ਵਿਆਹੀ ਔਰਤ ਦੀ ਖੁਦਕੁਸ਼ੀ ਮਾਮਲੇ ਵਿੱਚ ਸੱਸ ਗ੍ਰਿਫ਼ਤਾਰ ਵਿਆਹੀ ਔਰਤ ਦੀ ਖੁਦਕੁਸ਼ੀ ਮਾਮਲੇ ਵਿੱਚ ਸੱਸ ਗ੍ਰਿਫ਼ਤਾਰ
Publish Date: Fri, 03 Jul 2026 04:25 PM (IST)
Updated Date: Fri, 03 Jul 2026 04:26 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਥਾਣਾ ਨੂਰਪੁਰਬੇਦੀ ਅਧੀਨ ਪੈਂਦੇ ਪਿੰਡ ਮੁੰਨੇ ਵਿੱਚ 28 ਸਾਲਾ ਵਿਆਹੀ ਔਰਤ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਮ੍ਰਿਤਕਾ ਦੇ ਵਿਦੇਸ਼ ਵਿੱਚ ਰਹਿੰਦੇ ਪਤੀ, ਸੱਸ ਅਤੇ ਦੋ ਨਣਦਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕਾ ਦੀ ਸੱਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਮੁਤਾਬਕ ਮ੍ਰਿਤਕਾ ਦੇ ਭਰਾ ਮਲਕੀਤ ਸਿੰਘ ਵਾਸੀ ਗਰੇਵਾਲ ਨੇ ਦੱਸਿਆ ਕਿ ਉਸ ਦੀ ਭੈਣ ਕਿਰਨਜੀਤ ਕੌਰ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਪਿੰਡ ਮੁੰਨੇ ਦੇ ਗੁਰਦੀਪ ਸਿੰਘ ਉਰਫ਼ ਦੀਪ ਨਾਲ ਹੋਇਆ ਸੀ। ਉਸ ਦਾ 10 ਮਹੀਨੇ ਦਾ ਇੱਕ ਪੁੱਤਰ ਵੀ ਹੈ। ਵਿਆਹ ਤੋਂ ਬਾਅਦ ਉਸ ਦੀ ਭੈਣ ਨੂੰ ਉਸ ਦੇ ਪਤੀ ਗੁਰਦੀਪ ਸਿੰਘ, ਸੱਸ ਦਰਸ਼ਣਾ ਉਰਫ਼ ਸੁਖਵਿੰਦਰ ਕੌਰ ਅਤੇ ਨਣਦਾਂ ਅਨੂ ’ਤੇ ਮਨੀ ਵੱਲੋਂ ਕਥਿਤ ਤੌਰ ਤੇ ਲਗਾਤਾਰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ ਅਤੇ ਉਸ ਨੂੰ ਵਾਰ-ਵਾਰ ਤਲਾਕ ਲੈਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਇਸ ਸਬੰਧੀ ਪਹਿਲਾਂ ਵੀ ਪੰਚਾਇਤ ਪੱਧਰ ਤੇ ਸਮਝੌਤਾ ਹੋ ਚੁੱਕਾ ਸੀ। ਬਿਆਨਾਂ ਅਨੁਸਾਰ 28 ਜੂਨ ਨੂੰ ਕਿਰਨਜੀਤ ਕੌਰ ਆਪਣੇ ਪੇਕੇ ਘਰ ਇੱਕ ਪਰਿਵਾਰਕ ਸਮਾਗਮ ਵਿੱਚ ਸ਼ਾਮਲ ਹੋਣ ਆਈ ਸੀ, ਜਿੱਥੇ ਉਸ ਨੇ ਮੁੜ ਸਹੁਰਾ ਪਰਿਵਾਰ ਵੱਲੋਂ ਕੀਤੀ ਜਾ ਰਹੀ ਕਥਿਤ ਪ੍ਰੇਸ਼ਾਨੀ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ। 1 ਜੁਲਾਈ ਨੂੰ ਉਸ ਨੂੰ ਵਾਪਸ ਸਹੁਰੇ ਘਰ ਛੱਡਿਆ ਗਿਆ। ਅਗਲੇ ਦਿਨ ਪਰਿਵਾਰ ਨੂੰ ਸੂਚਨਾ ਮਿਲੀ ਕਿ ਕਿਰਨਜੀਤ ਕੌਰ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਸਿੰਘਪੁਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬਾਕਸ: ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ : ਏਐੱਸਆਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਨੂਰਪੁਰਬੇਦੀ ਪੁਲਿਸ ਨੇ ਪਤੀ ਗੁਰਦੀਪ ਸਿੰਘ ਉਰਫ਼ ਦੀਪ, ਸੱਸ ਦਰਸ਼ਣਾ ਉਰਫ਼ ਸੁਖਵਿੰਦਰ ਕੌਰ ਅਤੇ ਨਣਦਾਂ ਅਨੂ ਤੇ ਮਨੀ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 80(2) ਅਤੇ 3(5) ਤਹਿਤ ਕੇਸ ਦਰਜ ਕੀਤਾ ਸੀ। ਜਾਂਚ ਦੌਰਾਨ ਪੁਲਿਸ ਨੇ ਕਾਰਵਾਈ ਕਰਦਿਆਂ ਮ੍ਰਿਤਕਾ ਦੀ ਸੱਸ ਦਰਸ਼ਣਾ ਉਰਫ਼ ਸੁਖਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।