ਸਰਕਾਰੀ ਹਾਈ ਸਕੂਲ ਰਾਏਪੁਰ ਨੇ ਪ੍ਰਾਪਤ ਕੀਤਾ ਦੇਸ਼ ਦਾ ਸਰਵੋਤਮ ਸਨਮਾਨ
ਸਰਕਾਰੀ ਹਾਈ ਸਕੂਲ ਰਾਏਪੁਰ ਨੇ ਪ੍ਰਾਪਤ ਕੀਤਾ ਦੇਸ਼ ਦਾ ਸਰਵੋਤਮ ਸਨਮਾਨ
Publish Date: Tue, 16 Jun 2026 05:12 PM (IST)
Updated Date: Tue, 16 Jun 2026 05:12 PM (IST)

ਹਰਿਆਵਲੀ ਵਿਦਿਆਲਿਆ ਮੁਲਾਂਕਣ 2025-26 ਤਹਿਤ ਰਾਸ਼ਟਰੀ ਜੇਤੂ ਇਨਾਮ ਚ ਪ੍ਰਾਪਤ ਕੀਤੀ ਥਾਂ ਦਿਨੇਸ਼ ਹੱਲਣ,ਪੰਜਾਬੀ ਜਾਗਰਣ, ਨੂਰਪੁਰਬੇਦੀ : ਸਰਕਾਰੀ ਹਾਈ ਸਕੂਲ ਰਾਏਪੁਰ, ਸਿੱਖਿਆ ਬਲਾਕ ਤਖ਼ਤਗੜ੍ਹ ਨੇ ਇਕ ਵਾਰ ਫਿਰ ਰਾਸ਼ਟਰੀ ਪੱਧਰ ’ਤੇ ਪੰਜਾਬ ਦਾ ਨਾਮ ਰੌਸ਼ਨ ਕਰਦਿਆਂ ਸਫ਼ਾਈ ਅਤੇ ਹਰਿਆਵਲੀ ਵਿਦਿਆਲਿਆ ਮੁਲਾਂਕਣ 2025-26 ਤਹਿਤ ਰਾਸ਼ਟਰੀ ਜੇਤੂ ਦਾ ਵੱਕਾਰੀ ਸਨਮਾਨ ਆਪਣੇ ਨਾਮ ਕਰ ਲਿਆ ਹੈ। ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ 15 ਜੂਨ ਨੂੰ ਐਲਾਨੇ ਗਏ ਨਤੀਜਿਆਂ ਵਿੱਚ ਸਕੂਲ ਦੀ ਇਸ ਸ਼ਾਨਦਾਰ ਪ੍ਰਾਪਤੀ ਨੇ ਜ਼ਿਲ੍ਹਾ ਰੂਪਨਗਰ ਅਤੇ ਪੰਜਾਬ ਨੂੰ ਮਾਣ ਮਹਿਸੂਸ ਕਰਵਾਇਆ ਹੈ। ਸਿੱਖਿਆ ਮੰਤਰਾਲੇ ਵੱਲੋਂ ਸਾਲ 2025 ਵਿੱਚ ਸ਼ੁਰੂ ਕੀਤੀ ਗਈ ਇਸ ਯੋਜਨਾ ਦਾ ਮਕਸਦ ਸਕੂਲਾਂ ਵਿੱਚ ਸਫ਼ਾਈ, ਹਰਿਆਵਲੀ, ਵਾਤਾਵਰਨ ਸੰਭਾਲ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਇਸ ਤਹਿਤ ਦੇਸ਼ ਭਰ ਦੇ ਸਕੂਲਾਂ ਦਾ ਮੁਲਾਂਕਣ ਸੁਰੱਖਿਅਤ ਪੀਣਯੋਗ ਪਾਣੀ, ਸਾਫ਼-ਸੁਥਰੇ ਟਾਇਲਟ, ਹੱਥ ਧੋਣ ਦੀਆਂ ਸੁਵਿਧਾਵਾਂ, ਕੂੜਾ ਪ੍ਰਬੰਧਨ, ਪਾਣੀ ਅਤੇ ਊਰਜਾ ਦੀ ਬੱਚਤ, ਜੈਵ ਵਿਭਿੰਨਤਾ ਦੀ ਸੰਭਾਲ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਵਰਗੇ ਕਰੀਬ 60 ਮਾਪਦੰਡਾਂ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਜ਼ਿਲ੍ਹਾ, ਸੂਬਾ ਅਤੇ ਰਾਸ਼ਟਰੀ ਪੱਧਰ ’ਤੇ ਤਿੰਨ ਪੜਾਵਾਂ ਵਿੱਚ ਹੋਣ ਵਾਲੀ ਸਖ਼ਤ ਜਾਂਚ ਤੋਂ ਬਾਅਦ ਹੀ ਜੇਤੂਆਂ ਦੀ ਚੋਣ ਕੀਤੀ ਜਾਂਦੀ ਹੈ। ਇਸ ਸਾਲ ਦੇਸ਼ ਭਰ ਵਿੱਚੋਂ 191 ਸਕੂਲਾਂ ਨੂੰ ਰਾਸ਼ਟਰੀ ਪੱਧਰ ’ਤੇ ਮਾਨਤਾ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਪੰਜਾਬ ਦੇ ਸਿਰਫ਼ 8 ਸਕੂਲ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕੇਵਲ 3 ਸਰਕਾਰੀ ਸਕੂਲ ਹਨ ਅਤੇ ਸਰਕਾਰੀ ਹਾਈ ਸਕੂਲ ਰਾਏਪੁਰ ਉਨ੍ਹਾਂ ਵਿੱਚੋਂ ਇੱਕ ਹੈ। ਖ਼ਾਸ ਗੱਲ ਇਹ ਹੈ ਕਿ ਜ਼ਿਲ੍ਹਾ ਰੂਪਨਗਰ ਦਾ ਇਹ ਇਕਲੌਤਾ ਸਕੂਲ ਹੈ, ਜਿਸ ਨੇ ਇਹ ਮਾਣਮੱਤਾ ਸਨਮਾਨ ਹਾਸਲ ਕੀਤਾ ਹੈ। ਸਕੂਲ ਨੂੰ ਇਹ ਸਨਮਾਨ ਸਫ਼ਾਈ, ਹਰਿਆਵਲੀ, ਪਾਣੀ ਅਤੇ ਊਰਜਾ ਦੀ ਸੰਭਾਲ, ਕੂੜਾ ਪ੍ਰਬੰਧਨ, ਜੈਵ ਵਿਭਿੰਨਤਾ ਦੀ ਰੱਖਿਆ ਅਤੇ ਵਿਦਿਆਰਥੀਆਂ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕੀਤੇ ਗਏ ਨਵੀਨ ਅਤੇ ਪ੍ਰਭਾਵਸ਼ਾਲੀ ਕਾਰਜਾਂ ਲਈ ਦਿੱਤਾ ਗਿਆ ਹੈ। ਇਸ ਤਾਜ਼ਾ ਉਪਲਬਧੀ ਨਾਲ ਸਰਕਾਰੀ ਹਾਈ ਸਕੂਲ ਰਾਏਪੁਰ ਹੁਣ ਤੱਕ ਕਰੀਬ 10 ਰਾਸ਼ਟਰੀ ਸਨਮਾਨ ਆਪਣੇ ਨਾਮ ਕਰ ਚੁੱਕਾ ਹੈ, ਜੋ ਜ਼ਿਲ੍ਹੇ ਅਤੇ ਸੂਬੇ ਲਈ ਮਾਣ ਵਾਲੀ ਗੱਲ ਹੈ। ਇਸ ਇਤਿਹਾਸਕ ਸਫਲਤਾ ਦਾ ਸਿਹਰਾ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਸੀਮਾ ਦੇਵੀ ਦੀ ਯੋਗ ਅਗਵਾਈ, ਪ੍ਰੋਜੈਕਟ ਇੰਚਾਰਜ ਅਤੇ ਵਿਗਿਆਨ ਅਧਿਆਪਕ ਸ੍ਰੀ ਜਗਜੀਤ ਸਿੰਘ ਦੀ ਅਣਥੱਕ ਮਿਹਨਤ ਅਤੇ ਸਮੂਹ ਸਕੂਲ ਸਟਾਫ਼ ਦੇ ਸਾਂਝੇ ਯਤਨਾਂ ਨੂੰ ਜਾਂਦਾ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ, ਮਾਪਿਆਂ, ਸਕੂਲ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨੇ ਵੀ ਇਸ ਉਪਲਬਧੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀਆਂ ਅਤੇ ਸਿੱਖਿਆ ਜਗਤ ਨਾਲ ਜੁੜੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਸਕੂਲ ਨੂੰ ਵਧਾਈ ਦਿੰਦਿਆਂ ਇਸ ਪ੍ਰਾਪਤੀ ਨੂੰ ਰੂਪਨਗਰ ਅਤੇ ਪੰਜਾਬ ਲਈ ਮਾਣ ਵਾਲਾ ਪਲ ਕਰਾਰ ਦਿੱਤਾ। ਸਕੂਲ ਦੀ ਇਸ ਕਾਮਯਾਬੀ ਨੂੰ ਸਰਕਾਰੀ ਸਕੂਲਾਂ ਲਈ ਇੱਕ ਪ੍ਰੇਰਣਾਦਾਇਕ ਮਿਸਾਲ ਵਜੋਂ ਦੇਖਿਆ ਜਾ ਰਿਹਾ ਹੈ।