ਲਿੰਕ ਮਾਰਗਾਂ ਦੀ ਬੇਹਾਲੀ ਕਾਰਨ ਸੈਂਕੜੇ ਪਿੰਡਾਂ ਦੇ ਲੋਕ ਪਰੇਸ਼ਾਨ
ਨੂਰਪੁਰਬੇਦੀ ਸ਼੍ਰੀ ਅਨੰਦਪੁਰ ਸਾਹਿਬ ਲਿੰਕ ਮਾਰਗਾਂ ਦੀ ਬੇਹਾਲੀ ਕਾਰਨ ਸੈਂਕੜੇ ਪਿੰਡਾਂ ਦੇ ਲੋਕ ਪਰੇਸ਼ਾਨ
Publish Date: Mon, 23 Feb 2026 04:43 PM (IST)
Updated Date: Mon, 23 Feb 2026 04:46 PM (IST)

ਦਿਨੇਸ਼ ਹੱਲਣ , ਪੰਜਾਬੀ ਜਾਗਰਣ ਨੂਰਪੁਰਬੇਦੀ : ਖ਼ਾਲਸੇ ਦੀ ਜਨਮਭੂਮੀ ਸ਼੍ਰੀ ਅਨੰਦਪੁਰ ਸਾਹਿਬ ਨੂੰ ਨੂਰਪੁਰਬੇਦੀ ਖੇਤਰ ਨਾਲ ਜੋੜਨ ਵਾਲੇ ਅਹਿਮ ਲਿੰਕ ਮਾਰਗ ਇਸ ਸਮੇਂ ਬੇਹੱਦ ਖਸਤਾਹਾਲ ਹੋ ਚੁੱਕੇ ਹਨ। ਸੈਂਕੜੇ ਪਿੰਡਾਂ ਦੇ ਵਸਨੀਕ ਅਤੇ ਰੋਜ਼ਾਨਾ ਆਵਾਜਾਈ ਕਰਨ ਵਾਲੇ ਲੋਕ ਲੰਮੇ ਸਮੇਂ ਤੋਂ ਇਨ੍ਹਾਂ ਟੁੱਟੀਆਂ ਸੜਕਾਂ ਕਾਰਨ ਸੰਘਰਸ਼ਮਈ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ। ਸਾਲ 2023 ਦੀ ਭਿਆਨਕ ਬਾਰਸ਼ਾਂ ਅਤੇ ਹੜ੍ਹਾਂ ਤੋਂ ਬਾਅਦ ਸੜਕਾਂ ਦੀ ਮੁਰੰਮਤ ਵੱਲ ਨਾ ਤਾਂ ਸੰਬੰਧਿਤ ਵਿਭਾਗ ਨੇ ਧਿਆਨ ਦਿੱਤਾ ਹੈ ਅਤੇ ਨਾ ਹੀ ਲੋਕ ਨੁਮਾਇੰਦਿਆਂ ਵੱਲੋਂ ਕੋਈ ਢੁਕਵੀਂ ਕਾਰਵਾਈ ਕੀਤੀ ਗਈ ਹੈ। ਨਤੀਜੇ ਵਜੋਂ ਲੋਕ ਹਰ ਰੋਜ਼ ਜਾਨ ਨੂੰ ਜੋਖਮ ’ਚ ਪਾ ਕੇ ਇਨ੍ਹਾਂ ਰਸਤਿਆਂ ਰਾਹੀਂ ਗੁਜ਼ਰ ਰਹੇ ਹਨ। ਖੱਡਿਆਂ ਨਾਲ ਭਰੀਆਂ ਸੜਕਾਂ ਕਾਰਨ ਵਾਹਨਾਂ ਨੂੰ ਨੁਕਸਾਨ ਹੋਣਾ ਆਮ ਗੱਲ ਬਣ ਚੁੱਕੀ ਹੈ ਅਤੇ ਹਾਦਸਿਆਂ ਦਾ ਖ਼ਤਰਾ ਲਗਾਤਾਰ ਬਣਿਆ ਰਹਿੰਦਾ ਹੈ। ਇਲਾਕਾ ਵਾਸੀਆਂ ਵਿਚ ਇਸ ਮਾਮਲੇ ਨੂੰ ਲੈ ਕੇ ਰੋਸ ਦਿਨੋਂ-ਦਿਨ ਤੇਜ਼ ਹੋ ਰਿਹਾ ਹੈ। ਖਾਸ ਤੌਰ ’ਤੇ ਨੂਰਪੁਰਬੇਦੀ ਤੋਂ ਵਾਇਆ ਬਿਲਪੁਰ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲਾ ਮਾਰਗ ਬਹੁਤ ਮਾੜੀ ਹਾਲਤ ਵਿੱਚ ਹੈ। ਭਾਵੇਂ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਕੁਲਵਿੰਦਰ ਸਿੰਘ ਦੀ ਯਾਦ ਵਿਚ ਤਿਆਰ ਕੀਤਾ ਗਿਆ ਲਗਭਗ ਦੋ ਕਿਲੋਮੀਟਰ ਲੰਬਾ ਹਿੱਸਾ ਕੁਝ ਹੱਦ ਤੱਕ ਰਾਹਤ ਦਿੰਦਾ ਹੈ, ਪਰ ਬਾਕੀ ਸੜਕ ਗੰਭੀਰ ਤੌਰ ’ਤੇ ਟੁੱਟ-ਫੁੱਟ ਦਾ ਸ਼ਿਕਾਰ ਹੈ। ਇਸੇ ਤਰ੍ਹਾਂ ਪਿੰਡ ਖੇੜੀ ਤੋਂ ਵਾਇਆ ਚੰਦਪੁਰ ਹੋ ਕੇ ਜਾਣ ਵਾਲਾ ਰਸਤਾ ਵੀ ਕਾਫ਼ੀ ਜ਼ਰਜ਼ਰ ਹੋ ਚੁੱਕਾ ਹੈ। ਇਨ੍ਹਾਂ ਮਾਰਗਾਂ ਰਾਹੀਂ ਨੂਰਪੁਰਬੇਦੀ ਖੇਤਰ ਦੇ ਅਨੇਕਾਂ ਪਿੰਡਾਂ ਦੇ ਲੋਕ ਰੋਜ਼ਾਨਾ ਸਫ਼ਰ ਕਰਦੇ ਹਨ। ਧਾਰਮਿਕ ਯਾਤਰੀ ਵੀ ਇਨ੍ਹਾਂ ਹੀ ਸੜਕਾਂ ਦਾ ਸਹਾਰਾ ਲੈਂਦੇ ਹਨ। ਲੋਕਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਅਤੇ ਕਰੋੜਾਂ ਰੁਪਏ ਦੀਆਂ ਯੋਜਨਾਵਾਂ ਦਾ ਐਲਾਨ ਹੁੰਦਾ ਹੈ, ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟੈਕਸ ਦੇਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਖੱਡਿਆਂ ਨਾਲ ਭਰੀਆਂ ਸੜਕਾਂ ਹੀ ਮਿਲ ਰਹੀਆਂ ਹਨ। ਜ਼ਿਕਰਯੋਗ ਹੈ ਕਿ 27 ਫਰਵਰੀ ਤੋਂ 4 ਮਾਰਚ ਤੱਕ ਮਨਾਇਆ ਜਾਣ ਵਾਲਾ ਪ੍ਰਸਿੱਧ ਤਿਉਹਾਰ ਹੋਲਾ ਮਹੱਲਾ ਹਰ ਸਾਲ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੂੰ ਆਕਰਸ਼ਿਤ ਕਰਦਾ ਹੈ। ਇਸ ਮੌਕੇ ਇਹ ਮਾਰਗ ਬਦਲਵੇਂ ਰੂਟ ਵਜੋਂ ਵੀ ਵਰਤੇ ਜਾਂਦੇ ਹਨ, ਜਿਸ ਕਾਰਨ ਇਨ੍ਹਾਂ ’ਤੇ ਵਾਹਨਾਂ ਦੀ ਆਵਾਜਾਈ ਕਾਫ਼ੀ ਵਧ ਜਾਂਦੀ ਹੈ। ਜੇਕਰ ਸਮੇਂ ਸਿਰ ਮੁਰੰਮਤ ਨਾ ਹੋਈ ਤਾਂ ਸ਼ਰਧਾਲੂਆਂ ਨੂੰ ਭਾਰੀ ਦਿਕ਼ਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਲਾਕੇ ਦੇ ਵਪਾਰੀਆਂ ਨੇ ਵੀ ਚਿੰਤਾ ਜਤਾਈ ਹੈ ਕਿ ਸੜਕਾਂ ਦੀ ਖਰਾਬ ਹਾਲਤ ਕਾਰਨ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਕਈ ਲੋਕ ਨੂਰਪੁਰਬੇਦੀ ਆਉਣ ਦੀ ਬਜਾਏ ਸਿੱਧਾ ਸ਼੍ਰੀ ਅਨੰਦਪੁਰ ਸਾਹਿਬ ਦਾ ਰੁੱਖ ਕਰਦੇ ਹਨ। ਸਕੂਲੀ ਬੱਚਿਆਂ, ਮਰੀਜ਼ਾਂ ਅਤੇ ਦਿਨ-ਰਾਤ ਸਫ਼ਰ ਕਰਨ ਵਾਲੇ ਲੋਕਾਂ ਨੂੰ ਵਧੇਰੇ ਪਰੇਸ਼ਾਨੀ ਝੱਲਣੀ ਪੈਂਦੀ ਹੈ। ਇਲਾਕਾ ਵਾਸੀਆਂ ਨੇ ਸਖ਼ਤ ਸ਼ਬਦਾਂ ਵਿਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਹਿਲ ਦੇ ਅਧਾਰ ’ਤੇ ਸੜਕਾਂ ਦੀ ਮੁਰੰਮਤ ਸ਼ੁਰੂ ਨਾ ਕੀਤੀ ਗਈ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ। ਉਨ੍ਹਾਂ ਦੀ ਮੰਗ ਹੈ ਕਿ ਸੰਬੰਧਿਤ ਵਿਭਾਗ ਅਤੇ ਚੁਣੇ ਹੋਏ ਨੁਮਾਇੰਦੇ ਮੌਕੇ ’ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲੈਣ ਅਤੇ ਐਮਰਜੈਂਸੀ ਅਧਾਰ ’ਤੇ ਮੁਰੰਮਤ ਯਕੀਨੀ ਬਣਾਈ ਜਾਵੇ। ਬਾਕਸ ਇੰਨ: ਕਦੋਂ ਤੱਕ ਟਾਲਿਆ ਜਾਵੇਗਾ ਵਾਅਦਿਆਂ ਨਾਲ ; ਸਸਕੌਰ ਉਕਤ ਸੜਕਾਂ ਦੀ ਮੰਦੀ ਹਾਲਤ ’ਤੇ ਪ੍ਰਤੀਕਿਰਿਆ ਦਿੰਦਿਆਂ ਬਲਾਕ ਕਾਂਗਰਸ ਕਮੇਟੀ ਨੂਰਪੁਰਬੇਦੀ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਸਸਕੌਰ ਨੇ ਕਿਹਾ ਕਿ ਲੰਬੇ ਸਮੇਂ ਤੋਂ ਸੜਕਾਂ ਦੀ ਮੁਰੰਮਤ ਨਾ ਹੋਣਾ ਸਰਕਾਰ ਦੀ ਨਾਕਾਮੀ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਕਿਹਾ ਕਿ ਲੋਕ ਨੁਮਾਇੰਦੇ ਆਖ਼ਿਰ ਕਿੰਨਾ ਸਮਾਂ ਲੋਕਾਂ ਨੂੰ ਕੇਵਲ ਭਰੋਸਿਆਂ ’ਤੇ ਰੱਖਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਅਤੇ ਸੰਬੰਧਿਤ ਵਿਭਾਗ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਸੰਘਰਸ਼ ਲਈ ਮਜਬੂਰ ਕਰਨ ਤੋਂ ਪਹਿਲਾਂ ਹੀ ਪਹਿਲ ਦੇ ਆਧਾਰ ’ਤੇ ਇਨ੍ਹਾਂ ਸੜਕਾਂ ਦੀ ਮੁਰੰਮਤ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ, ਤਾਂ ਜੋ ਆਮ ਰਾਹਗੀਰਾਂ ਅਤੇ ਯਾਤਰੀਆਂ ਨੂੰ ਰਾਹਤ ਮਿਲ ਸਕੇ।