਲੀ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰਕ ਪਹਿਚਾਣ ਤੋਂ ਵੀ ਦੂਰ ਹੋ ਜਾਂਦਾ ਹੈ। ਇਸ ਲਈ ਹਰ ਪਰਿਵਾਰ ਨੂੰ ਆਪਣੇ ਘਰ ਵਿੱਚ ਪੰਜਾਬੀ ਬੋਲਣ ਦੀ ਰਿਵਾਇਤ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਹਿਮਾਸ਼ੂ ਟੰਡਨ ਬਲਾਕ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬੀ ਸਿਰਫ਼ ਗੱਲਬਾਤ ਦੀ ਭਾਸ਼ਾ ਨਹੀਂ, ਸਗੋਂ ਸਾਡੀ ਰੂਹ, ਸਾਡੀ ਸੋਚ ਤੇ ਸਾਡੀ ਸੱਭਿਆਚਾਰਕ ਪਛਾਣ ਦਾ ਪ੍ਰਤੀਕ ਹੈ। ਸਰਕਾਰੀ ਦਫ਼ਤਰਾਂ, ਨਿੱਜੀ ਸੰਸਥਾਵਾਂ, ਵਪਾਰਕ ਅਦਾਰਿਆਂ ਤੇ ਸਮਾਜਿਕ ਮੰਚਾਂ 'ਤੇ ਪੰਜਾਬੀ ਦੀ ਵੱਧ ਤੋਂ ਵੱਧ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਹਰ ਪੰਜਾਬੀ ਨੂੰ ਆਪਣੇ ਲਿਖਤੀ ਕੰਮਾਂ ਵਿੱਚ ਪੰਜਾਬੀ ਨੂੰ ਤਰਜੀਹ ਦੇਣੀ ਚਾਹੀਦੀ ਹੈ। ਜੇਕਰ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਪੰਜਾਬੀ ਦੀ ਵਰਤੋਂ ਵਧਾਏਗਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਵੀ ਆਪਣੀ ਮਾਂ ਬੋਲੀ ਨਾਲ ਜੁੜੀਆਂ ਰਹਿਣਗੀਆਂ ਤੇ ਪੰਜਾਬੀ ਭਾਸ਼ਾ ਹੋਰ ਮਜ਼ਬੂਤੀ ਨਾਲ ਅੱਗੇ ਵਧੇਗੀ। ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਾਂ ਬੋਲੀ ਪੰਜਾਬੀ 'ਤੇ ਮਾਣ ਕਰਨ, ਇਸ ਨੂੰ ਆਪਣੇ ਘਰਾਂ, ਕਾਰੋਬਾਰਾਂ, ਵਿਦਿਅਕ ਅਦਾਰਿਆਂ ਅਤੇ ਸਮਾਜਿਕ ਜੀਵਨ ਵਿੱਚ ਵੱਧ ਤੋਂ ਵੱਧ ਅਪਣਾਉਣ ਤੇ ਭਵਿੱਖੀ ਪੀੜ੍ਹੀ ਨੂੰ ਵੀ ਪੰਜਾਬੀ ਨਾਲ ਜੋੜਨ ਲਈ ਯਤਨ ਕਰਨ। ਉਨ੍ਹਾਂ ਕਿਹਾ ਕਿ ਮਾਂ ਬੋਲੀ ਦੀ ਸੇਵਾ ਹੀ ਆਪਣੇ ਵਿਰਸੇ, ਸੱਭਿਆਚਾਰ ਤੇ ਪੰਜਾਬ ਦੀ ਪਛਾਣ ਦੀ ਸੇਵਾ ਹੈ।