ਬੀਬੀਐੱਮਬੀ ਦੀ ਜ਼ਮੀਨ ’ਤੇ ਕਬਜ਼ੇ ਤੇ ਮਲਬਾ ਚੋਰੀ ਦੇ ਮਾਮਲੇ ’ਚ ਕੇਂਦਰੀ ਬਿਜਲੀ ਮੰਤਰੀ ਤੋਂ ਦਖ਼ਲ ਦੀ ਮੰਗ ਬੀਬੀਐੱਮਬੀ ਦੀ ਜ਼ਮੀਨ ’ਤੇ ਕਬਜ਼ੇ ਅਤੇ ਸਰਕਾਰੀ ਮਲਬਾ ਚੋਰੀ ਦੇ ਮਾਮਲੇ ਵਿੱਚ ਕੇਂਦਰੀ ਬਿਜਲੀ ਮੰਤਰੀ ਤੋਂ ਦਖ਼ਲ ਦੀ ਮੰਗ
Publish Date: Mon, 06 Jul 2026 06:51 PM (IST)
Updated Date: Mon, 06 Jul 2026 06:54 PM (IST)
ਅਣਪਛਾਤਿਆਂ ਵੱਲੋਂ 70 ਸਾਲ ਪੁਰਾਣਾ ਮਲਬਾ ਗ਼ੈਰ ਕਾਨੂੰਨੀ ਢੰਗ ਨਾਲ ਹਟਾਇਆ ਗਿਆ ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ: ਭਾਜਪਾ ਪੰਜਾਬ ਦੇ ਸੂਬਾ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨੂੰ ਪੱਤਰ ਲਿਖ ਕੇ ਨੰਗਲ ਹਾਈਡਲ ਨਹਿਰ ਦੇ ਨਾਲ ਲੱਗਦੀ ਬੀਬੀਐੱਮਬੀ (ਭਾਖੜਾ ਬਿਆਸ ਪ੍ਰਬੰਧਨ ਬੋਰਡ) ਦੀ ਜ਼ਮੀਨ ਨੂੰ ਕਥਿਤ ਨਾਜਾਇਜ਼ ਕਬਜ਼ੇ ਤੋਂ ਬਚਾਉਣ ਅਤੇ ਸਰਕਾਰੀ ਮਲਬੇ ਦੀ ਗੈਰ-ਕਾਨੂੰਨੀ ਢੰਗ ਨਾਲ ਚੁਕਾਈ ਦੇ ਮਾਮਲੇ ਵਿੱਚ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ।ਇਸ ਸਬੰਧੀ ਅੱਜ ਨੰਗਲ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ.ਸੁਭਾਸ਼ ਸ਼ਰਮਾ ਨੇ ਦੱਸਿਆਂ ਕਿ ਪਿਛਲੇ ਕੁਝ ਸਮੇਂ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਨੇ ਭਾਰੀ ਮਸ਼ੀਨਰੀ ਅਤੇ ਬੁਲਡੋਜ਼ਰਾਂ ਦੀ ਵਰਤੋਂ ਕਰਕੇ ਬੀਬੀਐੱਮਬੀ ਦੀ ਜ਼ਮੀਨ ’ਤੇ ਪਿਆ ਕਰੀਬ 70 ਸਾਲ ਪੁਰਾਣਾ ਮਲਬਾ ਗੈਰ-ਕਾਨੂੰਨੀ ਤਰੀਕੇ ਨਾਲ ਹਟਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮਲਬਾ ਨੰਗਲ ਹਾਈਡਲ ਨਹਿਰ ਦੇ ਨਿਰਮਾਣ ਸਮੇਂ ਦਾ ਹੈ ਅਤੇ ਬੀਬੀਐੱਮਬੀ ਦੀ ਸੰਪਤੀ ਹੈ। ਇਸ ਨੂੰ ਹਟਾਉਣਾ ਸਰਕਾਰੀ ਸੰਪਤੀ ਦੀ ਚੋਰੀ ਦੇ ਨਾਲ-ਨਾਲ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼ ਵੀ ਕੀਤੀ ਗਈ ਹੈ।ਉਨ੍ਹਾਂ ਪੱਤਰ ਵਿੱਚ ਇਹ ਵੀ ਦੋਸ਼ ਲਾਇਆ ਕਿ ਬੀਬੀਐੱਮਬੀ ਅਧਿਕਾਰੀਆਂ ਵੱਲੋਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਸੂਚਿਤ ਕਰਨ, ਮਾਲ ਵਿਭਾਗ ਤੋਂ ਨਿਸ਼ਾਨਦੇਹੀ ਕਰਵਾਉਣ ਅਤੇ ਕਬਜ਼ਾ ਰੋਕਣ ਦੀ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਤੱਕ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਅਤੇ ਨਾ ਹੀ ਦੋਸ਼ੀਆਂ ਖਿਲਾਫ ਕੋਈ ਅਪਰਾਧਿਕ ਕਾਰਵਾਈ ਹੋਈ ਹੈ। ਇਸ ਕਾਰਨ ਦੋਸ਼ੀਆਂ ਦੇ ਹੌਸਲੇ ਹੋਰ ਵਧੇ ਹਨ। ਉਨ੍ਹਾਂ ਬੀਬੀਐੱਮਬੀ ਮਨੇਜਮੈਂਟ ਵਿੱਚ ਕੁਝ ਅਧਿਕਾਰੀਆਂ ਦੇ ਮਿਲੀ ਭੁਗਤ ਦਾ ਦੋਸ਼ ਲਗਾਉਦਿਆਂ ਕਿਹਾ ਕਿ ਉਹ ਬੀਬੀਐੱਮਬੀ ਦੇ ਚੇਅਰਮੈਨ ਨਾਲ ਮਿਲ ਕੇ ਬੀਬੀਐੱਮਬੀ ਵਿੱਚ ਕਥਿਤ ਤੌਰ ’ਤੇ ਫੈਲੇ ਭ੍ਰਿਸ਼ਟਾਚਾਰ ਸਬੰਧੀ ਗਲਬਾਤ ਕਰਕੇ ਮੰਗ ਕਰਨਗੇ ਕਿ ,ਪੰਜਾਬ ਤੋਂ ਬਾਹਰਲੇ ਅਫਸਰਾਂ ਤੋਂ ਜਾਂਚ ਕਰਵਾਕੇ ਦੋਸ਼ੀ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾਂ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ, ਭਾਜਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਜਤਿੰਦਰ ਸਿੰਘ ਅਟਵਾਲ,ਨਗਰ ਕੌਂਸਲ ਨੰਗਲ ਦੇ ਸਾਬਕਾ ਪਰਧਾਨ ਰਾਜੇਸ਼ ਚੌਧਰੀ,ਕੌਂਸਲਰ ਰਣਜੀਤ ਸਿੰਘ ਲੱਕੀ,ਕੌਂਸਲਰ ਡਾ.ਰਜਿੰਦਰ ਕੁਮਾਰ,ਕੌਂਸਲਰ ਮਮਤਾ ਕਪਿਲਾ,ਮੰਡਲ ਪਰਧਾਨ ਹਰਮਨਜੀਤ ਸਿੰਘ ਪ੍ਰਿੰਸ, ਕਰਨ ਮਹੈਣ,ਵਿਵੇਕ ਸ਼ਰਮਾ,ਨਿੰਪੁਨ ਸੋਨੀ,ਸ਼ਾਮ ਸੁੰਦਰ ਰੰਗਾਂ,ਪਿੰਕੀ ਸ਼ਰਮਾ,ਵਿਕਰਾਂਤ ਪਰਮਾਰ ਆਦਿ ਹਾਜ਼ਰ ਸਨ। ਬਾਕਸ: ਪੱਤਰ ਵਿੱਚ ਦਰਜ ਕੀਤੀਆਂ ਮੁੱਖ ਮੰਗਾਂ: ਡਾ. ਸੁਭਾਸ਼ ਸ਼ਰਮਾ ਨੇ ਇਸ ਪੱਤਰ ਰਾਹੀ ਮੰਗ ਕੀਤੀ ਕਿ ਬੀਬੀਐੱਮਬੀ ਅਤੇ ਪੰਜਾਬ ਪ੍ਰਸ਼ਾਸਨ ਨੂੰ ਨੰਗਲ ਹਾਈਡਲ ਨਹਿਰ ਨਾਲ ਲੱਗਦੀ ਬੀਬੀਐੱਮਬੀ ਦੀ ਜ਼ਮੀਨ ਦੀ ਪੂਰੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਜਾਣ।ਸਰਕਾਰੀ ਮਲਬੇ ਦੀ ਕਥਿਤ ਚੋਰੀ ਅਤੇ ਗੈਰ-ਕਾਨੂੰਨੀ ਹਟਾਉਣ ਦੇ ਮਾਮਲੇ ਵਿੱਚ ਤੁਰੰਤ ਐਫਆਈਆਰ ਦਰਜ ਕੀਤੀ ਜਾਵੇ।ਮਸ਼ੀਨਰੀ ਦੀ ਵਰਤੋਂ ਕਰਕੇ ਮਲਬਾ ਹਟਾਉਣ ਅਤੇ ਕਬਜ਼ੇ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।ਬੀਬੀਐੱਮਬੀ, ਮਾਲ ਵਿਭਾਗ ਅਤੇ ਪੁਲਿਸ ਦੀ ਹਾਜ਼ਰੀ ਵਿੱਚ ਵਿਵਾਦਤ ਜ਼ਮੀਨ ਦੀ ਦੁਬਾਰਾ ਨਿਸ਼ਾਨਦੇਹੀ ਕਰਵਾ ਕੇ ਪੱਕੇ ਹੱਦਬੰਦੀ ਨਿਸ਼ਾਨ ਲਗਾਏ ਜਾਣ। ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇ।