6 ਕਰੋੜ ਨਾਲ ਦੋ ਪੁਲਾਂ ਦਾ ਨਿਰਮਾਣ ਕਰਵਾਇਆ ਸ਼ੁਰੂ
ਕਾਰ ਸੇਵਾ ਕਿਲ੍ਹਾਂ ਅਨੰਦਗੜ੍ਹ ਸਾਹਿਬ ਵੱਲੋਂ ਵਿਕਾਸ ਦੀ ਨਵੀਂ ਮਿਸਾਲ 6 ਕਰੋੜ ਦੀ ਲਾਗਤ ਨਾਲ ਦੋ ਪੁਲਾਂ ਦਾ ਨਿਰਮਾਣ ਕਰਵਾਇਆ ਸ਼ੁਰੂ
Publish Date: Thu, 02 Apr 2026 06:19 PM (IST)
Updated Date: Thu, 02 Apr 2026 06:22 PM (IST)

ਕਾਰ ਸੇਵਾ ਤਹਿਤ ਪੰਜਾਬ ਤੇ ਹਿਮਾਚਲ ’ਚ ਨੌਂ ਵੱਡੇ-ਛੋਟੇ ਪੁਲ ਤਿਆਰ ਕੀਤੇ ਜਾ ਚੁੱਕੇ ਹਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨੂਰਪੁਰ ਬੇਦੀ : ਨੂਰਪੁਰ ਬੇਦੀ/ ਕਾਰ ਸੇਵਾ ਕਿਲ੍ਹਾਂ ਅਨੰਦਗੜ੍ਹ ਸਾਹਿਬ ਦੇ ਮੁੱਖੀ ਸੰਤ ਬਾਬਾ ਸਤਨਾਮ ਸਿੰਘ ਜੀ ਦੀ ਅਗਵਾਈ ਹੇਠ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਰੋਪੜ ਦੀ ਸਰਹੱਦ ‘ਤੇ ਲਗਭਗ 6 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਦੋ ਪੁਲਾਂ ਦੇ ਨਿਰਮਾਣ ਕਾਰਜ ਦਾ ਸ਼ੁਭ ਆਰੰਭ ਕਰ ਦਿੱਤਾ ਗਿਆ ਹੈ। ਇਸ ਮਹੱਤਵਪੂਰਨ ਪ੍ਰੋਜੈਕਟ ਨਾਲ ਇਲਾਕੇ ਦੀ ਆਵਾਜਾਈ ਸੁਵਿਧਾਵਾਂ ਵਿਚ ਵੱਡਾ ਸੁਧਾਰ ਆਵੇਗਾ। ਸੰਤ ਬਾਬਾ ਸਤਨਾਮ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰ ਸੇਵਾ ਤਹਿਤ ਹੁਣ ਤੱਕ ਪੰਜਾਬ ਅਤੇ ਹਿਮਾਚਲ ਵਿਚ ਸੰਗਤਾਂ ਦੀ ਸਹੂਲਤ ਲਈ ਨੌਂ ਵੱਡੇ-ਛੋਟੇ ਪੁਲ ਤਿਆਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਸ ਇਲਾਕੇ ਨੂੰ ਪਹਿਲਾਂ ਜੰਗਲ ਅਤੇ ਭੀੜ ਵਾਲਾ ਖੇਤਰ ਮੰਨਿਆ ਜਾਂਦਾ ਸੀ, ਅਕਾਲ ਪੁਰਖ ਦੀ ਕਿਰਪਾ ਨਾਲ ਉਹ ਹੁਣ ਵਿਕਾਸ ਦੀ ਰਾਹ ‘ਤੇ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਹੋਰ ਦੱਸਿਆ ਕਿ ਲਗਭਗ 100 ਕਰੋੜ ਰੁਪਏ ਦੀ ਲਾਗਤ ਨਾਲ 10 ਕਿਲੋਮੀਟਰ ਲੰਬੀ ਇਕ ਆਧੁਨਿਕ ਸੜਕ ਦਾ ਨਿਰਮਾਣ ਵੀ ਜਾਰੀ ਹੈ, ਜੋ ਪੂਰੇ ਦੇਸ਼ ਵਿੱਚ ਉੱਤਮ ਦਰਜੇ ਦੀ ਮਿਸਾਲ ਬਣੇਗੀ। ਇਸ ਸੜਕ ਦੇ ਨਾਲ ਪੁਰਾਤਨ ਦਰੱਖਤਾਂ ਦੀ ਸੰਭਾਲ, ਫਲਦਾਰ ਅਤੇ ਫੁੱਲਦਾਰ ਬੂਟਿਆਂ ਦੀ ਰੋਪਾਈ, ਪਸ਼ੂ-ਪੰਛੀਆਂ ਲਈ ਤਲਾਬ ਅਤੇ ਯਾਤਰੀਆਂ ਲਈ ਬੈਠਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸਦੇ ਨਾਲ ਹੀ ਗੁਰਬਾਣੀ ਸਰਵਣ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ। ਇਸ ਮਾਰਗ ‘ਤੇ ਸਥਿਤ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਦਾ ਨਵੀਨੀਕਰਨ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਸਿੰਗਲਾ ਕੰਸਟ੍ਰਕਸ਼ਨ ਕੰਪਨੀ ਦੇ ਏ ਜੀ ਐਮ ਸੁਰਿੰਦਰ ਸਿੰਘ ਸਿੰਗਲਾ ਨੇ ਦੱਸਿਆ ਕਿ ਪੁਲਾਂ ਦਾ ਨਿਰਮਾਣ ਬਹੁਤ ਹੀ ਸਟੀਕ ਯੋਜਨਾ ਅਧੀਨ ਉਸੇ ਮਿਆਰ ਨਾਲ ਕੀਤਾ ਜਾ ਰਿਹਾ ਹੈ ਜਿਵੇਂ ਸਰਕਾਰੀ ਪ੍ਰੋਜੈਕਟ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੋ ਮਹੀਨਿਆਂ ਦੇ ਅੰਦਰ ਪਹਿਲੇ ਪੁਲ ਦਾ ਕੰਮ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਬਾਅਦ ਨਾਲ ਲੱਗਦੇ ਖਸਤਾਹਾਲ ਪੁਲ ਨੂੰ ਹਟਾ ਕੇ ਉਸ ਦੀ ਥਾਂ ਤਿੰਨ ਹੋਰ ਪਾਏ ਬਣਾਕੇ ਕੁੱਲ ਛੇ ਪਾਏ ਵਾਲਾ ਡਬਲ ਲੇਨ ਪੁਲ ਤਿਆਰ ਕੀਤਾ ਜਾਵੇਗਾ, ਜੋ ਭਵਿੱਖ ਵਿਚ ਸੈਂਕੜਿਆਂ ਸਾਲਾਂ ਤੱਕ ਲੋੜਾਂ ਨੂੰ ਪੂਰਾ ਕਰਨ ਸਮਰੱਥ ਹੋਵੇਗਾ। ਇਸ ਸਮਾਗਮ ਦੌਰਾਨ ਸੰਤ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਵਾਲੇ, ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਹੀਰਾ ਸਿੰਘ, ਚਾਚਾ ਮਨਜਿੰਦਰ ਸਿੰਘ ਅਟਵਾਲ, ਸਤਨਾਮ ਸਿੰਘ ਗੜਸ਼ੰਕਰ, ਬਾਬਾ ਸਤਨਾਮ ਸਿੰਘ ਮੁਨਸ਼ੀ, ਬਾਬਾ ਸਾਹਿਬ ਸਿੰਘ, ਸਿਮਰਨ ਸਿੰਘ, ਸਾਹਿਬ ਸਿੰਘ, ਬਾਬਾ ਬੰਨਸਾ ਸਿੰਘ, ਡਾ. ਸੰਜੀਵ ਕੁਮਾਰ, ਹਰਪਾਲ ਸਿੰਘ ਪਾਲੀ, ਹਰਪ੍ਰੀਤ ਸਿੰਘ ਕਾਲਾ ਸਮੇਤ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਅਤੇ ਸੰਗਤਾਂ ਮੌਜੂਦ ਸਨ।