ਹੁਣੇ ਹੀ ਘਬਰਾ ਗਈ ਸੁੱਖੂ ਸਰਕਾਰ, ਅਸਲ ਟੈਕਸ ਲੱਗਣਾ ਅਜੇ ਬਾਕੀ ਹੈ : ਗੌਰਵ ਰਾਣਾ
ਸਰਬੱਤ ਦਾ ਭਲਾ ਟੈਕਸ ਤੋਂ ਹੀ ਘਬਰਾ ਗਈ ਸੁੱਖੂ ਸਰਕਾਰ
Publish Date: Thu, 04 Jun 2026 05:43 PM (IST)
Updated Date: Fri, 05 Jun 2026 03:33 PM (IST)

ਜਮੀਨੀ ਹਕੀਕਤ ਤੋਂ ਦੂਰ ਹਵਾ ਵਿੱਚ ਸਰਕਾਰ ਚਲਾ ਰਹੇ ਹਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਹਿਮਾਚਲ ਐਂਟਰੀ ਟੈਕਸ ਵਿਰੋਧੀ ਮੁਹਿੰਮ ਦੀ ਅਗਵਾਈ ਕਰ ਰਹੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਹਿਮਾਚਲ ਸਰਕਾਰ ਜਮੀਨੀ ਹਕੀਕਤ ਤੋਂ ਪੂਰੀ ਤਰ੍ਹਾਂ ਕੱਟ ਚੁੱਕੀ ਹੈ ਅਤੇ ਹਵਾ ਵਿੱਚ ਸਰਕਾਰ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਸਰਕਾਰ ਨੂੰ ਆਪਣੇ ਸੂਬੇ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਅਹਿਸਾਸ ਹੈ ਅਤੇ ਨਾ ਹੀ ਹਿਮਾਚਲ ਐਂਟਰੀ ਟੈਕਸ ਖ਼ਿਲਾਫ਼ ਤਿੰਨ ਮਹੀਨਿਆਂ ਤੋਂ ਚੱਲ ਰਹੇ ਜਨ ਅੰਦੋਲਨ ਦੀ ਸਮਝ ਹੈ। ਰਾਣਾ ਨੇ ਕਿਹਾ ਕਿ ਕੀਰਤਪੁਰ ਸਾਹਿਬ-ਮਨਾਲੀ ਨੈਸ਼ਨਲ ਹਾਈਵੇ ਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਚਲਾਈ ਗਈ ਸਰਬੱਤ ਦਾ ਭਲਾ ਟੈਕਸ ਮੁਹਿੰਮ ਨੇ ਹਿਮਾਚਲ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ। ਉਸ ਪੂਰੀ ਮੁਹਿੰਮ ਦੌਰਾਨ ਨਿਹੰਗ ਸਿੰਘਾਂ ਨੇ ਕਿਸੇ ਤੋਂ ਵੀ ਕੋਈ ਜਬਰੀ ਟੈਕਸ ਨਹੀਂ ਵਸੂਲਿਆ ਬਲਕਿ ਹਰ ਸਟੇਟ ਦੀ ਆਉਣ ਵਾਲੀ ਗੱਡੀ ਤੋਂ ਸਿਰਫ ਚੰਦ ਮਿੰਟਾਂ ਲਈ ਸਵੈ ਇੱਛੁਕ ਸਰਬੱਤ ਦਾ ਭਲਾ ਦਾਨ ਦੇਣ ਲਈ ਪ੍ਰੇਰਿਆ ਸੀ। ਜਿਹੜੇ ਮੁੱਖ ਮੰਤਰੀ ਅਤੇ ਮੰਤਰੀ ਪਿਛਲੇ ਕਈ ਮਹੀਨਿਆਂ ਤੋਂ ਲੋਕਾਂ ਦੀ ਆਵਾਜ਼ ਸੁਣਨ ਲਈ ਤਿਆਰ ਨਹੀਂ ਸਨ, ਉਹ ਹੁਣ ਇਸ ਮੁਹਿੰਮ ਤੋਂ ਬਾਅਦ ਲਗਾਤਾਰ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਹਿਮਾਚਲ ਸਰਕਾਰ ਦੀਆਂ ਗਲਤ ਨੀਤੀਆਂ ਤੇ ਸਿੱਧੀ ਚੋਟ ਕਰਨਾ ਅਤੇ ਸਰਕਾਰ ਨੂੰ ਲੋਕਾਂ ਦੇ ਗੁੱਸੇ ਦਾ ਅਹਿਸਾਸ ਕਰਵਾਉਣਾ ਸੀ, ਜਿਸ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਪੂਰੀ ਤਰ੍ਹਾਂ ਕਾਮਯਾਬ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਪੰਜਾਬ ਦੇ ਲੋਕ ਅਤੇ ਵੱਖ-ਵੱਖ ਜਥੇਬੰਦੀਆਂ ਹਿਮਾਚਲ ਸਰਕਾਰ ਦੇ ਐਂਟਰੀ ਟੈਕਸ ਦਾ ਵਿਰੋਧ ਕਰ ਰਹੀਆਂ ਹਨ, ਪਰ ਸਰਕਾਰ ਦੇ ਮੰਤਰੀ ਕਦੇ ਲੋਕਾਂ ਨੂੰ ਅਦਾਲਤਾਂ ਦਾ ਰਾਹ ਦਿਖਾਉਂਦੇ ਰਹੇ ਅਤੇ ਕਦੇ ਹੋਰ ਬੇਤੁਕੇ ਬਿਆਨ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟਦੇ ਰਹੇ। ਹੁਣ ਜਦੋਂ ਨਿਹੰਗ ਸਿੰਘ ਜਥੇਬੰਦੀਆਂ ਨੇ ਮੈਦਾਨ ਵਿੱਚ ਉਤਰ ਕੇ ਸਰਕਾਰ ਨੂੰ ਸਿੱਧਾ ਸੰਦੇਸ਼ ਦਿੱਤਾ ਹੈ ਤਾਂ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀਆਂ ਦੀ ਘਬਰਾਹਟ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਗੌਰਵ ਰਾਣਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਮੁੱਖ ਮੰਤਰੀ ਮਹੀਨਿਆਂ ਤੋਂ ਲੋਕਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਸਨ, ਉਹ ਹੁਣ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤਾਂ ਕਰਨ ਲਈ ਦੌੜੇ ਫਿਰ ਰਹੇ ਹਨ। ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਨਿਹੰਗ ਸਿੰਘਾਂ ਦੀ ਮੁਹਿੰਮ ਨੇ ਹਿਮਾਚਲ ਸਰਕਾਰ ਦੇ ਦਾਅਵਿਆਂ ਦੀ ਹਵਾ ਕੱਢ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸੰਘਰਸ਼ ਦੇ ਦਿਨਾਂ ਵਿੱਚ ਹਿਮਾਚਲ ਸਰਕਾਰ ਅਤੇ ਕੇਂਦਰ ਸਰਕਾਰ ਦੋਵਾਂ ਖ਼ਿਲਾਫ਼ ਰੋਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਰਾਣਾ ਨੇ ਕਿਹਾ ਕਿ ਹਿਮਾਚਲ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀਆਂ ਦੀ ਤਸੱਲੀ ਲਈ ਜਿੱਥੇ ਹਿਮਾਚਲ ਦੇ ਮੁੱਖ ਮੰਤਰੀ ਦੇ ਪੁਤਲੇ ਸਾੜੇ ਜਾਣਗੇ, ਉੱਥੇ ਕੇਂਦਰ ਸਰਕਾਰ ਦੇ ਪੁਤਲੇ ਵੀ ਫੂਕੇ ਜਾਣਗੇ, ਕਿਉਂਕਿ ਰਾਸ਼ਟਰੀ ਰਾਜਮਾਰਗਾਂ ਦੇ ਮਾਮਲੇ ਵਿੱਚ ਸੰਬੰਧਤ ਅਥਾਰਟੀਆਂ ਹੁਣ ਤੱਕ ਕੋਈ ਪ੍ਰਭਾਵਸ਼ਾਲੀ ਕਾਰਵਾਈ ਕਰਨ ਵਿੱਚ ਅਸਫਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੰਭਵ ਹੈ ਕਿ ਇਨ੍ਹਾਂ ਪੁਤਲਾ ਸਾੜ ਪ੍ਰਦਰਸ਼ਨਾਂ ਤੋਂ ਬਾਅਦ ਹਿਮਾਚਲ ਸਰਕਾਰ ਦੇ ਮੰਤਰੀਆਂ ਦੇ ਭੁਲੇਖੇ ਵੀ ਦੂਰ ਹੋ ਜਾਣ। ਰਾਣਾ ਨੇ ਇਹ ਵੀ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਵੇਖਦਿਆਂ ਉਨ੍ਹਾਂ ਨੂੰ ਸ਼ੱਕ ਪੈਦਾ ਹੋ ਰਿਹਾ ਹੈ ਕਿ ਕਿਤੇ ਹਿਮਾਚਲ ਦੀ ਕਾਂਗਰਸ ਸਰਕਾਰ ਅਤੇ ਹੋਰ ਸਬੰਧਤ ਸਰਕਾਰਾਂ ਵਿਚਕਾਰ ਇਸ ਮੁੱਦੇ ਨੂੰ ਲੈ ਕੇ ਕੋਈ ਅਣਐਲਾਨਿਆ ਤਾਲਮੇਲ ਜਾਂ ਸਮਝ ਤਾਂ ਨਹੀਂ ਬਣੀ ਹੋਈ, ਕਿਉਂਕਿ ਰੈਸੀਪਰੋਕਲ ਟੈਕਸ ਦੇ ਮਾਮਲੇ ਵਿੱਚ ਹੋ ਰਹੀ ਦੇਰੀ ਕਈ ਸਵਾਲ ਖੜ੍ਹੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਇਸ ਮਾਮਲੇ ਵਿੱਚ ਸਪੱਸ਼ਟ ਅਤੇ ਠੋਸ ਕਾਰਵਾਈ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁੱਖੂ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਲੋਕਾਂ ਦੇ ਧੀਰਜ ਦੀ ਵੀ ਇੱਕ ਹੱਦ ਹੁੰਦੀ ਹੈ। ਅਜੇ ਤਾਂ ਤੁਸੀਂ ਨਿਹੰਗ ਸਿੰਘ ਜਥੇਬੰਦੀਆਂ ਦੇ ਡੈਮੋ ਤੋਂ ਹੀ ਘਬਰਾ ਗਏ ਹੋ, ਅਜੇ ਤਾਂ ਅਸਲ ਟੈਕਸ ਲੱਗਣਾ ਬਾਕੀ ਹੈ। ਤੁਹਾਡੀਆਂ ਗਲਤ ਅਤੇ ਭੇਦਭਾਵਪੂਰਨ ਨੀਤੀਆਂ ਕਾਰਨ ਰੈਸੀਪਰੋਕਲ ਟੈਕਸ ਦਾ ਮੁੱਦਾ ਰੁਕਣ ਵਾਲਾ ਨਹੀਂ। ਹੁਣ ਸਮਾਂ ਤੈਅ ਕਰੇਗਾ ਕਿ ਇਹ ਕਦਮ ਮੌਜੂਦਾ ਪੰਜਾਬ ਸਰਕਾਰ ਚੁੱਕਦੀ ਹੈ ਜਾਂ ਫਿਰ ਪੰਜਾਬ ਦੇ ਲੋਕ ਅਜਿਹੀ ਸਰਕਾਰ ਚੁਣਦੇ ਹਨ ਜੋ ਟਿਟ ਫੋਰ ਟੈਟ ਦਾ ਅਸਲ ਅਰਥ ਕਾਨੂੰਨ ਦੇ ਰੂਪ ਵਿੱਚ ਲਾਗੂ ਕਰਕੇ ਹਿਮਾਚਲ ਸਰਕਾਰ ਨੂੰ ਜਵਾਬ ਦੇਵੇਗੀ।