ਸ੍ਰੀ ਕੀਰਤਪੁਰ ਸਾਹਿਬ ਨਗਰ ਪੰਚਾਇਤ ਵਾਰਡ ਨੰਬਰ 11 ਅਧੀਨ ਪੈਂਦੀਆਂ ਪਹਾੜੀਆਂ ਪੁੱਟੀਆਂ ਸ੍ਰੀ ਕੀਰਤਪੁਰ ਸਾਹਿਬ ਨਗਰ ਪੰਚਾਇਤ ਵਾਰਡ ਨੰਬਰ 11 ਅਧੀਨ ਪੈਂਦੀਆਂ ਪਹਾੜੀਆਂ ਪੁੱਟੀਆਂ
Publish Date: Fri, 17 Jul 2026 04:19 PM (IST)
Updated Date: Sat, 18 Jul 2026 04:01 AM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਨਗਰ ਪੰਚਾਇਤ ਸ਼੍ਰੀ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ 11 ਪਿੰਡ ਭਗਵਾਲਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਪਹਾੜੀਆਂ ਪੁੱਟੀਆਂ ਜਾ ਰਹੀਆਂ ਹਨ ਅਤੇ ਪਹਾੜੀਆਂ ਤੋਂ ਪੱਟੀ ਮਿੱਟੀ ਨਾਲ ਭਰਤ ਅਤੇ ਭੱਠਿਆਂ ਨੂੰ ਵੇਚ ਕੇ ਮੋਟਾ ਪੈਸਾ ਕਮਾਇਆ ਜਾ ਰਿਹਾ ਹੈ, ਪਰ ਸ਼ੋਸ਼ਲ ਮੀਡੀਆ ਅਤੇ ਅਖਬਾਰਾਂ ਵਿੱਚ ਖਬਰਾਂ ਲੱਗਣ ਤੋਂ ਬਾਅਦ ਵੀ ਪ੍ਰਸ਼ਾਸਨ ਇਸ ਨੂੰ ਰੋਕਣ ਲਈ ਨਾਕਾਮ ਨਜ਼ਰ ਆ ਰਿਹਾ ਹੈ, ਜਿਸ ਤੋਂ ਲੱਗਦਾ ਹੈ ਕਿ ਮਿਲੀ ਭੁਗਤ ਤੋਂ ਬਿਨ੍ਹਾਂ ਇਹ ਕੰਮ ਸੰਭਵ ਨਹੀਂ ਹੈ। ਇਸ ਸਬੰਧੀ ਸ਼ਹਿਰ ਦੇ ਇੱਕ ਕਾਂਗਰਸੀ ਆਗੂ ਵੱਲੋਂ ਵੀ ਆਪਣੀ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਸਵਾਲ ਚੁੱਕੇ ਸੀ, ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ। ਦੱਸਣ ਯੋਗ ਹੈ ਕੀ ਕੁਝ ਸਮਾਂ ਪਹਿਲਾਂ ਹੀ ਸਥਾਨਕ ਸਰਕਾਰਾਂ ਦੀ ਚੋਣ ਹੋਈ ਸੀ ਅਤੇ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੀ ਕਮਾਂਡ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਆਈ ਸੀ, ਪਰ ਉਸ ਤੋਂ ਪਹਿਲਾਂ ਹੀ ਕੁਝ ਵਿਅਕਤੀਆਂ ਵੱਲੋਂ ਨਿਜੀ ਪਹਾੜੀ ਪੁੱਟਣੀ ਸ਼ੁਰੂ ਕਰ ਦਿੱਤੀ ਗਈ ਅਤੇ ਹੁਣ ਪਿੰਡ ਦੀਆਂ ਚਰਾਂਦਾ ਨੂੰ ਵੀ ਪੱਟਣਾ ਸ਼ੁਰੂ ਕਰ ਦਿੱਤਾ ਹੈ ਅਤੇ ਬਿਨ੍ਹਾਂ ਮਨਜ਼ੂਰੀ ਤੋਂ ਵੱਡੇ ਦਰਖਤ ਵੀ ਵੱਡੇ ਗਏ ਹਨ। ਜੇਕਰ ਗੱਲ ਨਿਯਮਾਂ ਅਨੁਸਾਰ ਕੀਤੀ ਜਾਵੇ ਤਾਂ ਦਫਾ ਚਾਰ ਅਤੇ ਪੰਜ ਅਧੀਨ ਪੈਂਦੀ ਜਮੀਨ ਵਿੱਚੋਂ ਕੋਈ ਵੀ ਵਿਅਕਤੀ ਨਾ ਤਾਂ ਕੋਈ ਦਰਖਤ ਵੱਢ ਸਕਦਾ ਹੈ ਅਤੇ ਨਾ ਹੀ ਉਸ ਵਿੱਚੋਂ ਮਿੱਟੀ ਪੁੱਟ ਕੇ ਉਸ ਦੀ ਨੇਚਰ ਨੂੰ ਖਰਾਬ ਕਰ ਸਕਦਾ ਹੈ, ਪਰ ਸ਼ਰੇਆਮ ਚਿੱਟੇ ਦਿਨ ਚੱਲ ਰਹੇ ਇਸ ਗੋਰਖ ਧੰਦੇ ਨੂੰ ਖਬਰਾਂ ਵਿੱਚ ਆਉਣ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਸੰਬੰਧਿਤ ਵਿਅਕਤੀਆਂ ਤੇ ਕੋਈ ਕਾਰਵਾਈ ਕੀਤੀ ਗਈ। ਇਸ ਸਬੰਧੀ ਸ੍ਰੀ ਕੀਰਤਪੁਰ ਸਾਹਿਬ ਸ਼ਹਿਰ ਵਿੱਚ ਆਮ ਚਰਚਾ ਹੈ ਕਿ ਕੁਦਰਤੀ ਸਰੋਤਾ ਤੋਂ ਕਮਾਇਆ ਗਿਆ ਪੈਸਾ ਆਖ਼ਰ ਕਿਸ ਦੀ ਜੇਬ ਵਿੱਚ ਜਾ ਰਿਹਾ ਹੈ। ਇਸ ਨਾਲ ਮੋਜੂਦਾ ਸਰਕਾਰ ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਹੈ ਭਾਵੇਂ ਕਿ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਪ੍ਰਧਾਨ ਦੀ ਚੋਣ ਕੁਝ ਦਿਨ ਪਹਿਲਾਂ ਹੀ ਹੋਈ ਹੈ ਅਤੇ ਸ਼ੋਸ਼ਲ ਮੀਡੀਆ ’ਤੇ ਵਾਇਰਲ ਮਾਇਨਿਗ ਸਬੰਧੀ ਖਬਰਾਂ ਤੋਂ ਬਾਅਦ ਤੁਰੰਤ ਟੀਮ ਵੱਲੋਂ ਮੌਕਾ ਦੇਖਿਆ ਗਿਆ, ਪਰ ਸ਼ਹਿਰ ਵਾਸੀ ਇਸ ਸਬੰਧੀ ਵੀ ਕਾਰਵਾਈ ਦਾ ਇੰਤਜ਼ਾਰ ਕਰ ਰਹੇ ਹਨ। ਸ਼ਹਿਰ ਵਿੱਚ ਆਮ ਚਰਚਾ ਹੈ ਕਿ ਸਬੰਧਿਤ ਕੰਮ ਬਿਨਾਂ ਪ੍ਰਸ਼ਾਸਨ ਦੀ ਮਿਲੀ ਭੁਗਤ ਤੋਂ ਸੰਭਵ ਨਹੀਂ ਹੈ ਅਧਿਕਾਰੀਆਂ ਨੂੰ ਜਾਂਚ ਕਰਕੇ ਦੋਸ਼ੀ ਵਿਅਕਤੀਆਂ ਖਿਲਾਫ ਕੜੀ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਕੁਦਰਤੀ ਸਰੋਤਾਂ ਦੀ ਲੁੱਟ ਵੱਧ ਜਾਵੇਗੀ ਅਤੇ ਖੂਬਸੂਰਤ ਰਮਨੀਕ ਪਹਾੜੀਆਂ ਦਾ ਨਾਮੋ ਨਿਸ਼ਾਨ ਮਿਟ ਜਾਵੇਗਾ। ਇਸ ਸਬੰਧੀ ਜਦੋਂ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਪ੍ਰਧਾਨ ਗੁਰਮੀਤ ਸਿੰਘ ਟੀਨਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਦੀ ਨਵੀਂ ਟੀਮ ਬਣੀ ਹੈ, ਪਰ ਅਜੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਪਰ ਫਿਰ ਵੀ ਸਬੰਧਤ ਅਧਿਕਾਰੀਆਂ ਨੂੰ ਕਹਿ ਕੇ ਕਨੂਨੀ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਵੀ ਨਜਾਇਜ਼ ਕੰਮ ਕਰਨ ਦਾ ਅਧਿਕਾਰ ਨਹੀਂ ਹੈ, ਜੇਕਰ ਕੋਈ ਵਿਅਕਤੀ ਪਹਾੜੀ ਪੱਟਦਾ ਹੈ ਜਾਂ ਮਾਈਨਿੰਗ ਕਰਦਾ ਹੈ ਤਾਂ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਇਸ ਸਬੰਧੀ ਜਦੋਂ ਸ਼੍ਰੀ ਕੀਰਤਪੁਰ ਸਾਹਿਬ ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਗੁਰ ਬਖਸ਼ੀਸ਼ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਨੂੰ ਅੱਜ ਹੀ ਜਾਣਕਾਰੀ ਪ੍ਰਾਪਤ ਹੋਈ ਹੈ ਅਤੇ ਉਹ ਟੀਮ ਨਾਲ ਮੌਕਾ ਦੇਖਣ ਜਾਣਗੇ। ਉਹਨਾਂ ਕਿਹਾ ਕਿ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਵੱਲੋਂ ਚੌਕੀਦਾਰ ਰੱਖੇ ਗਏ ਹਨ ਉਹਨਾਂ ਤੋਂ ਵੀ ਪੁੱਛ ਪੜਤਾਲ ਕੀਤੀ ਜਾਵੇਗੀ ਅਤੇ ਜੇਕਰ ਕੋਈ ਅਣਗਹਿਲੀ ਪਾਈ ਗਈ ਤਾਂ ਸਬੰਧਤ ਵਿਅਕਤੀ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਲਾਕੇ ਵਿੱਚ ਕਿਸੇ ਨੂੰ ਵੀ ਗੈਰ ਕਾਨੂੰਨੀ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕੀ ਕਹਿਣਾ ਹੈ ਵਣ ਵਿਭਾਗ ਦੇ ਅਧਿਕਾਰੀ ਦਾ, ਇਸ ਸਬੰਧੀ ਜਦੋਂ ਵਣ ਰੇਂਜ ਅਫਸਰ ਮੱਖਣ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੇਰੀ ਤੈਨਾਤੀ ਇੱਕ ਹਫਤਾ ਪਹਿਲਾਂ ਹੋਈ ਸੀ ਪਰ ਹੁਣ ਪਿਛਲੇ ਕੱਲ ਰਾਜੇਸ਼ ਕੁਮਾਰ ਉੱਪਲ ਜੋ ਕਿ ਪਹਿਲਾਂ ਹੀ ਸੀਟ ਤੇ ਸਨ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਹੁਣ ਉਹ ਸੀਟ ਤੇ ਹਨ ਤੇ ਇਸ ਸਬੰਧੀ ਜਿਆਦਾ ਜਾਣਕਾਰੀ ਰਜੇਸ਼ ਕੁਮਾਰ ਉਪਲ ਹੀ ਦੇ ਸਕਦੇ ਹਨ। ਇਸ ਸਬੰਧੀ ਜਦੋਂ ਰਜੇਸ਼ ਕੁਮਾਰ ਉੱਪਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਂ ਇਸ ਸਮੇਂ ਨਿੱਜੀ ਕੰਮ ਲਈ ਚੰਡੀਗੜ੍ਹ ਗਿਆ ਹੋਇਆ ਹਾਂ ਅਤੇ ਕੱਲ੍ਹ ਤੋਂ ਸੀਟ ਤੇ ਬੈਠਾਂਗਾ ਉਸ ਤੋਂ ਬਾਅਦ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਹੀ ਜਵਾਬ ਦੇ ਸਕਦਾ ਹਾਂ।