ਭਾਰਤ ਸਰਕਾਰ ਵੱਲੋਂ ਅਮਰੀਕਾ ਨਾਲ ਕੀਤਾ ਜਾ ਰਿਹਾ ਮੁਕਤ ਵਪਾਰ ਸਮਝੌਤਾ ਦੇਸ਼ ਦੀ ਕਿਸਾਨੀ ਲਈ ਮੌਤ ਦੇ ਵਰੰਟ ਭਾਰਤ ਸਰਕਾਰ ਵੱਲੋਂ ਅਮਰੀਕਾ ਨਾਲ ਕੀਤਾ ਜਾ ਰਿਹਾ ਮੁਕਤ ਵਪਾਰ ਸਮਝੌਤਾ ਦੇਸ਼ ਦੀ ਕਿਸਾਨੀ ਲਈ ਮੌਤ ਦੇ ਵਰੰਟ
Publish Date: Wed, 01 Jul 2026 06:23 PM (IST)
Updated Date: Wed, 01 Jul 2026 06:25 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਅੱਜ ਇੱਥੇ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਨੇ ਮਹਾਨ ਦੇਸ਼ ਭਗਤ ਪੰਡਿਤ ਰਾਮਕਿਸ਼ਨ ਭੜੋਲੀਆਂ ਭਵਨ ਦੇ ਦੂਜੀ ਮੰਜ਼ਿਲ ਹਾਲ ਦਾ ਉਦਘਾਟਨ ਕੀਤਾ। ਇਸ ਹਾਲ ਦੀ ਸੇਵਾ ਕਾਮਰੇਡ ਗੁਰਦਿਆਲ ਸਿੰਘ ਢੇਰ ਅਤੇ ਡਾਕਟਰ ਮਹਿੰਦਰ ਪਾਲ ਗੌਤਮ ਦੇ ਪਰਿਵਾਰ ਵੱਲੋਂ ਕਰਵਾਈ ਗਈ। ਇਸ ਮੌਕੇ ’ਤੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਵਿੱਚ ਭਾਰੀ ਆਰਥਿਕ ਸੰਕਟ ਪੈਦਾ ਕਰ ਰਹੀ ਹੈ। ਦੇਸ਼ ਦੇ ਮੱਧ ਵਰਗੀ ਪਰਿਵਾਰ ਜ਼ਿਆਦਾਤਰ ਲੋਕ ਬਹੁਤ ਹੀ ਔਖੇ ਹਾਲਾਤਾਂ ਵਿੱਚੋਂ ਲੰਘ ਰਹੇ ਹਨ। ਮੁੱਠੀ ਭਰ ਵੱਡੇ ਘਰਾਣੇ ਅਤੇ ਉਨ੍ਹਾਂ ਦੇ ਜੋਟੀਦਾਰਾਂ ਨੂੰ ਛੱਡ ਕੇ ਸਮਾਜ ਦਾ ਐਸਾ ਕੋਈ ਤਬਕਾ ਨਹੀਂ ਹੈ, ਜਿਸ ਨੂੰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਨਿਰਾਸ਼ ਨਾ ਕੀਤਾ ਹੋਵੇ ਜਾਂ ਠੱਗਿਆ ਨਾ ਹੋਵੇ। ਮਜ਼ਦੂਰਾਂ ਕਿਸਾਨਾਂ ’ਤੇ ਤਮਾਮ ਮਿਹਨਤਕਸ਼ ਲੋਕਾਂ ਦੀ ਹਾਲਤ ਮੋਦੀ ਸਰਕਾਰ ਦੇ ਰਾਜ ਵਿੱਚ ਬਦਤਰ ਹੋਈ ਹੈ। ਉਨ੍ਹਾਂ ਲਈ ਰੋਟੀ,ਮਕਾਇਲਾਜ ਅਤੇ ਰੁਜ਼ਗਾਰ ਵਰਗੀਆਂ ਬੁਨਿਆਦੀ ਲੋੜਾਂ ਵੀ ਦਿਨ ਬ ਦਿਨ ਉਨ੍ਹਾਂ ਤੋਂ ਦੂਰ ਹੁੰਦੀਆਂ ਜਾ ਰਹੀਆਂ। ਉਨ੍ਹਾਂ ਨੇ ਕਿਹਾ ਕਿ ਚੰਗੀ ਸਿੱਖਿਆ, ਜਮਹੂਰੀ ਅਧਿਕਾਰ, ਮਾਨਵ ਅਧਿਕਾਰ ਵਰਗੇ ਬੁਨਿਆਦੀ ਅਧਿਕਾਰ ਵੀ ਖਤਰੇ ਵਿੱਚ ਹਨ। ਕਾਰਪੋਰੇਟ ਅਤੇ ਫਿਰਕੂ ਤਾਕਤਾਂ ਨਾ ਸਿਰਫ ਦੇਸ਼ ਦੇ ਵਰਤਮਾਨ ਅਤੇ ਭਵਿੱਖ ਨੂੰ ਹਨੇਰੇ ਵਿੱਚ ਧੱਕਣਾ ਚਾਹੁੰਦੀਆਂ ਹਨ,ਸਗੋਂ ਲੰਬੇ ਸੰਘਰਸ਼ਾਂ ’ਤੇ ਕੁਰਬਾਨੀਆਂ ਨਾਲ ਪ੍ਰਾਪਤ ਆਜ਼ਾਦੀ ਸਮੇਤ ਲੋਕਤੰਤਰ ਪ੍ਰਾਪਤੀਆਂ ਨੂੰ ਵੀ ਖਤਮ ਕਰਨਾ ਚਾਹੁੰਦੀ ਹਨ। ਕਾਮਰੇਡ ਸੇਖੋਂ ਨੇ ਕਿਹਾ ਕਿ ਇਰਾਨ ਉੱਪਰ ਅਮਰੀਕਾ ਇਜਰਾਇਲ ਦੇ ਨੰਗੇ ਚਿੱਟੇ ਹਮਲਿਆਂ ਖਿਲਾਫ਼ ਭਾਰਤੀ ਜਨਤਾ ਦੇ ਸ਼ੁਭ ਚਿੰਤਕ ਗੁੱਸੇ ਨੂੰ ਵੀ ਕੁਚਲਣਾ ਚਾਹੁੰਦੀਆਂ ਹਨ । ਭਾਜਪਾ ਦੀ ਮੋਦੀ ਸਰਕਾਰ ਖੇਤੀ ਕਿਸਾਨੀ ਨੂੰ ਬਰਬਾਦ ਕਰ ਰਹੀ ਹੈ ਚਾਰ ਲੇਬਰ ਕੋਡ ਲਾਗੂ ਕਰਕੇ ਮਜ਼ਦੂਰਾਂ ਨੂੰ ਨਵੇਂ ਬੰਧਨ ਵਿੱਚ ਜਕੜ ਦਿੱਤਾ ਗਿਆ ਹੈ। ਕਾਰਪੋਰੇਟ ਮੁਨਾਫੇ ਦੇ ਲਾਲਚ ਅਤੇ ਭਾਜਪਾ ਦੀ ਖੋਖਲੀ ਰਾਸ਼ਟਰਪਤੀ ਸੋਚ ਦੇ ਕਾਰਨ ਦੇਸ਼ ਦੀ ਪ੍ਰਭੂ ਸਤਾ ਸੁਤੰਤਰਤਾ ਖਤਰੇ ਵਿੱਚ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਵੀਬੀ ਜੀ ਰਾਮ ਜੀ ਨੂੰ ਲਾਗੂ ਕਰਕੇ ਮਨਰੇਗਾ ਨੂੰ ਖਤਮ ਕਰ ਦਿੱਤਾ। ਜਦੋਂ ਕਿ ਮਨਰੇਗਾ ਵਿੱਚ ਜਦੋਂ ਵੀ ਕੰਮ ਦੀ ਮੰਗ ਹੁੰਦੀ ਉਸ ਨੂੰ ਪੂਰਾ ਕਰਨਾ ਕੇਂਦਰ ਸਰਕਾਰ ਦੀ ਕਾਨੂੰਨੀ ਜਿੰਮੇਵਾਰੀ ਹੁੰਦੀ ਸੀ। ਪਰ ਹੁਣ ਇਸ ਕਾਨੂੰਨ ਨਾਲ ਮਜ਼ਦੂਰਾਂ ਦਾ ਰੁਜ਼ਗਾਰ ਖੁਸ ਜਾਵੇਗਾ। ਉਹਨਾਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਖਿਲਾਫ ਵੀ ਜੰਗ ਛੇੜੀ ਹੋਈ ਹੈ। ਸਰਕਾਰ ਨੇ ਖੇਤੀ ਨਾਲ ਜੁੜੀਆਂ ਸਬਸਿਡੀਆਂ ਘਟਾ ਦਿੱਤੀਆਂ ਹਨ। ਕਿਸਾਨਾਂ ਨੂੰ ਬੇਰਹਿਮ ਬਾਜ਼ਾਰ ਦੇ ਭਰੋਸੇ ਛੱਡ ਦਿੱਤਾ ਹੈ। ਕਿਸਾਨ ਲੰਬੇ ਸਮੇਂ ਤੋਂ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਲਈ ਸੰਘਰਸ਼ ਕਰ ਰਹੇ ਹਨ।ਪਰ ਭਾਜਪਾ ਸਰਕਾਰ ਨੇ ਇਹ ਮੰਨਣ ਦੀ ਬਜਾਏ ਬੀਜ ਦੇ ਵਪਾਰ ਵਿੱਚ ਵੱਡੀਆਂ ਕੰਪਨੀਆਂ ਦੀ ਪਕੜ ਮਜ਼ਬੂਤ ਕਰਨ ਲਈ ਬਿਜਲੀ ਬੀਜ ਬਿੱਲ ਵੀ 2026 ਲਿਆਂਦਾ ਜਾ ਰਿਹਾ ਹੈ ।ਉਹਨਾਂ ਨੇ ਕਿਹਾ ਕਿ ਬਿਜਲੀ ਸੋਧ ਬਿਲ 2025 ਨਿਜੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਵਾਲਾ ਹੈ। ਇਸ ਦੇ ਲਾਗੂ ਹੋਣ ਨਾਲ ਬਿਜਲੀ ਵੰਡ ਦਾ ਕੰਮ ਹੌਲੀ ਹੌਲੀ ਨਿਜੀ ਹੱਥਾਂ ਵਿੱਚ ਚਲਾ ਜਾਵੇਗਾ, ਪ੍ਰਾਈਵੇਟ ਕੰਪਨੀਆਂ ਉੱਥੇ ਹੀ ਕੰਮ ਕਰਨਗੀਆਂ ਜਿੱਥੇ ਵੱਧ ਮੁਨਾਫਾ ਹੋਵੇਗਾ।ਕਾਮਰੇਡ ਸੇਖੋਂ ਨੇ ਕਿਹਾ ਕਿ ਭਾਰਤ ਅਮਰੀਕਾ ਵਪਾਰ ਸਮਝੌਤੇ ਨਾਲ ਦੇਸ਼ ਦੀ ਕਿਸਾਨੀ ਲਈ ਮੌਤ ਦੇ ਵਰੰਟ ਸਾਬਤ ਹੋਣਗੇ। ਕੇਂਦਰ ਦੀ ਮੋਦੀ ਸਰਕਾਰ ਮੁਕਤ ਵਪਾਰ ਸਮਝੌਤਾ ਲਾਗੂ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਮੁੱਠ ਹੋ ਕੇ ਲੋਕ ਮਸਲਿਆਂ ਲਈ ਸੰਘਰਸ਼ ਕਰਨਾ ਪਵੇਗਾ।ਅੱਜ ਇਸ ਮੌਕੇ ਤੇ ਜਿਲਾ ਸਕੱਤਰ ਬਜਿੰਦਰ ਪੰਡਿਤ, ਸਕੱਤਰੇਤ ਮੈਂਬਰ ਜਸਵਿੰਦਰ ਸਿੰਘ ਭੰਗਲ, ਕਾਮਰੇਡ ਸੁਰਜੀਤ ਸਿੰਘ ਢੇਰ, ਸਤਨਾਮ ਸਿੰਘ, ਮਹਿੰਦਰ ਸਿੰਘ ਸੰਗਤਪੁਰ ਨੇ ਵੀ ਸੰਬੋਧਨ ਕੀਤਾ। ਅੰਤ ਵਿੱਚ ਬਜ਼ੁਰਗ ਆਗੂ ਨਿਰਦੇਵ ਸ਼ਰਮਾ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ। ਹਾਜ਼ਰ ਮੈਂਬਰਾਂ ਨੇ ਇਸ ਹਾਲ ਦੀ ਉਸਾਰੀ ਲਈ ਜਿਨ੍ਹਾਂ ਲੋਕਾਂ ਨੇ ਆਪਣੀ ਕਿਰਤ ਕਮਾਈ ਵਿਚੋਂ ਹਿੱਸਾ ਪਾਇਆ, ਉਹਨਾਂ ਦਾ ਪਾਰਟੀ ਧੰਨਵਾਦ ਕੀਤਾ।ਇਸ ਮੌਕੇ ਤੇ ਕਾਮਰੇਡ ਗੁਰਦਿਆਲ ਸਿੰਘ ਢੇਰ ਅਤੇ ਡਾਕਟਰ ਮਹਿੰਦਰ ਪਾਲ ਦੇ ਗੌਤਮ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਤੇ ਡਾਕਟਰ ਹਰਵਿਵੇਕ, ਰਘਵੀਰ ਸਿੰਘ ਦਰਸ਼ੀ, ਰਜਿੰਦਰ ਸਿੰਘ ਡੋਡ, ਪਰੋਮਿਲਾ ਦੇਵੀ, ਸੁਖਵਿੰਦਰ ਸਿੰਘ ਦੁਮਣਾ, ਭਜਨ ਸਿੰਘ ਸੰਦੋਆ, ਦਲੀਪ ਸਿੰਘ ਧਨੋਲਾ, ਤਰਲੋਚਨ ਸਿੰਘ ਹੁਸੈਨਪੁਰ, ਸੁਖਦੇਵ ਸਿੰਘ, ਕੁਲਵੰਤ ਪਾਠਕ, ਪ੍ਰਿੰਸੀਪਲ ਰਾਜੀਵ ਮੇਜਰ, ਰੋਸ਼ਨ ਸਿੰਘ, ਕੇਵਲ ਕ੍ਰਿਸ਼ਨ, ਸੁਰਜੀਤ ਸਿੰਘ ਨੰਗਲ ਵੀ ਹਾਜ਼ਰ ਸਨ। ਕੈਪਸ਼ਨ: ਪੰਡਤ ਰਾਮ ਕਿਸ਼ਨ ਭੜੋਲੀਆਂ ਹਲਾ ਦਾ ਉਦਘਾਟਨ ਕਰਦੇ ਹੋਏ।