ਵਿਧਾਇਕ ਨੇ ਸੜਕ ਬਣਾਉਣ ਦੇ ਕੰਮ ਦੀ ਕਰਵਾਈ ਆਰੰਭਤਾ
ਵਿਧਾਇਕ ਚੱਢਾ ਨੇ ਆਪਣੇ ਜੱਦੀ ਪਿੰਡ ਬੜਵਾ ਤੋਂ ਮੁੰਨੇ ਲਿੰਕ ਸੜਕ ਤੱਕ ਸੜਕ ਬਣਾਉਣ ਦੇ ਕੰਮ ਦੀ ਕਰਵਾਈ ਆਰੰਭਤਾ
Publish Date: Tue, 24 Feb 2026 04:47 PM (IST)
Updated Date: Tue, 24 Feb 2026 04:49 PM (IST)

ਪਵਨ ਕੁਮਾਰ, ਪੰਜਾਬੀ ਜਾਗਰਣ ਨੂਰਪੁਰਬੇਦੀ : ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਆਪਣੇ ਜੱਦੀ ਪਿੰਡ ਬੜਵਾ ਦੇ ਸਰਕਾਰੀ ਹਾਈ ਸਕੂਲ ਤੋਂ ਪਿੰਡ ਮੁੰਨੇ ਤੱਕ ਜਾਣ ਵਾਲੀ ਮਹੱਤਵਪੂਰਨ ਲਿੰਕ ਸੜਕ ਦੇ ਨਵੀਨੀਕਰਨ ਅਤੇ ਚੌੜਾਈਕਰਨ ਪ੍ਰੋਜੈਕਟ ਦੀ ਵਿਧੀਵਤ ਆਰੰਭਤਾ ਕਰਵਾਈ। ਇਸ ਮੌਕੇ ਨੀਂਹ ਪੱਥਰ ਦੀ ਘੁੰਡ ਚੁਕਾਈ ਦੌਰਾਨ ਵਿਧਾਇਕ ਨੇ ਦੱਸਿਆ ਕਿ ਇਹ ਸੜਕ ਖੇਤਰ ਦੀ ਆਵਾਜਾਈ ਲਈ ਅਹਿਮ ਕੜੀ ਹੈ ਅਤੇ ਲੰਮੇ ਸਮੇਂ ਤੋਂ ਇਸ ਦੇ ਅੱਪਗ੍ਰੇਡ ਦੀ ਮੰਗ ਚੱਲ ਰਹੀ ਸੀ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲਾਂ ਇਹ ਸੜਕ ਕੇਵਲ 10 ਫੁੱਟ ਚੌੜੀ ਸੀ, ਜਿਸ ਕਾਰਨ ਵੱਡੇ ਵਾਹਨਾਂ ਦੀ ਆਵਾਜਾਈ ਅਤੇ ਦੋਹੀਂ ਪਾਸਿਆਂ ਤੋਂ ਟ੍ਰੈਫਿਕ ਗੁਜ਼ਾਰਾ ਕਰਨਾ ਮੁਸ਼ਕਿਲ ਸੀ। ਹੁਣ ਇਸ ਨੂੰ ਤਕਨੀਕੀ ਮਿਆਰਾਂ ਅਨੁਸਾਰ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ। ਪ੍ਰੋਜੈਕਟ ਹੇਠਾਂ ਸੜਕ ਦੀ ਸਬ-ਬੇਸ ਅਤੇ ਬੇਸ ਲੇਅਰ ਨੂੰ ਮਜ਼ਬੂਤ ਬਣਾਇਆ ਜਾਵੇਗਾ, ਉੱਚ ਗੁਣਵੱਤਾ ਵਾਲੀ ਬਿਟੂਮਿਨਸ ਮੈਕਡਮ ਅਤੇ ਪ੍ਰੀਮਿਕਸ ਕਾਰਪੇਟ ਨਾਲ ਪੱਕੀ ਤਹਿ ਬਣਾਈ ਜਾਵੇਗੀ, ਨਾਲ ਹੀ ਦੋਹੀਂ ਪਾਸਿਆਂ ਨਿਕਾਸੀ ਪ੍ਰਣਾਲੀ (ਡਰੇਨੇਜ) ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਬਰਸਾਤੀ ਪਾਣੀ ਕਾਰਨ ਸੜਕ ਨੂੰ ਨੁਕਸਾਨ ਨਾ ਪਹੁੰਚੇ। ਉਨ੍ਹਾਂ ਕਿਹਾ ਕਿ ਲਗਭਗ 2.72 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਇਹ ਪ੍ਰੋਜੈਕਟ ਗੁਣਵੱਤਾ ਨਿਯੰਤਰਣ ਮਾਪਦੰਡਾਂ ਅਧੀਨ ਤਹਿ ਸਮੇਂ ਅੰਦਰ ਪੂਰਾ ਕੀਤਾ ਜਾਵੇਗਾ। ਸੜਕ ਦੇ ਦੋਹੀਂ ਪਾਸਿਆਂ ਸ਼ੋਲਡਰਾਂ ਦੀ ਮਜ਼ਬੂਤੀ, ਲੋੜ ਅਨੁਸਾਰ ਸੁਰੱਖਿਆ ਚਿੰਨ੍ਹ (ਰੋਡ ਸਾਈਨੇਜ) ਅਤੇ ਮਾਰਕਿੰਗ ਵੀ ਕੀਤੀ ਜਾਵੇਗੀ, ਜਿਸ ਨਾਲ ਹਾਦਸਿਆਂ ਵਿਚ ਕਮੀ ਆਵੇਗੀ ਅਤੇ ਯਾਤਰਾ ਸੁਗਮ ਹੋਵੇਗੀ। ਵਿਧਾਇਕ ਚੱਢਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਲਕਾ ਰੂਪਨਗਰ ਵਿਚ ਸੜਕ ਢਾਂਚੇ ਦੇ ਮਜ਼ਬੂਤੀਕਰਨ, ਪਿੰਡਾਂ ਵਿਚ ਗਲੀਆਂ-ਨਾਲੀਆਂ ਦੇ ਨਿਰਮਾਣ, ਪੀਣਯੋਗ ਪਾਣੀ ਸਕੀਮਾਂ ਅਤੇ ਸਿੱਖਿਆ ਸੰਸਥਾਵਾਂ ਦੇ ਸੁਧਾਰ ਲਈ ਕਈ ਵਿਕਾਸ ਪ੍ਰੋਜੈਕਟ ਜਾਰੀ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਜਾਰੀ ਫੰਡਾਂ ਦਾ ਪੂਰਾ ਪਾਰਦਰਸ਼ੀ ਢੰਗ ਨਾਲ ਉਪਯੋਗ ਕੀਤਾ ਜਾ ਰਿਹਾ ਹੈ ਅਤੇ ਖੇਤਰ ਨੂੰ ਮਾਡਲ ਹਲਕੇ ਵਜੋਂ ਵਿਕਸਤ ਕਰਨ ਲਈ ਵਚਨਬੱਧਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੜਕ ਮੁਕੰਮਲ ਹੋਣ ਉਪਰੰਤ ਬੜਵਾ ਅਤੇ ਮੁੰਨੇ ਸਮੇਤ ਆਸ-ਪਾਸ ਦੇ ਪਿੰਡਾਂ ਦੇ ਵਸਨੀਕਾਂ ਨੂੰ ਆਵਾਜਾਈ ਵਿਚ ਵੱਡੀ ਰਾਹਤ ਮਿਲੇਗੀ ਅਤੇ ਖੇਤੀਬਾੜੀ ਅਤੇ ਵਪਾਰਕ ਗਤੀਵਿਧੀਆਂ ਨੂੰ ਵੀ ਮਜ਼ਬੂਤੀ ਪ੍ਰਾਪਤ ਹੋਵੇਗੀ। ਇਸ ਮੌਕੇ ਦੇਸ ਰਾਜ ਸੈਣੀ ਮੈਂਬਰ ਜ਼ਿਲ੍ਹਾ ਪਰਿਸ਼ਦ , ਪਰਮਿੰਦਰ ਸਿੰਘ ਬਾਲਾ ਮੈਂਬਰ ਜ਼ਿਲ੍ਹਾ ਪਰਿਸ਼ਦ ਸਰਪੰਚ ਅਵਤਾਰ ਸਿੰਘ ਕੂੰਨਰ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ, ਬਲਾਕ ਸਮਤੀ ਮੈਂਬਰ ਸਤਨਾਮ ਸਿੰਘ ਨਾਗਰਾ, ਸਾਬਕਾ ਚੇਅਰਮੈਨ ਰਾਮ ਪ੍ਰਸਾਦ ਪਾਲੀ, ਡਾਇਰੈਕਟਰ ਜਸਵੀਰ ਸਿੰਘ , ਗੁਰਨੈਬ ਸਿੰਘ ਘੁੰਮਾਣ, ਸੁਰਿੰਦਰ ਸਿੰਘ ਕੰਗ, ਨਸੀਬ ਸਿੰਘ, ਕੁਲਦੀਪ ਸਿੰਘ ਮਾਣਕ, ਮੋਨੂ ਸੈਣੀ, ਰਾਜ ਕੁਮਾਰ ਗੁਰਪ੍ਰੀਤ ਸਿੰਘ, ਸਾਬਕਾ ਸਰਪੰਚ ਹਰਦਿਆਲ ਸਿੰਘ, ਪੰਚ ਅਵਤਾਰ ਸਿੰਘ, ਡਾ ਦੇਵ ਰਾਜ , ਬਾਬੂ ਕਰਮ ਚੰਦ ਆਦਿ ਹਾਜ਼ਰ ਸਨ।