ਸਫਾਈ ਸੇਵਕਾਂ ਦੀ ਹੜਤਾਲ ਜਾਰੀ, ਗੁਰੂ ਘਰਾਂ ਨੇੜੇ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਸਫਾਈ ਸੇਵਕਾਂ ਦੀ ਹੜਤਾਲ ਲਗਾਤਾਰ ਜਾਰੀ
Publish Date: Wed, 15 Jul 2026 05:02 PM (IST)
Updated Date: Wed, 15 Jul 2026 05:04 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਸੂਬੇ ਅੰਦਰ ਆਪਣੀਆਂ ਮੰਗਾਂ ਨੂੰ ਲੈ ਕੇ ਸਫਾਈ ਸੇਵਕਾਂ ਵੱਲੋਂ ਚੱਲ ਰਹੀ ਪਿਛਲੇ ਕਰੀਬ ਨੋ ਦਿਨਾਂ ਤੋਂ ਲਗਾਤਾਰ ਜਾਰੀ ਰਹੀ ਹੈ ਜਿਸ ਨਾਲ ਸ਼ਹਿਰ ਦੀ ਸਫਾਈ ਵਿਵਸਥਾ ਦਾ ਹਾਲ ਵਿਗੜਦਾ ਜਾ ਰਿਹਾ ਹੈ। ਸ਼ਹਿਰ ਵਿੱਚ ਹਰ ਗਲੀ ਹਰ ਮਹੱਲੇ ਦੀ ਨੁੱਕਰ ’ਤੇ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ ਜਿਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖਦਸਾ ਵਧਦਾ ਜਾ ਰਿਹਾ। ਬਰਸਾਤ ਦੇ ਮੌਸਮ ਕਾਰਨ ਪਹਿਲਾਂ ਹੀ ਮੱਛਰ ਮੱਖੀਆਂ ਦੀ ਭਰਮਾਰ ਚੱਲ ਰਹੀ ਹੈ, ਉਤੋਂ ਜਗ੍ਹਾ ਜਗ੍ਹਾ ਲੱਗ ਰਹੇ ਗੰਦਗੀ ਦੇ ਢੇਰ ਇਸ ਵਿੱਚ ਹੋਰ ਵਾਧਾ ਕਰ ਰਹੇ ਹਨ। ਇਸ ਦੇ ਨਾਲ ਹੀ ਸ਼ਹਿਰ ਦੇ ਗੁਰੂ ਘਰਾਂ ਨਜ਼ਦੀਕ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ ਜਿਸ ਨਾਲ ਗੁਰੂ ਘਰਾਂ ਵਿੱਚ ਬਾਹਰੋਂ ਨਤਮਸਤਕ ਹੋਣ ਵਾਲੀ ਸੰਗਤ ’ਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਵਦਧਾ ਜਾ ਰਿਹਾ ਹੈ। ਸ਼ਹਿਰ ਦੇ ਇਤਿਹਾਸਿਕ ਗੁਰਦੁਆਰਾ ਚਰਨ ਕਮਲ ਸਾਹਿਬ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਨਜ਼ਦੀਕ ਗੰਦਗੀ ਦੇ ਵੱਡੇ ਢੇਰ ਲੱਗੇ ਹੋਏ ਹਨ, ਜਿੱਥੇ ਅਵਾਰਾ ਜਾਨਵਰ ਗੰਦਗੀ ਖਿਲਾਰ ਰਹੇ ਹਨ। ਦੱਸਣ ਯੋਗ ਹੈ ਕਿ ਬੀਤੇ ਮਈ ਮਹੀਨੇ ਵੀ ਸਫਾਈ ਸੇਵਕਾਂ ਵੱਲੋਂ ਸੂਬੇ ਭਰ ਵਿੱਚ ਹੜਤਾਲ ਕੀਤੀ ਗਈ ਸੀ ਲੰਮਾ ਸਮਾਂ ਚੱਲੀ ਇਸ ਹੜਤਾਲ ਦੌਰਾਨ ਸਰਕਾਰ ਵੱਲੋਂ ਇਨ੍ਹਾਂ ਦੀਆਂ ਮੰਗਾਂ ਮੰਨਣ ਲਈ ਇੱਕ ਮਹੀਨੇ ਦਾ ਸਮਾਂ ਮੰਗਿਆ ਸੀ ਸਮਾਂ ਬੀਤਣ ਦੌਰਾਨ ਵੀ ਸੂਬਾ ਸਰਕਾਰ ਵੱਲੋਂ ਇਹਨਾਂ ਦੀਆਂ ਮੰਗਾਂ ’ਤੇ ਗੌਰ ਨਹੀਂ ਕੀਤਾ ਗਿਆ ਜਿਸ ਦੌਰਾਨ ਸਫਾਈ ਸੇਵਕਾਂ ਵੱਲੋਂ ਬੀਤੀ ਅੱਠ ਜੁਲਾਈ 2026 ਤੋਂ ਮੁੜ ਹੜਤਾਲ ਸ਼ੁਰੂ ਕਰ ਦਿੱਤੀ ਗਈ। ਸਫਾਈ ਸੇਵਕਾਂ ਦੀਆਂ ਮੁੱਖ ਮੰਗਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਕੱਚੇ ਕਾਮਿਆਂ ਨੂੰ ਪੱਕੇ ਕਰਨਾ ਅਤੇ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਸਿੱਧੀ ਤਨਖਾਹ ਉਨ੍ਹਾਂ ਦੇ ਖਾਤੇ ਵਿੱਚ ਪਾਉਣ ਲਈ ਹੜਤਾਲ ਕੀਤੀ ਜਾ ਰਹੀ ਹੈ। ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਵਾਸੀ ਵੀ ਪਰੇਸ਼ਾਨ ਹੋ ਰਹੇ ਹਨ। ਸ਼ਹਿਰ ਵਾਸੀਆਂ ਵੱਲੋਂ ਘਰਾਂ ਵਿੱਚ ਇਕੱਠੀ ਗੰਦਗੀ ਨੂੰ ਲਿਫਾਫਿਆਂ ਵਿੱਚ ਭਰ ਕੇ ਸ਼ਹਿਰ ਦੀਆਂ ਗਲੀਆਂ ਅਤੇ ਸੜਕਾਂ ਦੇ ਕਿਨਾਰਿਆਂ ’ਤੇ ਰਾਤ ਸਮੇਂ ਢੇਰ ਲਗਾ ਰਹੇ ਹਨ। ਗੰਦਗੀ ਦੇ ਢੇਰਾਂ ਨੂੰ ਅਵਾਰਾ ਜਾਨਵਰ ਅਤੇ ਕੁੱਤੇ ਫਰੋਲ ਕੇ ਖਿਲਾਰਾ ਪਾ ਰਹੇ ਹਨ ਜਿਸ ਨਾਲ ਮੱਖੀਆਂ ਅਤੇ ਮੱਛਰਾਂ ਸਮੇਤ ਜਹਰੀਲੇ ਕੀੜੇ ਪਣਪ ਰਹੇ ਹਨ। ਸ਼ਹਿਰ ਵਾਸੀਆਂ ਨੇ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਸਫਾਈ ਸੇਵਕਾਂ ਨਾਲ ਗੱਲਬਾਤ ਕਰਕੇ ਹੜਤਾਲ ਸਮਾਪਤ ਕਰਵਾਈ ਜਾਵੇ ਤਾਂ ਜੋ ਸ਼ਹਿਰ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਸ੍ਰੀ ਕੀਰਤਪੁਰ ਸਾਹਿਬ ਇਤਿਹਾਸਿਕ ਸ਼ਹਿਰ ਹੈ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਸੰਗਤਾਂ ਸ੍ਰੀ ਕੀਰਤਪੁਰ ਸਾਹਿਬ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਂਦੀਆਂ ਹਨ, ਜਿੱਥੇ ਹਰ ਸਮੇਂ ਬਾਹਰੀ ਸੰਗਤ ਗੁਰਦੁਆਰਿਆਂ ਦੇ ਦਰਸ਼ਨ ਕਰਦੀ ਹੈ, ਉੱਥੇ ਸੜਕ ਦੇ ਕੰਢਿਆਂ ’ਤੇ ਲੱਗੇ ਗੰਦਗੀ ਦੇ ਢੇਰ ਕਾਰਨ ਸੰਗਤ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਸਿੱਖਾਂ ਦੇ ਮੰਨੇ ਗਏ ਮਿੰਨੀ ਹਰਿਦੁਆਰ ਗੁਰਦੁਆਰਾ ਪਤਾਲਪੁਰੀ ਸਾਹਿਬ ਸਿੱਖ ਸੰਗਤਾਂ ਮ੍ਰਿਤਕ ਪ੍ਰਾਣੀਆਂ ਦੇ ਫੁੱਲ ਪਾਉਣ ਲਈ ਲਗਾਤਾਰ ਆਉਂਦੀਆਂ ਰਹਿੰਦੀਆਂ ਹਨ। ਸੂਬਾ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਤਿਹਾਸਿਕ ਨਗਰੀ ਦੇ ਮਹੱਤਵ ਨੂੰ ਮੁੱਖ ਰੱਖ ਕੇ ਸਫਾਈ ਵਿਵਸਥਾ ਨੂੰ ਸੰਚਾਰ ਰੂਪ ਨਾਲ ਚਲਾਉਣ ਲਈ ਸਫਾਈ ਸੇਵਕਾਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਨਾ ਚਾਹੀਦਾ ਹੈ। ਉਧਰ ਦੂਜੇ ਪਾਸੇ ਸਫਾਈ ਕਰਮਚਾਰੀ ਨਗਰ ਪੰਚਾਇਤ ਦਫਤਰ ਅੱਗੇ ਧਰਨਾ ਦੇ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ ਅਤੇ ਸ਼ਹਿਰ ਵਾਸੀਆਂ ਨੂੰ ਵੀ ਸਹਿਯੋਗ ਕਰਨ ਲਈ ਅਪੀਲ ਕਰ ਰਹੇ ਹਨ। ਸਫਾਈ ਸੇਵਕਾਂ ਵੱਲੋਂ ਹਲਕੇ ਦੇ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵੀ ਅਪੀਲ ਕੀਤੀ ਹੈ ਕਿ ਜਲਦ ਉਹਨਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾ ਕੇ ਮਸਲੇ ਦਾ ਹੱਲ ਕੀਤਾ ਜਾਵੇ।