ਸਿਲੰਡਰ ਸੰਕਟ ਨੇ ਕਰਵਾਈ ਸੜਕ ਜਾਮ

ਸਵੇਰ ਤੋਂ ਹੀ ਲੋਕ ਲਾਈਨਾਂ ’ਚ ਲੱਗ ਕੇ ਸਿਲੰਡਰਾਂ ਦਾ ਕਰਦੇ ਹਨ ਇੰਤਜ਼ਾਰ
ਦਿਨੇਸ਼ ਹੱਲਣ, ਪੰਜਾਬੀ ਜਾਗਰਣ,
ਨੂਰਪੁਰਬੇਦੀ : ਇਲਾਕੇ ਵਿਚ ਗੈਸ ਸਿਲੰਡਰਾਂ ਦੀ ਭਾਰੀ ਕਮੀ ਨੇ ਅੱਜ ਸੜਕਾਂ ’ਤੇ ਗੁੱਸੇ ਦੀ ਅੱਗ ਭੜਕਾ ਦਿੱਤੀ। ਗੈਸ ਨਾ ਮਿਲਣ ਕਾਰਨ ਤੰਗ ਆਏ ਉਪਭੋਗਤਾਵਾਂ ਨੇ ਸਥਾਨਕ ਸ਼ਹੀਦ ਗੋਪਾਲ ਗੈਸ ਏਜੰਸੀ ਦੇ ਬਾਹਰ ਖਾਲੀ ਸਿਲੰਡਰ ਰੱਖ ਕੇ ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ਨੂੰ ਜਾਮ ਕਰ ਦਿੱਤਾ। ਅਚਾਨਕ ਲੱਗੇ ਇਸ ਜਾਮ ਨਾਲ ਸੜਕ ਦੇ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਆਮ ਜਨਤਾ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਵੇਰੇ ਤੋਂ ਹੀ ਗੈਸ ਸਿਲੰਡਰ ਦੀ ਉਮੀਦ ’ਚ ਲਾਈਨਾਂ ’ਚ ਖੜ੍ਹੇ ਲੋਕਾਂ ਦਾ ਸਬਰ ਉਸ ਵੇਲੇ ਟੁੱਟ ਗਿਆ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਅੱਜ ਵੀ ਸਿਲੰਡਰਾਂ ਦੀ ਗੱਡੀ ਨਹੀਂ ਆਈ। ਲੋਕਾਂ ਨੇ ਦੋਸ਼ ਲਾਇਆ ਕਿ ਇਹ ਹਾਲਤ ਹੁਣ ਰੋਜ਼ਾਨਾ ਦੀ ਬਣ ਚੁੱਕੀ ਹੈ, ਜਿੱਥੇ ਸਵੇਰੇ ਤੋਂ ਖੜ੍ਹੇ ਰਹਿਣ ਦੇ ਬਾਵਜੂਦ ਹੱਥ ਖਾਲੀ ਹੀ ਰਹਿ ਜਾਂਦੇ ਹਨ। ਇਹ ਵੀ ਧਿਆਨਯੋਗ ਹੈ ਕਿ ਇਲਾਕੇ ਵਿਚ ਕਰੀਬ 35 ਹਜ਼ਾਰ ਤੋਂ ਵੱਧ ਖਪਤਕਾਰ ਸਿਰਫ਼ ਦੋ ਗੈਸ ਏਜੰਸੀਆਂ ’ਤੇ ਨਿਰਭਰ ਹਨ, ਜਦਕਿ ਰੋਜ਼ਾਨਾ ਕੇਵਲ 300 ਤੋਂ 360 ਸਿਲੰਡਰ ਹੀ ਸਪਲਾਈ ਕੀਤੇ ਜਾਂਦੇ ਹਨ। ਇਸ ਘੱਟ ਸਪਲਾਈ ਕਾਰਨ ਹਰ ਰੋਜ਼ ਸੈਂਕੜਿਆਂ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਜਾਣਾ ਪੈਂਦਾ ਹੈ। ਅੱਜ ਵੀ ਕੁਝ ਇਸੇ ਤਰ੍ਹਾਂ ਦਾ ਮਾਹੌਲ ਬਣਿਆ, ਜਿਸ ਨੇ ਲੋਕਾਂ ਨੂੰ ਸੜਕਾਂ ’ਤੇ ਉਤਰਣ ਲਈ ਮਜਬੂਰ ਕਰ ਦਿੱਤਾ।
ਬਾਕਸ ਇੰਨ
ਦੋਵੇਂ ਏਜੰਸੀਆਂ ’ਚ ਕੰਪਨੀ ਵੱਲੋਂ ਸਪਲਾਈ ਗਾਇਬ
ਜਾਣਕਾਰੀ ਮੁਤਾਬਕ ਸ਼ਹੀਦ ਗੋਪਾਲ ਗੈਸ ਏਜੰਸੀ ਨੂੰ ਅੱਜ ਕੋਈ ਵੀ ਸਪਲਾਈ ਨਹੀਂ ਮਿਲੀ, ਜਦਕਿ ਜੈ ਹਿੰਦ ਗੈਸ ਏਜੰਸੀ ਨੂੰ ਦੂਜੇ ਦਿਨ ਵੀ ਸਿਲੰਡਰ ਨਹੀਂ ਮਿਲੇ। ਏਜੰਸੀ ਪ੍ਰਬੰਧਕਾਂ ਨੇ ਆਪਣੇ ਹੱਥ ਖੜ੍ਹੇ ਕਰਦੇ ਹੋਏ ਸਾਰਾ ਦੋਸ਼ ਕੰਪਨੀ ’ਤੇ ਧਰ ਦਿੱਤਾ। ਮੈਨੇਜਰ ਜਗਤਾਰ ਸਿੰਘ ਨੇ ਦੱਸਿਆ ਕਿ ਬੁਕਿੰਗ ਦੇ ਬਾਵਜੂਦ ਸਪਲਾਈ ਨਹੀਂ ਪਹੁੰਚੀ, ਜਦਕਿ ਜੈ ਹਿੰਦ ਏਜੰਸੀ ਦੀ ਮੈਨੇਜਰ ਰੀਟਾ ਦੇ ਮੁਤਾਬਕ 26 ਮਾਰਚ ਤੋਂ ਬਾਅਦ ਕੋਈ ਨਵੀਂ ਸਪਲਾਈ ਨਹੀਂ ਆਈ। ਉਨ੍ਹਾਂ ਕਿਹਾ ਕਿ ਸ਼ਾਮ ਤੱਕ ਸਪਲਾਈ ਆਉਣ ਦੀ ਉਮੀਦ ਹੈ, ਜਿਸ ਤੋਂ ਬਾਅਦ 29 ਮਾਰਚ ਨੂੰ ਵੰਡ ਕੀਤੀ ਜਾ ਸਕਦੀ ਹੈ। ਪਰ ਲੋਕਾਂ ਵਿਚ ਇਹ ਭਰੋਸਾ ਹੁਣ ਘਟਦਾ ਜਾ ਰਿਹਾ ਹੈ, ਕਿਉਂਕਿ ਹਰ ਵਾਰ ਸਿਰਫ਼ “ਉਮੀਦਾਂ” ਹੀ ਮਿਲਦੀਆਂ ਹਨ, ਸਿਲੰਡਰ ਨਹੀਂ।
ਬਾਕਸ ਇੰਨ
ਪੁਲਿਸ ਨੇ ਸੰਭਾਲਿਆ ਮੋਰਚਾ, ਪ੍ਰਸ਼ਾਸਨ ਦੀ ਚੁੱਪੀ ’ਤੇ ਸਵਾਲ:
ਜਾਮ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਏਜੰਸੀ ਪ੍ਰਬੰਧਕਾਂ ਨਾਲ ਮਿਲ ਕੇ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਕਰੀਬ ਅੱਧੇ ਘੰਟੇ ਦੀ ਮਿਹਨਤ ਤੋਂ ਬਾਅਦ ਜਾਮ ਖੋਲ੍ਹਿਆ ਗਿਆ ਅਤੇ ਟ੍ਰੈਫਿਕ ਮੁੜ ਚਾਲੂ ਹੋ ਸਕੀ। ਪਰ ਸਵਾਲ ਇਹ ਹੈ ਕਿ ਆਖਿਰਕਾਰ ਇਹ ਹਾਲਤ ਬਣੀ ਕਿਉਂ?ਲੋਕਾਂ ਨੇ ਸਿੱਧਾ ਪ੍ਰਸ਼ਾਸਨ ’ਤੇ ਉੰਗਲ ਚੁੱਕਦੇ ਹੋਏ ਕਿਹਾ ਕਿ ਜੇਕਰ ਸਪਲਾਈ ਪ੍ਰਣਾਲੀ ਠੀਕ ਹੁੰਦੀ ਤਾਂ ਉਨ੍ਹਾਂ ਨੂੰ ਸੜਕਾਂ ’ਤੇ ਨਹੀਂ ਆਉਣਾ ਪੈਂਦਾ।
ਬਾਕਸ ਇੰਨ
ਕਾਲਾਬਾਜ਼ਾਰੀ ਦੇ ਦੋਸ਼ ਪਾਰਦਰਸ਼ਤਾ ਦੀ ਮੰਗ ਤੇਜ਼:
ਇਸ ਮੌਕੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਗੈਸ ਸਿਲੰਡਰਾਂ ਦੀ ਵੰਡ ਵਿਚ ਪਾਰਦਰਸ਼ਤਾ ਦੀ ਘਾਟ ਹੈ, ਜਿਸ ਕਾਰਨ ਕਾਲਾਬਾਜ਼ਾਰੀ ਦੇ ਦੋਸ਼ ਵੀ ਉੱਠ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਹਰ ਰੋਜ਼ ਸਿਲੰਡਰ ਲੈਣ ਵਾਲਿਆਂ ਦੀ ਲਿਸਟ ਏਜੰਸੀ ਦੇ ਬਾਹਰ ਲਗਾਈ ਜਾਵੇ, ਤਾਂ ਜੋ ਆਮ ਲੋਕਾਂ ਨੂੰ ਸਪਸ਼ਟਤਾ ਮਿਲ ਸਕੇ ਅਤੇ ਉਹਨਾਂ ਨੂੰ ਰੋਜ਼ਾਨਾ ਲਾਈਨਾਂ ’ਚ ਖੜ੍ਹ ਕੇ ਸਮਾਂ ਖਰਾਬ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਐੱਸ.ਡੀ.ਐੱਮ. ਸ਼੍ਰੀ ਅਨੰਦਪੁਰ ਸਾਹਿਬ ਦੇ ਧਿਆਨ ’ਚ ਵੀ ਲਿਆਂਦਾ ਗਿਆ ਹੈ, ਜਿਨ੍ਹਾਂ ਵੱਲੋਂ ਜਲਦੀ ਹੱਲ ਦਾ ਭਰੋਸਾ ਦਿੱਤਾ ਗਿਆ ਹੈ। ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਭਰੋਸਿਆਂ ਨਹੀਂ, ਹਕੀਕਤੀ ਕਾਰਵਾਈ ਦੀ ਲੋੜ ਹੈ।