ਹਿਮਾਚਲ ਦੇ ਪ੍ਰਵੇਸ਼ ਦੁਆਰ ਗਰਾਂ ਐਂਟਰੀ ’ਤੇ ਲੱਗਿਆ ਭਾਰੀ ਜਾਮ
ਹਿਮਾਚਲ ਪ੍ਰਦੇਸ਼ ਦੇ ਪ੍ਰਵੇਸ਼ ਦੁਆਰ ਗਰਾਂ ਐਂਟਰੀ ’ਤੇ ਲੱਗਿਆ ਭਾਰੀ ਜਾਮ
Publish Date: Thu, 02 Apr 2026 06:25 PM (IST)
Updated Date: Thu, 02 Apr 2026 06:28 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ 205 ਤੇ ਹਿਮਾਚਲ ਪ੍ਰਦੇਸ਼ ਪੰਜਾਬ ਸਰਹੱਦ ’ਤੇ ਗਰਾਂ ਐਂਟਰੀ ਟੈਕਸ ’ਤੇ ਸਵੇਰ ਤੋਂ ਹੀ ਵੱਡਾ ਜਾਮ ਲੱਗਿਆ ਹੋਇਆ ਹੈ। ਜਿੱਥੇ ਕਰੀਬ ਦੋ ਕਿਲੋਮੀਟਰ ਲੰਮੀਆ ਲਾਈਨਾਂ ਲੱਗੀਆਂ ਹੋਈਆਂ ਸਨ। ਟੋਲ ਕਰਮਚਾਰੀਆਂ ਨਾਲ ਟਰੱਕ ਡਰਾਈਵਰ ਬਹਿਸ ਕਰਦੇ ਹੋਏ ਨਜ਼ਰ ਆਏ। ਕਾਬਲੇ ਗੌਰ ਹੈ ਕੀ ਇਕ ਅਪ੍ਰੈਲ ਨੂੰ ਗਰਾਂ ਮੋੜਾ ਟੋਲ ਪਲਾਜਾ ਵਿਖੇ ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀ ਬੰਦਿਆਂ ਵੱਲੋਂ ਸਰਹੱਦੀ ਇਲਾਕੇ ਦੇ ਲੋਕਾਂ ਨਾਲ ਹਿਮਾਚਲ ਪ੍ਰਦੇਸ਼ ਨੂੰ ਜੋੜਦੇ ਐਂਟਰੀ ਪੁਆਇੰਟਾਂ ਉੱਤੇ ਆਵਾਜਾਈ ਬੰਦ ਕੀਤੀ ਗਈ ਸੀ। ਹਿਮਾਚਲ ਪ੍ਰਦੇਸ਼ ਦੇ ਸਾਰੇ ਰਸਤੇ ਬੰਦ ਕੀਤੇ ਗਏ ਸਨ ਕਰੀਬ ਪੰਜ ਘੰਟੇ ਆਵਾਜਾਈ ਬੰਦ ਕਰਨ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਧਰਨਾਕਾਰੀਆਂ ਦੀ ਗੱਲ ਹਿਮਾਚਲ ਪ੍ਰਦੇਸ਼ ਸਰਕਾਰ ਤੱਕ ਪਹੁੰਚਾਈ ਅਤੇ ਪ੍ਰਸ਼ਾਸਨ ਵੱਲੋਂ ਇਸ ਮਸਲੇ ਦੇ ਹੱਲ ਲਈ 10 ਦਿਨ ਦਾ ਸਮਾਂ ਮੰਗਿਆ ਗਿਆ ਸੀ। ਧਰਨਾਕਾਰੀਆਂ ਵੱਲੋਂ ਪ੍ਰਸ਼ਾਸਨ ਦੀ ਸਹਿਮਤੀ ਨਾਲ ਧਰਨਾ ਚੁੱਕਿਆ ਸੀ। ਇਸ ਮਸਲੇ ਵਿਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਬਿਆਨ ਦਿੱਤਾ ਸੀ ਕਿ ਪਿਛਲੇ ਰੇਟਾਂ ਨਾਲ ਹੀ ਐਂਟਰੀ ਪੁਆਇੰਟਾਂ ’ਤੇ ਪਰਚੀ ਕੱਟੀ ਜਾਵੇਗੀ, ਪਰ ਅੱਜ ਜਦੋਂ ਵਧੇ ਹੋਏ ਰੇਟਾਂ ਨਾਲ ਪਰਚੀ ਕੱਟੀ ਗਈ ਤਾਂ ਡਰਾਈਵਰਾਂ ਵੱਲੋਂ ਚੱਕਾ ਜਾਮ ਕੀਤਾ ਗਿਆ ਅਤੇ ਕਿਹਾ ਗਿਆ ਕਿ 10 ਦਿਨ ਤੱਕ ਪੁਰਾਣੇ ਰੇਟਾਂ ਨਾਲ ਹੀ ਐਂਟਰੀ ਪਰਚੀ ਕੱਟੀ ਜਾਵੇ। ਇਸ ਦੌਰਾਨ ਸੜਕਾਂ ਤੇ ਜਾਮ ਲੱਗ ਗਿਆ ਅਤੇ ਸੈਲਾਨੀ ਕਈ ਕਈ ਘੰਟੇ ਜਾਮ ਵਿਚ ਫਸੇ ਰਹੇ। ਟਰੱਕ ਚਾਲਕਾਂ ਦਾ ਇਲਜ਼ਾਮ ਸੀ ਕਿ ਜਦੋਂ ਤੱਕ ਇਹ ਮਸਲੇ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਪੁਰਾਣੇ ਰੇਟਾਂ ਤੇ ਹੀ ਟੈਕਸ ਕੱਟੇ ਜਾਣ, ਪਰ ਟੋਲ ਤੇ ਕੰਮ ਕਰ ਰਹੇ ਕਰਮਚਾਰੀਆਂ ਦਾ ਕਹਿਣਾ ਸੀ ਕਿ 31 ਮਾਰਚ ਤੋਂ ਬਾਅਦ ਟੋਲ ਸਾਫਟਵੇਅਰ ਵਿਚ ਨਵੇਂ ਰੇਟ ਆ ਗਏ ਹਨ ਅਤੇ ਉਹ ਚਾਹ ਕੇ ਵੀ ਘੱਟ ਰੇਟ ਦੀ ਪਰਚੀ ਨਹੀਂ ਕਰ ਸਕਦੇ। ਇਸ ਦੌਰਾਨ ਇਕੱਠੇ ਹੋਏ ਟਰੱਕ ਡਰਾਈਵਰਾਂ ਵੱਲੋਂ ਹਿਮਾਚਲ ਪ੍ਰਦੇਸ਼ ਦੀ ਸੁੱਖੂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਟਰੱਕ ਡਰਾਈਵਰਾਂ ਦਾ ਦੋਸ਼ ਹੈ ਕਿ ਟੋਲ ਕਰਮਚਾਰੀ ਧੱਕੇ ਨਾਲ ਪਰਚੀ ਕੱਟ ਰਹੇ ਹਨ ਅਤੇ ਗੁੰਡਾਗਰਦੀ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਟੋਲ ਕਰਮਚਾਰੀਆਂ ਦੇ ਨਾ ਤਾਂ ਵਰਦੀ ਪਾਈ ਹੋਈ ਹੈ ਨਾ ਹੀ ਇਹਨਾਂ ਪਾਸ ਆਈ,ਡੀ ਕਾਰਡ ਹੈ। ਟਰੱਕ ਡਰਾਈਵਰਾਂ ਦਾ ਦੋਸ਼ ਹੈ ਕੀ ਇਹ ਐਂਟਰੀ ਟੈਕਸ ਨਜਾਇਜ ਤੌਰ ’ਤੇ ਲਿਆ ਜਾ ਰਿਹਾ ਹੈ, ਜਦੋਂ ਹੀ ਨੈਸ਼ਨਲ ਹਾਈਵੇ ਤੇ ਸੂਬਾ ਸਰਕਾਰ ਐਂਟਰੀ ਟੈਕਸ ਨਹੀਂ ਲੈ ਸਕਦੀ। ਮੌਕੇ ’ਤੇ ਇਕੱਤਰ ਹੋਏ ਡਰਾਈਵਰਾਂ ਵਿਚ ਜਿਆਦਾਤਰ ਪੰਜਾਬ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਦੇ ਟਰੱਕ ਡਰਾਈਵਰ ਮੌਜੂਦ ਸਨ ਜੋ ਆਪਣੀ ਹੀ ਸਰਕਾਰ ਤੋਂ ਤੰਗ ਦਿਖਾਈ ਦੇ ਰਹੇ ਸਨ। ਇਸ ਦੌਰਾਨ ਮੌਕੇ ’ਤੇ ਸਵਾਰ ਘਾਟ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਸੀ ਅਤੇ ਜਾਮ ਖੁਲਵਾਉਣ ਲਈ ਜਦੋਂ ਜਾਹਿਰ ਕਰਦਾ ਨਜ਼ਰ ਆਇਆ।