ਲਗਾਤਾਰ ਬਿਜਲੀ ਕੱਟਾਂ ਤੋਂ ਸ਼ਹਿਰ ਵਾਸੀ ਹੋਏ ਪਰੇਸ਼ਾਨ
ਲਗਾਤਾਰ ਬਿਜਲੀ ਕੱਟਾਂ ਤੋਂ ਸ਼ਹਿਰ ਵਾਸੀ ਹੋਏ ਪਰੇਸ਼ਾਨ
Publish Date: Mon, 23 Feb 2026 05:38 PM (IST)
Updated Date: Mon, 23 Feb 2026 05:40 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਪਿਛਲੇ ਲੰਮੇ ਸਮੇਂ ਤੋਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਚ ਰੋਜ਼ਾਨਾ ਬਿਜਲੀ ਦੇ ਲੰਬੇ ਕੱਟ ਲੱਗ ਰਹੇ ਹਨ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਸਮਾਂ ਸੀ ਜਦੋਂ ਇਸ ਪਵਿੱਤਰ ਨਗਰੀ ਵਿਚ 24 ਘੰਟੇ ਲਗਾਤਾਰ ਬਿਜਲੀ ਸਪਲਾਈ ਹੁੰਦੀ ਸੀ ਅਤੇ ਕੱਟਾਂ ਦੀ ਸਮੱਸਿਆ ਲਗਭਗ ਨਾ ਮਾਤਰ ਸੀ, ਪਰ ਹੁਣ ਮੁਰੰਮਤ ਦੇ ਨਾਮ ਹੇਠ ਲਗਾਤਾਰ ਘੰਟਿਆਂ ਦੇ ਕੱਟ ਲੱਗਣ ਕਾਰਨ ਲੋਕਾਂ ਦੀ ਰੋਜ਼ਮਰਰਾ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ। ਲਗਾਤਾਰ ਬਿਜਲੀ ਰਹਿਣ ਕਰਕੇ ਪਹਿਲਾਂ ਇੱਥੇ ਘੱਟ ਹੀ ਘਰਾਂ ਵਿਚ ਇਨਵਰਟਰ ਜਾਂ ਜਨਰੇਟਰ ਲਗੇ ਹੋਏ ਸਨ, ਪਰ ਹੁਣ ਮਜ਼ਬੂਰੀ ਵਸ਼ ਕਈ ਪਰਿਵਾਰ ਬੈਕਅੱਪ ਪ੍ਰਬੰਧ ਕਰਨ ਲਈ ਇਨਵਰਟਰ ਖਰੀਦਣ ਨੂੰ ਮਜਬੂਰ ਹੋ ਰਹੇ ਹਨ। ਵਪਾਰੀਆਂ, ਵਿਦਿਆਰਥੀਆਂ ਅਤੇ ਘਰੇਲੂ ਮਹਿਲਾਵਾਂ ਨੂੰ ਵੀ ਕੰਮਕਾਜ ਦੌਰਾਨ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਬਲਰਾਮ ਪਰਾਸ਼ਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਗੁਰੂ ਨਗਰੀ ਵਿਚ ਹਨੇਰੇ ਦੀ ਸਥਿਤੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਮੁਰੰਮਤ ਦੇ ਨਾਮ ’ਤੇ ਲਗਾਤਾਰ ਕੱਟ ਲਗਾ ਕੇ ਸ਼ਹਿਰ ਵਾਸੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਕ ਅਜੇ ਵੀ ਉਸ ਸਮੇਂ ਨੂੰ ਯਾਦ ਕਰਦੇ ਹਨ ਜਦੋਂ ਅਕਾਲੀ ਭਾਜਪਾ ਸਰਕਾਰ ਦੌਰਾਨ ਸ਼ਹਿਰ ਵਿਚ 24 ਘੰਟੇ ਬਿਜਲੀ ਅਤੇ ਪਾਣੀ ਦੀ ਸਪਲਾਈ ਹੁੰਦੀ ਸੀ। ਉਨ੍ਹਾਂ ਕਿਹਾ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਇੱਥੇ ਆਉਂਦੇ ਹਨ, ਪਰ ਬਿਜਲੀ ਅਤੇ ਪਾਣੀ ਦੀ ਕਟੌਤੀ ਦੇਖ ਕੇ ਉਨ੍ਹਾਂ ਵਿਚ ਵੀ ਨਾਰਾਜ਼ਗੀ ਪਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫਤ ਬਿਜਲੀ ਨਾਲੋਂ ਲੋਕਾਂ ਨੂੰ ਲਗਾਤਾਰ ਅਤੇ ਸੁਚਾਰੂ ਬਿਜਲੀ ਸਪਲਾਈ ਦੀ ਲੋੜ ਹੈ, ਕਿਉਂਕਿ ਬਿੱਲਾਂ ਦਾ ਭੁਗਤਾਨ ਤਾਂ ਖਪਤਕਾਰ ਕਰ ਹੀ ਰਹੇ ਹਨ। ਅੱਜ ਫਿਰ ਰਹੇਗੀ ਬਿਜਲੀ ਬੰਦ 132 ਕੇਵੀ ਸਬ ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਤੋਂ ਚਲਦੇ 11 ਕੇਵੀ ਸ਼ਹਿਰੀ 1 ਅਤੇ ਸ਼ਹਿਰੀ 2 ਫੀਡਰਾਂ ਦੀ ਬਿਜਲੀ ਸਪਲਾਈ ਹੋਲਾ ਮਹੱਲਾ ਦੇ ਮੱਦੇਨਜ਼ਰ ਜਰੂਰੀ ਮੈਂਟੀਨੈਂਸ ਕਾਰਜ ਲਈ 24 ਫਰਵਰੀ ਦਿਨ ਮੰਗਲਵਾਰ ਨੂੰ ਸਵੇਰੇ 9:30 ਵਜੇ ਤੋਂ ਸ਼ਾਮ 5:00 ਵਜੇ ਤੱਕ ਬੰਦ ਰਹੇਗੀ। ਇਸ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਅਤੇ ਲੋਦੀਪੁਰ ਆਦਿ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ। ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਪੀਣ ਵਾਲੇ ਪਾਣੀ ਅਤੇ ਹੋਰ ਜ਼ਰੂਰੀ ਕੰਮਾਂ ਲਈ ਪਹਿਲਾਂ ਹੀ ਪ੍ਰਬੰਧ ਕਰ ਲਏ ਜਾਣ। ਬਿਜਲੀ ਸਪਲਾਈ ਬੰਦ ਕਰਨ ਜਾਂ ਮੁੜ ਚਾਲੂ ਕਰਨ ਦਾ ਸਮਾਂ ਘੱਟ-ਵੱਧ ਹੋ ਸਕਦਾ ਹੈ। ਇਸ ਸਬੰਧੀ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ, ਉਪਮੰਡਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਪ੍ਰੈਸ ਨੂੰ ਦਿੱਤੀ ਗਈ।