4 ਮਹੀਨੇ ਬਾਅਦ ਜਾਗਿਆ ਵਿਭਾਗ, ਪਾਣੀ ਦੀ ਲੀਕੇਜ ਠੀਕ
ਖਬਰ ਦਾ ਅਸਰ4 ਮਹੀਨੇ ਬਾਅਦ ਜਾਗਿਆ ਵਿਭਾਗ: ਨੂਰਪੁਰਬੇਦੀ-ਰੂਪਨਗਰ ਰੋਡ ’ਤੇ ਪਾਣੀ ਦੀ ਲੀਕੇਜ ਆਖਿਰ ਠੀਕ
Publish Date: Thu, 26 Mar 2026 05:51 PM (IST)
Updated Date: Thu, 26 Mar 2026 05:53 PM (IST)

ਖਬਰ ਦਾ ਅਸਰ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ: ਲਗਭਗ ਚਾਰ ਮਹੀਨਿਆਂ ਤੋਂ ਨੂਰਪੁਰਬੇਦੀ ਰੂਪਨਗਰ ਮੁੱਖ ਮਾਰਗ ’ਤੇ ਜਾਰੀ ਪਾਈਪ ਲੀਕੇਜ ਮਾਮਲੇ ਵਿਚ ਆਖਿਰਕਾਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਦਖ਼ਲ ਦਿੰਦੇ ਹੋਏ ਮੁਰੰਮਤ ਕੰਮ ਪੂਰਾ ਕਰ ਦਿੱਤਾ। ਇਹ ਲੀਕੇਜ ਬੁੰਗਾ ਸਾਹਿਬ ਮਾਰਗ ਨੇੜੇ ਅੰਡਰਗ੍ਰਾਊਂਡ ਡਿਸਟ੍ਰੀਬਿਊਸ਼ਨ ਲਾਈਨ ਦੇ ਜੋਇੰਟ ਫੇਲ੍ਹ ਹੋਣ ਕਾਰਨ ਬਣੀ ਰਹੀ, ਜਿਸ ਨਾਲ ਲਗਾਤਾਰ ਪ੍ਰੈਸ਼ਰ ਲੌਸ ਅਤੇ ਪਾਣੀ ਦੀ ਵੱਡੀ ਮਾਤਰਾ ਵਿਚ ਬਰਬਾਦੀ ਹੋ ਰਹੀ ਸੀ। ਜਿਸ ਸਬੰਧੀ ਬੀਤੇ ਦਿਨੀ ਪੰਜਾਬੀ ਜਾਗਰਨ ਵੱਲੋਂ ਇਹ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ ਸੀ। ਹਾਲਾਂਕਿ ਇਹ ਮਾਰਗ ਵਿਭਾਗੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਰੋਜ਼ਾਨਾ ਆਵਾਜਾਈ ਵਿਚ ਸ਼ਾਮਲ ਹੈ, ਫਿਰ ਵੀ ਮੈਦਾਨੀ ਪੱਧਰ ’ਤੇ ਕੋਈ ਤਕਨੀਕੀ ਜਾਂਚ ਜਾਂ ਤੁਰੰਤ ਰਿਪੇਅਰ ਕਾਰਵਾਈ ਨਹੀਂ ਕੀਤੀ ਗਈ। ਇਸ ਦੌਰਾਨ ਲੀਕੇਜ ਕਰਕੇ ਸੜਕ ਦੀ ਸਬ-ਬੇਸ ਲੇਅਰ ਕਮਜ਼ੋਰ ਹੋਣ ਲੱਗੀ, ਜਿਸ ਨਾਲ ਪਹਿਲਾਂ ਤੋਂ ਠੱਪ ਪਏ ਸੜਕ ਨਿਰਮਾਣ ਕੰਮ ’ਤੇ ਵੀ ਅਸਰ ਪਿਆ। ਲੋਕ ਨਿਰਮਾਣ ਵਿਭਾਗ ਵੱਲੋਂ ਵੀ ਇਸ ਤਕਨੀਕੀ ਖਾਮੀ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਮਾਮਲਾ ਜਦੋਂ ਐਸ.ਡੀ.ਓ. ਮੈਡਮ ਭਾਵਨਾ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਸਬੰਧਤ ਜੂਨੀਅਰ ਇੰਜੀਨੀਅਰ (ਜੇ.ਈ.) ਤੋਂ ਸਪਸ਼ਟੀਕਰਨ ਮੰਗਿਆ, ਪਰ ਜੇ.ਈ. ਵੱਲੋਂ ਲੀਕੇਜ ਬਾਰੇ ਅਣਜਾਣ ਹੋਣ ਦੀ ਗੱਲ ਕਹੀ ਗਈ। ਦੂਜੇ ਪਾਸੇ ਲੋਕ ਨਿਰਮਾਣ ਵਿਭਾਗ ਦੇ ਜੇ.ਈ. ਗੁਰਦਿਆਲ ਸਿੰਘ ਨੇ ਦਾਅਵਾ ਕੀਤਾ ਕਿ ਉਹ ਕਈ ਵਾਰ ਇਸ ਮਸਲੇ ਬਾਰੇ ਜਲ ਸਪਲਾਈ ਵਿਭਾਗ ਨੂੰ ਸੂਚਿਤ ਕਰ ਚੁੱਕੇ ਹਨ।ਵਿਭਾਗ ਵੱਲੋਂ ਸ਼ੁਰੂ ਵਿਚ ਇਸਨੂੰ ਨਿੱਜੀ ਕਨੈਕਸ਼ਨ ਦੀ ਤਕਨੀਕੀ ਖ਼ਰਾਬੀ ਦੱਸ ਕੇ ਕੇਵਲ ਨੋਟਿਸ ਜਾਰੀ ਕਰਕੇ ਰਸਮੀ ਕਾਰਵਾਈ ਕਰ ਦਿੱਤੀ ਗਈ, ਪਰ ਨਾ ਹੀ ਮੁਰੰਮਤ ਹੋਈ ਅਤੇ ਨਾ ਹੀ ਪਾਣੀ ਦੀ ਬਰਬਾਦੀ ਰੁਕੀ। ਇਸ ਨਾਲ ਸਪਸ਼ਟ ਹੈ ਕਿ ਮੈਦਾਨੀ ਨਿਗਰਾਨੀ ਅਤੇ ਰਿਸਪਾਂਸ ਮਕੈਨਿਜ਼ਮ ਵਿਚ ਗੰਭੀਰ ਖਾਮੀਆਂ ਮੌਜੂਦ ਹਨ। ਅਖੀਰਕਾਰ ਜਦੋਂ ਇਹ ਮਾਮਲਾ ਐਕਸੀਅਨ ਹਰਜੀਤ ਪਾਲ ਸਿੰਘ ਤੱਕ ਪਹੁੰਚਿਆ ਤਾਂ ਉਨ੍ਹਾਂ ਨੇ ਸਪਸ਼ਟ ਹੁਕਮ ਜਾਰੀ ਕੀਤੇ ਕਿ ਜੇ ਉਪਭੋਗਤਾ ਆਪਣੀ ਲਾਈਨ ਠੀਕ ਨਹੀਂ ਕਰਦਾ ਤਾਂ ਵਿਭਾਗ ਖੁਦ ਮੁਰੰਮਤ ਕਰਕੇ ਲਾਗਤ ਦੀ ਵਸੂਲੀ ਕਰੇਗਾ। ਉਨ੍ਹਾਂ ਦੇ ਹੁਕਮਾਂ ਤੋਂ ਬਾਅਦ ਹੀ ਮੈਦਾਨੀ ਟੀਮ ਨੇ ਲੀਕੇਜ ਪੁਆਇੰਟ ਨੂੰ ਆਇਸੋਲੇਟ ਕਰਕੇ ਜੋਇੰਟ ਰਿਪੇਅਰ ਅਤੇ ਲਾਈਨ ਸਟੇਬਿਲਾਈਜ਼ੇਸ਼ਨ ਦਾ ਕੰਮ ਪੂਰਾ ਕੀਤਾ। ਲੀਕੇਜ ਬੰਦ ਹੋਣ ਨਾਲ ਇਲਾਕੇ ਦੇ ਦੁਕਾਨਦਾਰਾਂ ਅਤੇ ਰਿਹਾਇਸ਼ੀਆਂ ਨੂੰ ਰਾਹਤ ਮਿਲੀ ਹੈ, ਪਰ ਸਵਾਲ ਇਹ ਖੜ੍ਹਦਾ ਹੈ ਕਿ ਇੱਕ ਮੁੱਖ ਸੜਕ ’ਤੇ ਚੱਲ ਰਹੀ ਲਗਾਤਾਰ ਲੀਕੇਜ ਨੂੰ ਠੀਕ ਕਰਨ ਲਈ ਚਾਰ ਮਹੀਨੇ ਕਿਉਂ ਲੱਗੇ? ਵਿਭਾਗ ਦੀ ਇਸ ਲਾਪਰਵਾਹੀ ਨਾਲ “ਪਾਣੀ ਬਚਾਓ” ਜਿਹੀਆਂ ਮੁਹਿੰਮਾਂ ਦੀ ਗੰਭੀਰਤਾ ’ਤੇ ਵੀ ਸਵਾਲ ਚਿੰਨ੍ਹ ਲੱਗਦਾ ਹੈ।