ਰੇਲਵੇ ਸਟੇਸ਼ਨ ਕੋਲ ਅਣਪਛਾਤੇ ਵਿਅਕਤੀ ਦੀ ਮੌਤ
ਅਨੰਦਪੁਰ ਸਾਹਿਬ ਨੇੜੇ ਰੇਲਵੇ ਸਟੇਸ਼ਨ ਕੋਲ ਨਾਮਾਲੂਮ ਵਿਅਕਤੀ ਦੀ ਮੌਤ
Publish Date: Fri, 03 Apr 2026 04:33 PM (IST)
Updated Date: Fri, 03 Apr 2026 04:37 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ: ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਦੇ ਨੇੜੇ ਬਿਮਾਰੀ ਦੀ ਹਾਲਤ ਵਿਚ ਮਿਲੇ ਕਰੀਬ 60 ਸਾਲਾ ਨਾਮਾਲੂਮ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀਆਰਪੀ ਅਨੰਦਪੁਰ ਸਾਹਿਬ ਦੇ ਏਐਸਆਈ ਜਗਜੀਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਬਿਮਾਰੀ ਦੀ ਗੰਭੀਰ ਹਾਲਤ ਵਿਚ 108 ਐਮਬੂਲੈਂਸ ਰਾਹੀਂ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਡਾਕਟਰਾਂ ਵੱਲੋਂ ਇਤਲਾਹ ਮਿਲਣ ਤੇ ਪੁਲਿਸ ਟੀਮ ਹਸਪਤਾਲ ਪਹੁੰਚੀ ਅਤੇ ਬਿਮਾਰ ਵਿਅਕਤੀ ਦੇ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਗਈ, ਪਰ ਡਾਕਟਰਾਂ ਨੇ ਉਸਨੂੰ ਬਿਆਨ ਦੇਣ ਲਈ ਅਨਫਿਟ ਕਰਾਰ ਦੇ ਦਿੱਤਾ। ਬਾਅਦ ਵਿਚ ਸ਼ਾਮ ਸਮੇਂ ਉਸ ਦੀ ਮੌਤ ਹੋ ਗਈ। ਉਨ੍ਹਾਂ ਹੋਰ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਨਹੀਂ ਹੋ ਸਕੀ ਹੈ, ਜਿਸ ਕਾਰਨ ਲਾਸ਼ ਨੂੰ ਮੋਰਚਰੀ ਵਿਚ ਰੱਖਵਾਇਆ ਗਿਆ ਹੈ। 72 ਘੰਟਿਆਂ ਤੱਕ ਪਹਿਚਾਣ ਨਾ ਹੋਣ ਦੀ ਸੂਰਤ ਵਿਚ ਪੋਸਟਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। ਪੁਲਿਸ ਮੁਤਾਬਕ ਮ੍ਰਿਤਕ ਦੀ ਉਮਰ ਕਰੀਬ 60 ਸਾਲ ਹੈ, ਰੰਗ ਸਾਵਲਾ, ਚਿਹਰਾ ਲੰਬੂਤਰਾ ਅਤੇ ਨੱਕ ਤਿੱਖਾ ਹੈ। ਉਸਦੇ ਵਾਲ ਸਫੇਦ ਹਨ ਅਤੇ ਕਲੀਨ ਸ਼ੇਵ ਹੈ। ਸੱਜੀ ਬਾਂਹ ਦੀ ਕਲਾਈ ਤੇ ਸੁਰਮੇ ਨਾਲ ਬਣਿਆ ਸ਼ੇਰ ਦਾ ਟੈਟੂ ਹੈ। ਕੱਦ ਕਰੀਬ ਪੰਜ ਫੁੱਟ ਛੇ ਇੰਚ ਹੈ। ਮ੍ਰਿਤਕ ਨੇ ਚੈੱਕਦਾਰ ਗਰੇ ਰੰਗ ਦੀ ਕਮੀਜ਼ ਅਤੇ ਕਾਲਾ ਲੋਅਰ ਪਾਇਆ ਹੋਇਆ ਸੀ।